ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਅੱਜ ਇਫਟੂ ਨਾਲ ਸਬੰਧਤ ਭੱਠਾ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆਡ਼ ਯਾਦਗਾਰੀ ਹਾਲ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਮਸੀਹ ਸੋਨਾ ਅਤੇ ਇੰਡੀਅਨ ਫੈੱਡਰੇਸ਼ਨ ਆਫ ਟਰੇਡ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਮੇਸ਼ ਰਾਣਾ ਨੇ ਕੀਤੀ। ਇਸ ਦੌਰਾਨ ਇਕੱਤਰ ਹੋਏ ਮਜ਼ਦੂਰ ਆਗੂਆਂ ਨੇ ਸਰਕਾਰ ਵੱਲੋਂ ਇੱਟਾਂ ਦੇ ਭੱਠੇ ਬੰਦ ਕਰਨ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਪ੍ਰੇਮ ਮਸੀਹ ਸੋਨਾ ਅਤੇ ਜ਼ਿਲਾ ਪ੍ਰਧਾਨ ਬਚਨ ਸਿੰਘ ਬੋਪਾਰਾਏ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ ਮੀਟਿੰਗ ਉਪਰੰਤ 1 ਅਕਤੂਬਰ ਤੋਂ 31 ਜਨਵਰੀ ਤੱਕ ਭੱਠੇ ਬੰਦ ਕਰਨ ਦਾ ਕੀਤਾ ਐਲਾਨ ਭੱਠਾ ਮਜ਼ਦੂਰਾਂ ਨੂੰ ਹੋਰ ਕੰਗਾਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਆਡ਼ ਹੇਠ ਸਰਕਾਰ ਵੱਲੋਂ ਭੱਠਾ ਮਜ਼ਦੂਰਾਂ ਦਾ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਸਿਰਫ਼ ਭੱਠਿਆਂ ਦਾ ਪ੍ਰਦੂਸ਼ਣ ਹੀ ਦਿਖਾਈ ਦੇ ਰਿਹਾ ਹੈ ਜਦੋਂਕਿ ਰੋਜ਼ਾਨਾ ਕਈ ਉਦਯੋਗਿਕ ਅਦਾਰੇ ਬੇਹਿਸਾਬ ਪ੍ਰਦੂਸ਼ਣ ਫੈਲਾ ਰਹੇ ਹਨ ਅਤੇ ਗੰਦਾ ਪਾਣੀ ਦਰਿਆਵਾਂ ’ਚ ਰੋਡ਼੍ਹਨ ਤੋਂ ਇਲਾਵਾ ਫੈਕਟਰੀਆਂ ’ਚੋਂ ਨਿਕਲ ਰਿਹਾ ਧੂੰਅਾਂ ਵੀ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ ਪਰ ਸਰਕਾਰ ਨੇ ਸਿਰਫ਼ ਭੱਠਿਆਂ ਨੂੰ ਬੰਦ ਕਰਨ ਵਾਲਾ ਫੈਸਲਾ ਕਰ ਕੇ ਉਨ੍ਹਾਂ ਦਾ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਇਫਟੂ ਦੇ ਜ਼ਿਲਾ ਸਕੱਤਰ ਫੂਲ ਚੰਦ ਅਤੇ ਜ਼ਿਲਾ ਆਗੂ ਮਾਨਾ ਮਸੀਹ ਨੇ ਕਿਹਾ ਕਿ ਇਹ ਫ਼ੈਸਲਾ ਲੈ ਕੇ ਸਰਕਾਰ ਲੱਖਾਂ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਸ਼ਿਵ ਸੈਨਾ ਹਿੰਦੋਸਤਾਨ ਨੇ ਫੂਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ
NEXT STORY