ਅੰਮ੍ਰਿਤਸਰ (ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਗੁਰਦੁਆਰਾ ਸਾਹਿਬਾਨ ਅੰਦਰ ਸਿਰੋਪਾਓ ਦੇਣ ਦੇ ਪ੍ਰਚੱਲਨ ਨੂੰ ਬੰਦ ਕਰਦਿਆਂ ਇਸ ਤੋਂ ਹੋਣ ਵਾਲੀ ਵਿੱਤੀ ਬੱਚਤ ਨੂੰ ਕੌਮ ਦੀ ਨੌਜਵਾਨੀ ਦੇ ਅਕਾਦਮਿਕ ਵਿਕਾਸ ਲਈ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ’ਤੇ ਪਾਬੰਦੀ ਲਗਾਉਂਦਿਆਂ ਕੇਵਲ ਧਾਰਮਿਕ ਸ਼ਖ਼ਸੀਅਤਾਂ, ਨਗਰ ਕੀਰਤਨਾਂ ਦੌਰਾਨ ਪੰਜ ਪਿਆਰਿਆਂ, ਰਾਗੀ ਅਤੇ ਧਰਮ ਪ੍ਰਚਾਰਕਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਬਾਰੇ ਸਿਧਾਂਤਕ ਫ਼ੈਸਲੇ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਿਖੇ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਵੈੱਬ ਚੈਨਲ (ਯੂ-ਟਿਊਬ ਅਤੇ ਫੇਸਬੁੱਕ ਆਦਿ) ਚੈਨਲ ’ਤੇ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨਾਲ ਸੰਗਤਾਂ ਦੀ ਭਾਰੀ ਸ਼ਰਧਾ ਜੁੜੀ ਹੋਈ ਹੈ। ਇਥੇ ਆਪਣਾ ਵੈੱਬ ਚੈਨਲ ਸਥਾਪਿਤ ਕਰਨ ਨਾਲ ਨਿਯਮਤ ਤੌਰ ’ਤੇ ਸੰਗਤ ਤੱਕ ਸਿੱਧਾ ਗੁਰਬਾਣੀ ਪ੍ਰਸਾਰਣ ਨਿਰੰਤਰ ਪੁੱਜ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਧੁਨਿਕ ਤਕਨੀਕ ਦਾ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਦੱਸਿਆ ਕਿ ਬੀਤੇ ਸਮੇਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ’ਤੇ ਪੁਲਸ ਵੱਲੋਂ ਤਾਬੜ-ਤੋੜ ਗੋਲੀਆਂ ਚਲਾਉਣ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਕੇ ਕੀਤੀ ਮਰਿਆਦਾ ਦੀ ਉਲੰਘਣਾ ਦੀ ਜਾਂਚ ਲਈ ਗਠਤ ਕਮੇਟੀ ਨੇ ਵੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਨੂੰ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਭੇਜ ਦਿੱਤੀ ਹੈ। ਉਨ੍ਹਾਂ ਰਿਪੋਰਟ ਦੇ ਸੰਖੇਪ ਵੇਰਵੇ ਦਿੰਦਿਆਂ ਕਿਹਾ ਕਿ ਪੁਲਸ ਵੱਲੋਂ ਗੁਰਦੁਆਰਾ ਸਾਹਿਬ ’ਤੇ ਇਕ ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ’ਚ ਨਿਹੰਗ ਜਥੇਬੰਦੀਆਂ ਦੇ ਮੁਖੀ ਵੀ ਸ਼ਾਮਲ ਹਨ ਪਰ ਸਰਕਾਰ ਦੇ ਅਧਿਕਾਰੀ ਬਿਆਨ ਦੇਣ ਤੋਂ ਮੁਨਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜਾਂਚ ਕਮੇਟੀ ਨੂੰ ਬਿਆਨ ਦੇਣ ਤੋਂ ਕੋਰੀ ਨਾਂਹ ਕੀਤੀ ਹੈ, ਜਦਕਿ ਐੱਸ. ਐੱਸ. ਪੀ. ਨੇ ਕਈ ਪੱਤਰ ਅਤੇ ਮਿਲਣੀਆਂ ਲਈ ਜਾਣ ’ਤੇ ਵੀ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਫ਼ੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ
ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ’ਚ ਬਣੀ ਪੰਜ ਮੈਂਬਰੀ ਕਮੇਟੀ ਦੀ ਕਾਰਵਾਈ ਬਾਰੇ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਪਰ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਰਾਬਤਾ ਕਰਨ ਲਈ ਕਿਹਾ ਹੈ, ਜਿਸ ਨੂੰ ਦੇਖਦਿਆਂ ਅਗਲੀ ਕਾਰਵਾਈ ਨੂੰ ਸਿਰੇ ਚੜ੍ਹਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ ਦੇ ਮੱਦੇਨਜ਼ਰ ਉਨ੍ਹਾਂ ਨੇ 31 ਦਸੰਬਰ ਤੋਂ ਸਮਾਂ ਵਧਾ ਕੇ 27 ਜਨਵਰੀ ਤੱਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ 17 ਜਨਵਰੀ 2024 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਈ ਜਾਹੋ-ਜਲਾਲ ਨਾਲ ਮਨਾਉਣ ਲਈ ਸਮਾਗਮਾਂ ਦੀ ਰੂਪ ਰੇਖਾ ਨੂੰ ਵੀ ਅੰਤਮ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਜਾਂਦਾ ਹੈ ਪਰ ਪੰਜਾਬ ਅੰਦਰ ਵੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਦਸਮ ਪਾਤਸ਼ਾਹ ਦਾ ਗੁਰਪੁਰਬ ਕੌਮੀ ਪੱਧਰ ’ਤੇ ਮਨਾਉਣਾ ਆਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਮੁੱਖ ਸਮਾਗਮ ਤੋਂ ਇਲਾਵਾ 10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਜਾਵੇਗਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਲਈ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਕਮੇਟੀ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ, ਖੁਸ਼ਵਿੰਦਰ ਸਿੰਘ ਭਾਟੀਆ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਝੱਬਰ, ਬੀਬੀ ਮਲਕੀਤ ਕੌਰ ਕਮਾਲਪੁਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੀਜ਼ਨ ਆਉਂਦਿਆਂ ਹੀ ਬਲੈਕ 'ਚ ਵਿਕਣ ਲੱਗੀ ਚਾਈਨਾ ਡੋਰ, 400 ਵਾਲੇ ਗੱਟੂ ਦੀ ਕੀਮਤ ਹੋ ਗਈ 1100
NEXT STORY