ਗੁਰਦਾਸਪੁਰ( ਹਰਮਨ) - ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਦੀਆਂ ਵਿਦਿਆਰਥਣਾਂ ਲਈ ਹੋਸਟਲ ਦੀ ਮੰਗ ਨੂੰ ਆਖ਼ਰ 11 ਸਾਲ ਬਾਅਦ ਬੂਰ ਪਿਆ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਲੜਕੀਆਂ ਦੇ ਹੋਸਟਲ ਵਾਸਤੇ 2.15 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਤੋਂ ਬਾਅਦ ਹੁਣ ਹੋਸਟਲ ਦੀ ਉਸਾਰੀ ਸ਼ੁਰੂ ਹੋ ਸਕੀ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਦਹਾਕੇ ਤੋਂ ਵੱਧ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਵਿਖੇ ਲੜਕੀਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ ਗਿਆ। ਰਾਜ ਸਰਕਾਰ ਵੱਲੋਂ ਲੜਕੀਆਂ ਦੇ ਇਸ ਹੋਸਟਲ ਦੀ ਉਸਾਰੀ ਉੱਪਰ 2.25 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਹੋਸਟਲ ਦਾ ਨੀਂਹ ਪੱਥਰ ਰੱਖਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਲੜਕੀਆਂ ਦੇ ਹੋਸਟਲ ਦੀ ਉਸਾਰੀ ਦਾ ਕੰਮ 2014 ਤੋਂ ਬੰਦ ਪਿਆ ਸੀ ਅਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦਾ ਰਾਜ ਰਿਹਾ ਪਰ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਸਥਾਨਿਕ ਵਿਧਾਇਕਾਂ ਵੱਲੋਂ ਇਸ ਬੇਹੱਦ ਅਹਿਮ ਲੋੜ ਨੂੰ ਪੂਰਾ ਕਰਨ ਵੱਲ ਜਾਣ-ਬੁੱਝ ਕੇ ਕੋਈ ਧਿਆਨ ਨਹੀਂ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਵਿਖੇ ਹੋਸਟਲ ਨਾ ਹੋਣ ਕਾਰਨ ਏਥੇ ਪੜ੍ਹਦੀਆਂ ਸਾਡੀਆਂ ਧੀਆਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪਿੰਡਾਂ ਅਤੇ ਦੂਰ-ਦੁਰਾਡੇ ਦੀਆਂ ਕਈ ਲੜਕੀਆਂ ਸਿਰਫ਼ ਹੋਸਟਲ ਦੀ ਸਹੂਲਤ ਨਾ ਹੋਣ ਕਾਰਨ ਜੀ.ਐੱਨ.ਐੱਮ. ਦੀ ਪੜ੍ਹਾਈ ਨਹੀਂ ਕਰ ਸਕੀਆਂ। ਸ੍ਰੀ ਬਹਿਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੜਕੀਆਂ ਦੀ ਇਸ ਬਹੁਤ ਹੀ ਅਹਿਮ ਮੰਗ ਦਾ ਪਤਾ ਲੱਗਾ ਤਾਂ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁਲਾਕਾਤ ਕੀਤੀ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਤਸੱਲੀ ਤੇ ਮਾਣ ਹੈ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੰਨਦਿਆਂ ਹੋਸਟਲ ਦੀ ਉਸਾਰੀ ਲਈ 2.15 ਕਰੋੜ ਰੁਪਏ ਜਾਰੀ ਕਰ ਦਿੱਤੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਆਖ਼ਰ 11 ਸਾਲ ਬਾਅਦ ਅੱਜ ਲੜਕੀਆਂ ਦੇ ਹੋਸਟਲ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਸਟਲ ਦੀ ਇਮਾਰਤ ਵਿੱਚ 26 ਕਮਰੇ ਜਿਸ ਵਿੱਚ 64 ਬੱਚੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਸਟਲ ਵਿੱਚ ਕਾਮਨ ਰੂਮ, ਵਿਜ਼ਟਰ ਰੂਮ ਅਤੇ ਬੱਚੀਆਂ ਵਾਸਤੇ ਬਾਥਰੂਮ ਤਿਆਰ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਹੋਸਟਲ ਵਿੱਚ ਮੈੱਸ ਤਿਆਰ ਕੀਤੀ ਜਾਵੇਗੀ ਅਤੇ ਮੈੱਸ ਵਿੱਚ ਬੱਚੀਆਂ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਦੀ ਸੁਵਿਧਾ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਹੋਸਟਲ ਤੱਕ ਪਹੁੰਚਣ ਲਈ ਇੱਕ ਅਪਰੋਚ ਰੋਡ ਬਣਾਈ ਜਾਵੇਗੀ ਅਤੇ ਨਾਲ ਹੀ ਪਾਰਕਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਹੋਸਟਲ ਦੀ ਇਮਾਰਤ ਦੇ ਆਲੇ-ਦੁਆਲੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਹੋਸਟਲ ਦੀ ਬਾਹਰੀ ਦੀਵਾਰ ਨੂੰ ਹੋਰ ਉੱਚਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਸਟਲ ਵਿੱਚ ਬੱਚੀਆਂ ਲਈ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਵੀ ਬਣਾ ਕੇ ਦਿੱਤੇ ਜਾਣਗੇ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਡਾਕਟਰੀ ਪੇਸ਼ੇ ਵਿੱਚ ਨਰਸਿੰਗ ਦੀ ਬਹੁਤ ਮੰਗ ਹੈ ਅਤੇ ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਵਿਖੇ ਸੂਬੇ ਭਰ ਵਿਚੋਂ ਬੱਚੀਆਂ ਨਰਸਿੰਗ ਦਾ ਕੋਰਸ ਕਰਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਏਥੇ ਹੋਸਟਲ ਦੀ ਸੁਵਿਧਾ ਮਿਲਣ ਨਾਲ ਬੱਚੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਸਾਡੀਆਂ ਧੀਆਂ ਨਰਸਿੰਗ ਦਾ ਕੋਰਸ ਕਰਕੇ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕਣਗੀਆਂ।
ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਸਿਵਲ ਸਰਜਨ ਡਾ. ਭਾਰਤ ਭੂਸ਼ਨ, ਸਰਕਾਰੀ ਜੀ.ਐੱਨ.ਐੱਮ. ਨਰਸਿੰਗ ਸਕੂਲ, ਸਿਵਲ ਹਸਪਤਾਲ ਬੱਬਰੀ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ, ਐੱਸ.ਐੱਮ.ਓ. ਡਾ. ਅਰਵਿੰਦ ਮਹਾਜਨ, ਡਾ. ਭੁਪਿੰਦਰਪਾਲ ਸਿੰਘ, ਮੈਡਮ ਮਿਨੀ, ਚੀਫ ਫਾਰਮਸਿਸਟ ਅਸ਼ਵਨੀ ਮਹਾਜਨ, ਐੱਮ.ਐੱਲ.ਟੀ. ਗੁਰਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਰਘੁਬੀਰ ਸਿੰਘ, ਸੁੱਚਾ ਸਿੰਘ ਮੁਲਤਾਨੀ, ਰਣਜੀਤ ਸਿੰਘ, ਰਾਕੇਸ਼ ਕੁਮਾਰ ਬੱਬੇਹਾਲੀ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਬੇਅਦਬੀ ਮਾਮਲੇ 'ਚ ਖੁਦ ਕਾਰਵਾਈ ਕਰੇਗਾ ਅਕਾਲ ਤਖ਼ਤ
NEXT STORY