ਤਰਨਤਾਰਨ (ਰਮਨ) : 1 ਮਈ, 2017 ਦੀ ਸਵੇਰ ਨੂੰ ਜ਼ਿਲਾ ਤਰਨਤਾਰਨ ਦੇ ਪਿੰਡ ਵੇਈਂਪੂਈਂ ਦੇ ਨਿਵਾਸੀ ਨਾਇਬ ਸੂਬੇਦਾਰ ਪਰਮਜੀਤ ਸਿੰਘ ਪੁੱਤਰ ਊਧਮ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪ੍ਰੇਮ ਸਾਗਰ ਨੂੰ ਪਾਕਿਸਤਾਨੀ ਫੌਜੀਆਂ ਵੱਲੋਂ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਅਫਸੋਸ ਕਰਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਕਈ ਤਰ੍ਹਾਂ ਦੇ ਵਾਅਦੇ ਤਾਂ ਕਰ ਲਏ ਪਰ ਇਕ ਸਾਲ ਬੀਤ ਜਾਣ ਦੌਰਾਨ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ। ਇਸ ਸਬੰਧੀ ਜਿਥੇ ਪਰਿਵਾਰ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਮਾਜ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਪਿਤਾ ਦੀ ਯਾਦ 'ਚ ਬੱਚਿਆਂ ਦਾ ਬੁਰਾ ਹਾਲ
1 ਮਈ 2017 ਨੂੰ 22 ਸਿੱਖ ਬਟਾਲੀਅਨ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਅਤੇ ਫੌਜੀ ਪ੍ਰੇਮ ਸਾਗਰ ਦੀਆਂ ਲਾਸ਼ਾਂ ਜ਼ਿਲਾ ਪੁੰਛ ਅਧੀਨ ਆਉਂਦੇ ਕ੍ਰਿਸ਼ਨਾ ਘਾਟੀ ਇਲਾਕੇ 'ਚੋਂ ਮਿਲੀਆਂ ਸਨ। ਇਸ ਖਬਰ 'ਤੇ ਅੱਜ ਵੀ ਪਰਮਜੀਤ ਦਾ ਪਰਿਵਾਰ ਸੱਚ ਨਹੀਂ ਮੰਨ ਰਿਹਾ। ਸ਼ਹੀਦ ਪਰਮਜੀਤ ਸਿੰਘ ਦੀਆਂ ਦੋ ਬੇਟੀਆਂ ਸਿਮਰਨਦੀਪ ਕੌਰ, ਖੁਸ਼ਦੀਪ ਕੌਰ ਅਤੇ ਬੇਟਾ ਸਾਹਿਲਦੀਪ ਸਿੰਘ ਅੱਜ ਵੀ ਆਪਣੇ ਪਿਤਾ ਨੂੰ ਯਾਦ ਕਰ ਕੇ ਰੋ ਰਹੇ ਹਨ।
ਬਹਾਦਰ ਪਾਪਾ ਨੂੰ ਯਾਦ ਕਰ ਕੇ ਜੀਅ ਰਹੇ ਹਨ ਬੱਚੇ
ਸ਼ਹੀਦ ਪਰਮਜੀਤ ਸਿੰਘ ਦੀ ਵੱਡੀ ਬੇਟੀ ਸਿਮਰਨਦੀਪ ਕੌਰ, ਸਾਹਿਲਦੀਪ ਸਿੰਘ ਅਤੇ ਖੁਸ਼ਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਬਹਾਦਰ ਪਾਪਾ ਨੂੰ ਯਾਦ ਕਰ ਕੇ ਜੀਅ ਰਹੇ ਹਨ। ਇਨ੍ਹਾਂ 'ਚੋ ਖੁਸ਼ਦੀਪ ਕੌਰ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਦੇ ਡਿਪਟੀ ਕਮਿਸ਼ਨਰ (ਆਈ. ਏ. ਐੱਸ. ਜੋੜੇ) ਵੱਲੋਂ ਗੋਦ ਲਿਆ ਜਾ ਚੁੱਕਾ ਹੈ ਜੋ ਇਸ ਪਰਿਵਾਰ ਦੇ ਘਰ ਬਰਸੀ ਮੌਕੇ ਪਹੁੰਚ ਰਹੇ ਹਨ।
ਅਫਸੋਸ ਕਰਨ ਸਮੇਂ ਕੀ ਕੀਤੇ ਸਨ ਵਾਅਦੇ
ਸ਼ਹੀਦ ਪਰਮਜੀਤ ਸਿੰਘ ਦੀ ਮੌਤ ਸਮੇਂ ਉਨ੍ਹਾਂ ਦੇ ਘਰ ਫੌਜ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਫਸੋਸ ਕਰਨ ਆਏ ਸਨ, ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਪਰਮਜੀਤ ਸਿੰਘ ਦਾ ਸ਼ਹੀਦੀ ਸਮਾਰਕ ਬਣਾਉਣ, ਨਵੀਂ ਲਾਇਬ੍ਰੇਰੀ ਬਣਾਉਣ, ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਣ, ਗੈਸ ਏਜੰਸੀ ਦੇਣ, ਰਹਿਣ ਲਈ ਇਕ ਕਮਰਸ਼ੀਅਲ ਪਲਾਟ ਦੇਣ, ਸ਼ਹੀਦ ਦੇ ਨਾਂ 'ਤੇ ਪਿੰਡ ਵਿਚ ਨਵਾਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਇਕ ਸਾਲ ਬੀਤ ਜਾਣ ਦੇ ਬਾਵਜੂਦ ਸਿਰਫ ਲਾਇਬ੍ਰੇਰੀ ਦਾ ਢਾਂਚਾ ਹੀ ਖੜ੍ਹਾ ਕੀਤਾ ਗਿਆ ਹੈ ਅਤੇ ਸ਼ਹੀਦੀ ਸਮਾਰਕ ਨੂੰ ਵੀ ਮੁਕੰਮਲ ਤੌਰ 'ਤੇ ਤਿਆਰ ਨਹੀਂ ਕੀਤਾ ਗਿਆ।
ਐਂਟੀ ਟੈਰੇਰਿਸਟ ਫਰੰਟ ਦੇ ਚੇਅਰਮੈਨ ਨੇ ਪੁੱਛਿਆ ਹਾਲ
ਆਲ ਇੰਡੀਆ ਐਂਟੀ ਟੈਰੇਰਿਸਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਬੀਤੇ ਕੱਲ ਸ਼ਹੀਦ ਦੇ ਘਰ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਸਮੇਂ ਹਾਜ਼ਰੀ ਲਵਾਈ ਅਤੇ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਬਿੱਟਾ ਨੇ ਪੂਰੇ ਨਾ ਹੋਏ ਵਾਅਦਿਆਂ 'ਤੇ ਦੁੱਖ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਜਲਦ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ।
ਨਹੀਂ ਚੁੱਕਿਆ ਮੋਬਾਇਲ ਡਿਪਟੀ ਕਮਿਸ਼ਨਰ ਨੇ
ਪ੍ਰਦੀਪ ਕੁਮਾਰ ਸਭਰਵਾਲ ਨੂੰ ਸ਼ਹੀਦ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਨਾ ਹੋਣ ਸਬੰਧੀ ਜਦੋਂ ਵਾਰ-ਵਾਰ ਮੋਬਾਇਲ ਫੋਨ ਰਾਹੀਂ ਕਾਲ ਕੀਤੀ ਗਈ ਤਾਂ ਉਨ੍ਹਾਂ ਮੋਬਾਇਲ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਪਰਿਵਾਰ ਨੇ ਲਾਇਆ ਦੋਸ਼
ਸ਼ਹੀਦ ਪਰਮਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ 'ਜਗ ਬਾਣੀ' ਨੂੰ ਦੱਸਿਆ ਕਿ ਪਤੀ ਦੀ ਮੌਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਹੁਤ ਸਾਰੇ ਐਲਾਨ ਕੀਤੇ ਗਏ ਸਨ ਜੋ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਸ਼ਹੀਦ ਦੇ ਪਰਿਵਾਰ ਨਾਲ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਵੀ ਕੋਈ ਸੰਪਰਕ ਨਹੀਂ ਕੀਤਾ, ਜਿਸ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਪੰਜਾਬ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ ਜੋ ਨਹੀਂ ਕਰਨਾ ਚਾਹੀਦਾ ਸੀ। ਪਰਮਜੀਤ ਕੌਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰੱਖਿਆ ਜਿਸ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ।
ਘਰ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਫਰਾਰ
NEXT STORY