ਅੰਮ੍ਰਿਤਸਰ, (ਨੀਰਜ)- ਅੰਮ੍ਰਿਤਸਰ ਬ੍ਰਿਕਸ ਕਲਿਨ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਮੁਕੇਸ਼ ਨੰਦਾ ਦੀ ਅਗਵਾਈ ’ਚ ਸ਼ਨੀਵਾਰ ਨੂੰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲੇ ਦੇ ਇੱਟ-ਭੱਠਾ ਮਾਲਕਾਂ ਸਮੇਤ ਪੂਰੇ ਰਾਜ ਦੇ ਵੱਖ-ਵੱੱਖ ਜ਼ਿਲਿਅਾਂ ਦੇ ਇੱਟ-ਭੱਠਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਬੈਠਕ ਕੀਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਮੂਹ ਇੱਟ-ਭੱਠਾ ਮਾਲਕ ਪ੍ਰਦੂਸ਼ਣ ਕੰਟਰੋਲ ਵਿਭਾਗ ਤੇ ਪੰਜਾਬ ਸਰਕਾਰ ਦਾ ਸਾਥ ਦੇਣਗੇ। ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਅਕਤੂਬਰ 2018 ਤੋਂ 31 ਜਨਵਰੀ 2019 ਤੱਕ ਰਾਜ ਦੇ ਸਾਰੇ ਇੱਟ-ਭੱਠਿਅਾਂ ਨੂੰ ਬੰਦ ਕਰ ਦਿੱਤਾ ਜਾਵੇ, ਇਸ ਫੈਸਲੇ ਨੂੰ ਅਮਲੀਜਾਮਾ ਪੁਆਉਣ ਲਈ ਸਾਰੇ ਇੱਟ-ਭੱਠਾ ਮਾਲਕ ਤਿਆਰ ਹਨ ਪਰ ਨਾਲ ਹੀ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ 31 ਮਾਰਚ 2019 ਤੱਕ ਪੁਰਾਣੇ ਸਟਾਈਲ ਦੇ ਇੱਟ-ਭੱਠਿਅਾਂ ਨੂੰ ਬੰਦ ਕਰਨ ਦੀ ਜੋ ਡੈੱਡਲਾਈਨ ਦਿੱਤੀ ਗਈ ਹੈ ਉਸ ਵਿਚ 2 ਸਾਲ ਦੀ ਮਿਆਦ ਨੂੰ ਵਧਾਇਆ ਜਾਵੇ।
ਆਪਣੇ ਸੰਬੋਧਨ ਦੌਰਾਨ ਜ਼ਿਲਾ ਪ੍ਰਧਾਨ ਮੁਕੇਸ਼ ਨੰਦਾ ਨੇ ਕਿਹਾ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਮਾਰਚ 2019 ਤੱਕ ਪੁਰਾਣੇ ਇੱਟ-ਭੱਠੇ ਬੰਦ ਕਰ ਦਿੱਤੇ ਜਾਣ। ਰਾਜ ਵਿਚ ਇਸ ਸਮੇਂ 2700 ਦੇ ਕਰੀਬ ਇੱਟ-ਭੱਠੇ ਹਨ, ਜਿਨ੍ਹਾਂ ’ਚੋਂ 15 ਫ਼ੀਸਦੀ ਹੀ ਆਧੁਨਿਕ ਤਕਨੀਕ ਆਪਣਾ ਸਕੇ ਹਨ। ਇਸ ਕੰਮ ਵਿਚ ਲੇਬਰ ਦੀ ਕਮੀ ਸਾਹਮਣੇ ਆ ਰਹੀ ਹੈ ਅਤੇ ਆਧੁਨਿਕ ਭੱਠੇ ਚਲਾਉਣ ਲਈ ਸਕਿਲਡ ਲੇਬਰ ਵੀ ਨਹੀਂ ਮਿਲ ਰਹੀ, ਜਿਸ ਨੂੰ ਦੇਖਦਿਅਾਂ ਪੰਜਾਬ ਸਰਕਾਰ ਨੂੰ ਆਪਣੀ ਡੈੱਡਲਾਈਨ ਵਿਚ 2 ਸਾਲ ਦਾ ਸਮਾਂ ਵਧਾਉਣਾ ਚਾਹੀਦਾ ਹੈ ਕਿਉਂਕਿ ਸਾਰੇ ਇੱਟ-ਭੱਠਾ ਮਾਲਕ ਆਧੁਨਿਕ ਭੱਠੇ ਲਾਉਣ ਤੇ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹਨ ਪਰ ਸਰਕਾਰ ਨੂੰ ਵੀ ਵਪਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ।
ਆਧੁਨਿਕ ਭੱਠਿਅਾਂ ਦੀ ਉਸਾਰੀ ਲਈ ਸਰਕਾਰ ਨਹੀਂ ਦੇ ਰਹੀ ਸਬਸਿਡੀ : ਇੱਟ-ਭੱਠਾ ਐਸੋਸੀਏਸ਼ਨ ਦੇ ਰਾਜਸੀ ਪ੍ਰਧਾਨ ਕੁਲਦੀਪ ਸਿੰਘ ਮੱਕਡ਼ ਨੇ ਕਿਹਾ ਕਿ ਭੱਠਾ ਮਾਲਕ ਤਾਂ ਸਰਕਾਰ ਦਾ ਸਾਥ ਦੇ ਰਹੇ ਹਨ ਪਰ ਸਰਕਾਰ ਵੱਲੋਂ ਭੱਠਾ ਮਾਲਕਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਆਧੁਨਿਕ ਇੱਟ-ਭੱਠਿਅਾਂ ਦੀ ਉਸਾਰੀ ਕਰਨ ਲਈ 60 ਤੋਂ 70 ਲੱਖ ਰੁਪਏ ਦਾ ਖਰਚ ਆਉਂਦਾ ਹੈ ਪਰ ਸਰਕਾਰ ਵੱਲੋਂ ਇਸ ਸਬੰਧੀ ਵਪਾਰੀਆਂ ਨੂੰ ਨਾ ਤਾਂ ਕੋਈ ਲੋਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਬਸਿਡੀ, ਜਦੋਂ ਕਿ ਹੋਰ ਉਦਯੋਗਾਂ, ਖੇਤੀਬਾਡ਼ੀ ਆਦਿ ਵਿਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ।
ਫਲਾਈਐੈਕਸ ਬ੍ਰਿਕਸ ਦਾ ਬਾਈਕਾਟ ਕਰਨਗੇ ਪੰਜਾਬ ਦੇ ਵਪਾਰੀ : ਸਮੂਹ ਇੱਟ-ਭੱਠਾ ਮਾਲਕਾਂ ਨੇ ਫੈਸਲਾ ਲਿਆ ਹੈ ਕਿ ਉਹ ਫਲਾਈਐੈਕਸ ਬ੍ਰਿਕਸ ਦਾ ਬਾਈਕਾਟ ਕਰਨਗੇ। ਭੱਠਾ ਮਾਲਕਾਂ ਨੇ ਕਿਹਾ ਕਿ ਫਲਾਈ ਐੈਕਸਬ੍ਰਿਕਸ (ਇੱਟ) ਜੋ ਕਿ ਕੈਮੀਕਲ ਦੀ ਬਣੀ ਹੁੰਦੀ ਹੈ, ਵਿਚ ਰੇਡੀਏਸ਼ਨ ਜ਼ਿਆਦਾ ਹੁੰਦੀ ਹੈ, ਜੋ ਮਨੁੱਖ ਦੀ ਸਿਹਤ ਲਈ ਠੀਕ ਨਹੀਂ ਹੈ, ਜੋ ਵੀ ਵਿਅਕਤੀ ਫਲਾਈਐੈਕਸ ਇੱਟਾਂ ਵਾਲੇ ਮਕਾਨ ਵਿਚ ਰਹੇਗਾ ਉਸ ਨੂੰ ਕਈ ਬੀਮਾਰੀਆਂ ਘੇਰਨਗੀਆਂ, ਇਸ ਤੋਂ ਇਲਾਵਾ ਇਸ ਇੱਟ ਦੇ ਵਿਰੋਧ ਵਿਚ 24 ਸਤੰਬਰ ਨੂੰ ਯੂ. ਪੀ. ਵਿਚ ਅੰਦੋਲਨ ਹੋਣ ਜਾ ਰਿਹਾ ਹੈ। ਇੱਟ-ਭੱਠਾ ਮਾਲਕ ਪ੍ਰੰਪਰਾਗਤ ਤਰੀਕੇ ਨਾਲ ਬਣੀ ਰੈੱਡ ਬ੍ਰਿਕਸ ਦਾ ਹੀ ਸਮਰਥਨ ਕਰਦੇ ਹਨ ਅਤੇ ਫਲਾਈਐੈਕਸ ਬ੍ਰਿਕਸ ਦਾ ਵਿਰੋਧ ਕਰਦੇ ਹਨ।
ਕਿਹਡ਼ੇ ਵਪਾਰੀ ਨੇਤਾ ਰਹੇ ਮੌਜੂਦ : ਬੈਠਕ ’ਚ ਇੱਟ-ਭੱਠਾ ਐਸੋੋਸੀਏਸ਼ਨ ਪੰਜਾਬ ਦੇ ਚੀਫ ਪੈਟਨਰ ਚਮਨ ਲਾਲ ਗੋਇਲ ਅਤੇ ਰਾਜਪਾਲ ਗੁਪਤਾ, ਪੈਟਨਰ ਜੀ. ਐੱਸ. ਸੰਧੂ ਅਤੇ ਕੇ. ਐੱਸ. ਬਾਬਲ, ਚੇਅਰਮੈਨ ਕੇ. ਕੇ. ਖੰਡੂਜਾ ਅਤੇ ਦਵਿੰਦਰ ਰਾਜਦੇਵ, ਜਨਰਲ ਸਕੱਤਰ ਸੁਰਿੰਦਰ ਸਿੰਗਲਾ, ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਸੇਖਾਂ, ਵਾਈਸ ਚੇਅਰਮੈਨ ਅਸ਼ੋਕ ਮਿੱਤਲ, ਵਾਈਸ ਪ੍ਰਧਾਨ ਰਮੇਸ਼, ਏ. ਐੱਸ. ਸੈਣੀ, ਨਰਿੰਦਰ ਸਿੰਘ, ਵਿਸ਼ਾਲ ਸੋਨੀ, ਰਵਿੰਦਰ ਗੋਇਲ, ਅੰਮ੍ਰਿਤਸਰ ਜ਼ਿਲਾ ਪੈਟਨਰ ਇੰਦਰਜੀਤ ਵਰਮਾ, ਚੇਅਰਮੈਨ ਸਤਪਾਲ ਸਿੰਘ, ਸੈਕਟਰੀ ਅਨਿਲ ਅਗਰਵਾਲ, ਫਾਈਨਾਂਸ ਸੈਕਟਰੀ ਆਸ਼ੀਸ਼ ਭੱਲਾ, ਜੁਆਇੰਟ ਸੈਕਟਰੀ ਸ਼ੀਤਲ ਭੱਲਾ, ਬਲਾਕ ਪ੍ਰਧਾਨ ਜੇ. ਐੱਸ. ਲਿਖਾਰੀ, ਐੱਚ. ਐੱਸ. ਜੋਗੀ, ਅਮਰਜੀਤ ਮਿੱਤਲ, ਜਨਕਰਾਜ ਮਦਾਨ ਆਦਿ ਮੌਜੂਦ ਸਨ।
ਭੱਠੇ ਬੰਦ ਕਰਨ ਦੇ ਫ਼ੈਸਲੇ ਵਿਰੁੱਧ ਰੋਹ ’ਚ ਆਏ ਭੱਠਾ ਮਜ਼ਦੂਰ
NEXT STORY