ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਅੰਦਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦਾ ਰੁਝਾਨ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਹੁਣ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਸਖਤ ਰੁਖ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚਲਦਿਆਂ ਹੁਣ ਤੱਕ ਜ਼ਿਲ੍ਹੇ ਅੰਦਰ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ 7 ਕਿਸਾਨਾਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ’ਤੇ ਰੋਕ ਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਦੱਸਣਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਇਸ ਸਾਲ ਸਤੰਬਰ ਮਹੀਨੇ ਵਿਚ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਰਹਿੰਦ-ਖੂੰਹਦ ਦਾ ਅੱਗ ਲਾਏ ਬਗੈਰ ਨਿਪਟਾਰਾ ਕਰਨ ਸਬੰਧੀ ਸਿਖਲਾਈ ਦੇਣ ਲਈ ਜ਼ਿਲੇ ਨੂੰ 79 ਕਲੱਸਟਰਾਂ ਵਿਚ ਵੰਡ ਕੇ ਵੱਖ-ਵੱਖ ਵਿਭਾਗਾਂ ’ਤੇ ਅਧਾਰਿਤ ਟੀਮਾਂ ਨੂੰ ਐਕਟਿਵ ਕਰ ਦਿੱਤਾ ਸੀ। ਇਸ ਤਹਿਤ 1221 ਪਿੰਡਾਂ ਵਿਚ 331 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਸਿਰਫ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਹੀ ਨਹੀਂ, ਸਗੋਂ ਹੋਰ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਵੀ ਸ਼ਾਮਲ ਹਨ। ਹਰ ਨੋਡਲ ਅਧਿਕਾਰੀ ਕੋਲ 3 ਤੋਂ 4 ਪਿੰਡਾਂ ’ਚ ਅੱਗ ਨਾ ਲੱਗਣ ਦੇਣ ਦੀ ਜ਼ਿੰਮੇਵਾਰੀ ਹੈ ਅਤੇ ਇਨ੍ਹ ਅਧਿਕਾਰੀਆਂ ਨੂੰ ਅਲਾਟ ਕੀਤੇ ਪਿੰਡਾਂ ਵਿਚ ਪੂਰੀ ਤਰਾਂ ਮੁਸ਼ਤੈਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਅਤੇ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਜਗ੍ਹਾ ’ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਇਕ ਸਾਲ 'ਚ ਤੁਰ ਗਿਆ ਦੂਜਾ ਨੌਜਵਾਨ ਪੁੱਤ
ਜ਼ਿਲੇ ਅੰਦਰ 125 ਰੇਕ ਬੇਲਰ ਹੱਲ ਕਰ ਰਹੇ ਹਨ ਸਮੱਸਿਆ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਇਸ ਸਾਲ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ਵਿਚ ਝੋੋਨੇ ਦੀ ਕਾਸ਼ਤ ਕੀਤੀ ਗਈ ਹੈ, ਜਿਸ ’ਚੋਂ ਕਰੀਬ 10.2 ਲੱਖ ਮੀਟ੍ਰਿਕ ਟਨ ਪਰਾਲੀ ਤਿਆਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲਾਏ ਬਗੈਰ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ, ਪਰਾਲੀ ਇਕੱਤਰ ਕਰਨ ਅਤੇ ਕਣਕ ਦੀ ਬਿਜਾਈ ਕਰਨ ਲਈ ਲਈ ਹੁਣ ਤੱਕ ਕਿਸਾਨਾਂ ਨੂੰ ਐਕਸਸੀਟ ਤੇ ਇਨਸੀਟੂ ਮੈਨੇਜਮੈਂਟ ਤਹਿਤ 5 ਹਜ਼ਾਰ ਤੋਂ ਜ਼ਿਆਦਾ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਜਾ ਚੁੱਕੀਆਂ ਹਨ। ਇਸ ਮੌਕੇ 125 ਰੇਕ ਬੇਲਰ ਜ਼ਿਲ੍ਹੇ ਅੰਦਰ ਚਲ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਵੱਖ-ਵੱਖ ਥਾਵਾਂ ਤੋਂ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿਚ ਬੇਲਰ ਮਾਲਕ ਇਸ ਪਰਾਲੀ ਨੂੰ ਅੱਗੇ ਵੇਚ ਸਕਣਗੇ। ਇਸ ਦੇ ਨਾਲ ਹੀ 263 ਰੇਕ ਬੇਲਰ ਹੋਰ ਵੀ ਸੈਂਕਸ਼ਨ ਕੀਤੇ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸਾਨ ਹੋਰ ਵੀ ਆਸਾਨੀ ਨਾਲ ਪਰਾਲੀ ਇਕੱਤਰ ਕਰਵਾ ਸਕਣਗੇ।
11 ਥਾਵਾਂ ’ਤੇ ਰਿਪੋਰਟ ਹੋਈਆਂ ਹਨ ਅੱਗ ਲੱਗਣ ਦੀਆਂ ਘਟਨਾਵਾਂ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸਿਮਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕਰੀਬ 15 ਫੀਸਦੀ ਰਕਬੇ ਵਿਚ ਕਟਾਈ ਹੋ ਚੁੱਕੀ ਹੈ ਅਤੇ ਅੱਗ ਲੱਗਣ ਦੇ 11 ਸਪਾਟ ਸਾਹਮਣੇ ਆਏ ਸਨ, ਜਿਨ੍ਹਾਂ ਵਿਚ 7 ਕਿਸਾਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2020 ਦੌਰਾਨ ਝੋਨੇ ਦੇ ਸੀਜ਼ਨ ਵਿਚ ਕਰੀਬ 1940 ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲੱਗੀ ਸੀ ਅਤੇ 2021 ਵਿਚ ਜ਼ਿਲੇ ਅੰਦਰ 1394 ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਾਲ ਇਹ ਗਿਣਤੀ 854 ਸੀ। ਜਿਹੜੇ ਕਿਸਾਨ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਰਹਿੰਦ-ਖੂੰਹਦ ਨੂੰ ਅੱਗ ਲਾ ਰਹੇ ਹਨ, ਉਨ੍ਹਾਂ ਦੇ ਚਲਾਨ ਕੱਟ ਕੇ ਸਿਰਫ ਜੁਰਮਾਨੇ ਹੀ ਨਹੀਂ ਵਸੂਲੇ ਜਾ ਰਹੇ, ਸਗੋਂ ਅਜਿਹੇ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ’ਤੇ ਰੋਕ ਲਾਉਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਡਿਪਲੋਮੈਟਾਂ ਨੂੰ ਲੈ ਕੇ ਭਾਰਤ ਨਾਲ ਵਿਵਾਦ 'ਚ ਅਮਰੀਕਾ ਤੇ ਯੂਕੇ ਨੇ ਕੀਤਾ ਕੈਨੇਡਾ ਦਾ ਸਮਰਥਨ
ਹੁਣ ਅੱਗ ਲਾਏ ਬਗੈਰ ਅਸਾਨੀ ਨਾਲ ਹੋ ਸਕਦੈ ਨਿਪਟਾਰਾ
ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਹੁਣ ਅੱਗ ਲਾਏ ਬਗੈਰ ਅਸਾਨੀ ਨਾਲ ਹੀ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਅਤੇ ਪਰਾਲੀ ਇਕੱਤਰ ਕੀਤੀ ਜਾ ਸਕਦੀ ਹੈ। ਝੋਨੇ/ਬਾਸਮਤੀ ਦੀ ਕਟਾਈ ਉਪਰੰਤ ਖੇਤ ’ਚ ਖੜ੍ਹੇ ਫਸਲ ਦੇ ਕਰਚਿਆਂ ’ਚ ਹੀ ਕਣਕ ਦੇ 40-50 ਕਿਲੋ ਪ੍ਰਤੀ ਏਕੜ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ’ਚ ਕੱਟ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉੱਗ ਸਕੇ। ਸਰਫੇਸ ਸੀਡਰ ਨਾਮ ਦੀ ਮਸ਼ੀਨ ਇਸ ਮੰਤਵ ਲਈ ਕਾਫੀ ਢੁੱਕਵੀਂ ਹੈ, ਜਿਸ ’ਤੇ ਪੰਜਾਬ ਸਰਕਾਰ ਵੱਲੋਂ 40 ਤੋਂ 64 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਹਾਟ ਸਪਾਟ ਪਿੰਡਾਂ 'ਤੇ ਹੈ ਤਿੱਖੀ ਨਜ਼ਰ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਿਛਲੇ ਸਾਲ ਜ਼ਿਆਦਾ ਅੱਗ ਲੱਗਣ ਵਾਲੇ ਕਰੀਬ 55 ਪਿੰਡਾਂ ਨੂੰ ਹਾਟ ਸਪਾਟ ਪਿੰਡ ਐਲਾਨ ਕੇ ਉਨ੍ਹਾਂ ਪਿੰਡਾਂ ਵਿਚ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਜਿਹੜੇ ਪਿੰਡਾਂ ਅੰਦਰ ਪਰਾਲੀ ਨੂੰ ਅੱਗ ਲੱਗਣ ਦੀ ਇਕ ਵੀ ਘਟਨਾ ਨਹੀਂ ਹੋਵੇਗੀ, ਉਸ ਪਿੰਡ ਨੂੰ ਇਕ ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਅੈਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਨਾਨਗਰ 'ਚ ਚੋਰਾਂ ਨੇ ਵੱਡੀ ਵਾਰਦਾਤ, ਪਿਛਲੇ ਪੰਜ ਦਿਨਾਂ ਤੋਂ ਸਾਬਕਾ ਫੌਜੀ ਦੇ ਘਰੋਂ ਕਰੀਬ 5 ਲੱਖ ਦਾ ਸਾਮਾਨ ਚੋਰੀ
NEXT STORY