ਅੰਮ੍ਰਿਤਸਰ,(ਸਰਬਜੀਤ)- ਗੁਰੂ ਨਗਰੀ ਨੂੰ ਇਕ ਪਾਸੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਜਿੱਥੇ ਲੋਕ ਆਤਮਿਕ ਸ਼ਾਂਤੀ ਅਤੇ ਕੁਦਰਤੀ ਨਿਹਮਤਾਂ ਦਾ ਆਨੰਦ ਮਾਣਨ ਲਈ ਦੁਨੀਆ ਭਰ ਤੋਂ ਆਉਂਦੇ ਹਨ, ਅੱਜ ਉਹੀ ਸ਼ਹਿਰ ਪ੍ਰਦੂਸ਼ਣ ਦੇ ਗੰਭੀਰ ਸੰਕਟ ’ਚ ਦਿਨੋਂ ਦਿਨ ਘਿਰਿਆ ਜਾ ਰਿਹਾ ਹੈ। ਸ਼ਹਿਰ ਦੀ ਹਵਾ ’ਚ ਫੈਲ ਰਿਹਾ ਜ਼ਹਿਰ ਹੁਣ ਲੋਕਾਂ ਲਈ ਘਾਤਕ ਸਿੱਧ ਹੋ ਸਕਦਾ ਹੈ।
ਵਿਗੜ ਰਿਹਾ ਵਾਤਾਵਰਣ ਨਾ ਸਿਰਫ਼ ਸਥਾਨਕ ਲੋਕਾਂ ਲਈ ਬਲਕਿ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਇਕ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।
ਪ੍ਰਦੂਸ਼ਣ ਦੇ ਮੁੱਖ ਕਾਰਨ : ਸ਼ਹਿਰ ਦੇ ਕਈ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਅਜੇ ਵੀ ਫੈਕਟਰੀਆਂ ਅਤੇ ਪੁਰਾਣੇ ਵਾਹਨ ਜੋ ਸਰਕਾਰ ਵੱਲੋਂ ਕੰਡਮ ਕਰ ਦਿੱਤੇ ਜਾਣ ਮਗਰੋਂ ਵੀ ਚਲਾਏ ਜਾਣ ਨਾਲ ਪ੍ਰਦੂਸ਼ਣ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਸ਼ਹਿਰ ਦੇ ਆਲੇ-ਦੁਆਲੇ ਲੱਗੀਆਂ ਉਦਯੋਗਿਕ ਇਕਾਈਆਂ ਅਤੇ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਕਾਲਾ ਧੂਆਂ ਸਿੱਧਾ ਹਵਾ ਵਿਚ ਮਿਲ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ।
ਇਸ ਤੋਂ ਇਲਾਵਾ, ਸੜਕਾਂ ’ਤੇ ਵਧ ਰਹੀ ਗੱਡੀਆਂ ਦੀ ਗਿਣਤੀ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸ਼ਹਿਰ ਦੇ ਮੁੱਖ ਚੌਕ, ਜਿਵੇਂ ਕਿ ਹਾਲ ਗੇਟ, ਪੁਤਲੀਘਰ, ਮਜੀਠਾ ਰੋਡ, ਬਟਾਲਾ ਰੋਡ ਅਤੇ ਰਣਜੀਤ ਐਵੇਨਿਊ, ਲਾਰਨਸ ਰੋਡ ਹਰ ਵੇਲੇ ਟ੍ਰੈਫਿਕ ਜਾਮ ਅਤੇ ਵਾਹਨਾਂ ਦੇ ਧੂਏਂ ਨਾਲ ਭਰੇ ਰਹਿੰਦੇ ਹਨ। ਜਿਨਾਂ ਵਿੱਚੋਂ ਆਮ ਲੋਕਾਂ ਦਾ ਨਿਕਲਣਾ ਬਹੁਤ ਵੱਡੀ ਮੁਸ਼ਕਿਲ ਦਾ ਕਾਰਨ ਬਣ ਜਾਂਦਾ ਹੈ।
ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧੀ
ਇਸ ਸਬੰਧ ਵਿਚ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਹੀ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਲੋਕ ਸਾਹ ਦੀਆਂ ਬੀਮਾਰੀਆਂ, ਦਮਾ, ਅੱਖਾਂ ਵਿਚ ਜਲਣ ਅਤੇ ਚਮੜੀ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ਾਸ ਕਰ ਕੇ ਬੱਚੇ ਅਤੇ ਬਜ਼ੁਰਗ ਇਸ ਪ੍ਰਦੂਸ਼ਣ ਭਰੀ ਹਵਾ ਦੀ ਚਪੇਟ ਵਿਚ ਜਲਦੀ ਆ ਜਾਂਦੇ ਹਨ। ਡਾਕਟਰਾਂ ਅਨੁਸਾਰ, ਜੇਕਰ ਪ੍ਰਦੂਸ਼ਣ ਇਸੇ ਤਰ੍ਹਾਂ ਵੱਧਦਾ ਰਿਹਾ, ਤਾਂ ਆਉਣ ਵਾਲੇ ਸਮੇਂ ਵਿਚ ਫੇਫੜਿਆਂ ਦੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਵਧ ਸਕਦਾ ਹੈ।
ਪ੍ਰਸ਼ਾਸਨਿਕ ਲਾਪ੍ਰਵਾਹੀ ਅਤੇ ਸੁਰੱਖਿਆ ਦੇ ਸਵਾਲ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਅੱਜ ਇਹ ਨੌਬਤ ਆਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫੈਕਟਰੀਆਂ ’ਤੇ ਸਖ਼ਤੀ ਨਹੀਂ ਕੀਤੀ ਜਾ ਰਹੀ। ਸੜਕਾਂ ਦੀ ਮਜ਼ਬੂਤੀ ਅਤੇ ਬਦਲਵੇਂ ਰਸਤਿਆਂ ਦੀ ਘਾਟ ਕਾਰਨ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਭਾਵੇਂ ਸਰਗਰਮੀ ਦੇ ਨਾਂ ’ਤੇ ਕਦੇ-ਕਦੇ ਚੈਕਿੰਗ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ।
ਜਨਤਕ ਟ੍ਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੀ ਲੋੜ
ਮਾਹਿਰਾਂ ਅਨੁਸਾਰ, ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਭ ਤੋਂ ਪਹਿਲਾਂ ਜਨਤਕ ਟ੍ਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਸਾਲਾਨਾ ਯੋਜਨਾਵਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪੁਰਾਣੇ ਵਾਹਨਾਂ ਦੀ ਵਰਤੋਂ ਘਟਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਨੂੰਨ ਅਤੇ ਸਬੰਧਤ ਅਧਿਕਾਰੀਆਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।
ਉਦਯੋਗਿਕ ਇਕਾਈਆਂ ਦੀ ਲਗਾਤਾਰ ਜਾਂਚ ਕਰ ਰਹੇ ਹਾਂ : ਸੁਖਦੇਵ ਸਿੰਘ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਉੱਚ ਅਧਿਕਾਰੀ ਐਕਸੀਐਨ ਸੁਖਦੇਵ ਸਿੰਘ ਨੇ ਦੱਸਿਆ ਅਸੀਂ ਉਦਯੋਗਿਕ ਇਕਾਈਆਂ ਦੀ ਲਗਾਤਾਰ ਜਾਂਚ ਕਰ ਰਹੇ ਹਾਂ। ਕਈ ਫੈਕਟਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੋਟਿਸ ਵੀ ਜਾਰੀ ਕੀਤੇ ਗਏ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਵਾਹਨਾਂ ਦੀ ਜਗ੍ਹਾ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਤਾਂ ਜੋ ਹਵਾ ਦੀ ਗੁਣਵੱਤਾ ਵਿਚ ਹੋਰ ਵੀ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ ਪਿਛਲੇ 2024 ਸਾਲ ਨਾਲੋਂ ਹਵਾ ਵਿੱਚ ਕਾਫੀ ਤਾਜਗੀ ਅਤੇ ਸਫਾਈ ਹੈ। ਬਾਕੀ ਰਹੀ ਗੱਲ 100 ਫੀਸਦੀ ਦੀ ਤਾਂ ਉਹ ਕਦੇ ਵੀ ਮੁਕੰਮਲ ਨਹੀਂ ਹੁੰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਗਲੀਆਂ ਜਾਂ ਪਲਾਟਾਂ ’ਚ ਕੂੜੇ ਨੂੰ ਅੱਗ ਲਗਾ ਦਿੰਦੇ ਹਨ। ਇਹ ਲਾਪ੍ਰਵਾਹੀ ਹਵਾ ਨੂੰ ਬੇਹੱਦ ਦੂਸ਼ਿਤ ਬਣਾਉਂਦੀ ਹੈ। ਕੂੜਾ ਹਮੇਸ਼ਾ ਨਿਗਮ ਦੀਆਂ ਗੱਡੀਆਂ ਨੂੰ ਹੀ ਦਿਓ ਅਤੇ ਆਪਣੇ ਘਰਾਂ ਜਾਂ ਖਾਲੀ ਪਲਾਟਾਂ ਵਿਚ ਕੂੜਾ ਕਰਕਟ ਸੁੱਟਣ ਦੀ ਬਜਾਏ ਘਰਾਂ ਅਤੇ ਕਾਲੋਨੀ ਦੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਓ। ਰੁੱਖ ਕੁਦਰਤੀ ਫਿਲਟਰ ਦਾ ਕੰਮ ਕਰਦੇ ਹਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ। ਉਹਨਾਂ ਇਹ ਵੀ ਕਿਹਾ ਕਿ ਕਾਰਪੋਰੇਸ਼ਨ ਦੇ ਸਵੀਪਰਾਂ ਨਾਲ ਸਾਡੀਆਂ ਟੀਮਾਂ ਵੱਲੋਂ ਹਰ ਰੋਜ਼ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।
ਹਵਾ ’ਚ ਵਧ ਰਿਹਾ ਜ਼ਹਿਰ ਬੱਚਿਆਂ ਅਤੇ ਬਜ਼ੁਰਗਾਂ ਲਈ ਘਾਤਕ
ਦੂਜੇ ਪਾਸੇ, ਜ਼ਿਲਾ ਮਹਾਮਾਰੀ ਅਫਸਰ ਹਰਜੋਤ ਕੌਰ ਨੇ ਦੱਸਿਆ ਕਿ ‘ਹਵਾ ’ਚ ਵਧ ਰਿਹਾ ਜ਼ਹਿਰ ਖ਼ਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਦੇ ਫੇਫੜਿਆਂ ’ਤੇ ਸਿੱਧਾ ਅਸਰ ਕਰ ਰਿਹਾ ਹੈ। ਸਾਡੇ ਕੋਲ ਰੋਜ਼ਾਨਾ ਸਾਹ ਦੀ ਪ੍ਰੇਸ਼ਾਨੀ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਲੋਕਾਂ ਨੂੰ ਜਰੂਰੀ ਸੁਝਾਵ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਪ੍ਰਦੂਸ਼ਿਤ ਖੇਤਰਾਂ ਵਿਚ ਜਾਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨ।
ਵਧ ਰਹੇ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਨੂੰ ਲੈ ਕੇ ਕੁਝ ਅਹਿਮ ਸੁਝਾਅ ਦਿੰਦਿਆਂ ਕਿਹਾ ਕਿ ਜਿੱਥੇ ਇਸ ਪ੍ਰਦੂਸ਼ਣ ਵਾਲੀ ਹਵਾ ਨਾਲ ਬੱਚੇ ਤੇ ਬਜ਼ੁਰਗ ਜਾਂ ਫਿਰ ਕੋਈ ਲੰਬੀ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਮੁਸ਼ਕਲ ਆ ਸਕਦੀ ਹੈ ਉੱਥੇ ਹੀ ਗਰਭਵਤੀ ਔਰਤਾਂ ਨੂੰ ਵੀ ਇਸ ਤੋਂ ਬਹੁਤ ਜ਼ਿਆਦਾ ਪ੍ਰਹੇਜ਼ ਕਰਨਾ ਚਾਹੀਦਾ ਹੈ।
ਮਾਸਕ ਦੀ ਵਰਤੋਂ ਜ਼ਰੂਰ ਕਰੋ
ਲੋਕ ਜਦੋਂ ਵੀ ਘਰੋਂ ਬਾਹਰ ਨਿਕਲਣ, ਖ਼ਾਸ ਕਰ ਕੇ ਭੀੜ ਵਾਲੇ ਚੌਕ ਜਾਂ ਟ੍ਰੈਫਿਕ ਵਾਲੇ ਇਲਾਕਿਆਂ ’ਚ, ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰੋ। ਇਹ ਤੁਹਾਨੂੰ ਜ਼ਹਿਰੀਲੇ ਕਣਾਂ ਤੋਂ ਬਚਾਉਣ ’ਚ ਮਦਦਗਾਰ ਹੋਵੇਗਾ। ਉਨ੍ਹਾਂ ਤੰਦਰੁਸਤ ਵਿਅਕਤੀਆਂ ਨੂੰ ਵੀ ਕਿਹਾ ਕਿ ਉਹ ਆਪਣੀ ਇਮਿਊਨਿਟੀ ਨੂੰ ਸਟਰਾਂਗ ਰੱਖਣ ਲਈ ਚੰਗਾ ਭੋਜਨ ਕਰਨ ਤਾਂ ਜੋ ਇਨ੍ਹਾਂ ਮੁਸ਼ਕਲਾਂ ਦੇ ਕਰੀਬ ਆਉਣ ਤੋਂ ਪਹਿਲਾਂ ਹੀ ਸੁਚੇਤ ਹੁੰਦੇ ਹੋਏ ਇਨਾ ਸੁਝਾਵਾਂ ’ਤੇ ਧਿਆਨ ਦੇਣ।
ਅੱਖਾਂ ’ਚ ਜਲਣ ਜਾਂ ਸਾਹ ਲੈਣ ’ਚ ਤਕਲੀਫ਼ ਦੀ ਕਰਵਾਉ ਤੁਰੰਤ ਜਾਂਚ
ਸੜਕਾਂ ’ਤੇ ਵਾਹਨਾਂ ਦੀ ਗਿਣਤੀ ਘਟਣਾ ਹੀ ਪ੍ਰਦੂਸ਼ਣ ਘਟਾਉਣ ਦਾ ਮੁੱਖ ਕਾਰਨ ਬਣ ਸਕਦਾ ਹੈ। ਜੇਕਰ ਤੁਹਾਨੂੰ ਲਗਾਤਾਰ ਖਾਂਸੀ, ਅੱਖਾਂ ’ਚ ਜਲਣ ਜਾਂ ਸਾਹ ਲੈਣ ’ਚ ਤਕਲੀਫ਼ ਹੋ ਰਹੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਮਾਹਿਰ ਡਾਕਟਰ ਤੋਂ ਜਾਂਚ ਕਰਵਾਓ।
ਬਟਾਲਾ : ਜਲਾਲਵਾਲਾ ਨਹਿਰ ਕੋਲ ਪੁਲਸ ਐਨਕਾਊਂਟਰ, ਨਸ਼ਾ ਤਸਕਰ ਜ਼ਖ਼ਮੀ
NEXT STORY