ਅੰਮ੍ਰਿਤਸਰ (ਦਲਜੀਤ) - ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦੇ ਚੱਲ ਰਹੇ ਵਿਵਾਦ ਵਿਚ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕੇ. ਡੀ. ਸਿੰਘ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ। ਦੂਸਰੇ ਪਾਸੇ ਮੰਤਰੀ ਵੱਲੋਂ ਵਾਈਸ ਚਾਂਸਲਰ ਨਾਲ ਕੀਤੇ ਗਏ ਵਤੀਰੇ ਤੋਂ ਬਾਅਦ ਪ੍ਰਾਈਵੇਟ ਅਦਾਰਿਆਂ ਦੇ ਡਾਕਟਰਾਂ ਵਿਚ ਮੰਤਰੀ ਖ਼ਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਡਾਕਟਰਾਂ ਦੀ ਜਥੇਬੰਦੀਆਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਸਿਹਤ ਮੰਤਰੀ ਸਿਹਤ ਮੰਤਰੀ ਚੇਤਨ ਸਿੰਘ ਵੱਲੋਂ ਬੀਤੇ ਦਿਨੀਂ ਸਰਕਾਰੀ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਸੀ। ਉੱਥੇ ਪਾਈਆਂ ਗਈਆਂ ਊਣਤਾਈਆਂ ਲਈ ਵਾਈਸ ਚਾਂਸਲਰ ਨੂੰ ਜ਼ਿੰਮੇਵਾਰ ਠਹਰਾਇਆ ਸੀ ਅਤੇ ਨਾਲ ਹੀ ਫੱਟੇ ਗੱਦੇ ’ਤੇ ਲਿਟਾ ਦਿੱਤਾ ਸੀ। ਘਟਨਾ ਤੋਂ ਬਾਅਦ ਵਾਈਸ-ਚਾਂਸਲਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਸ ਤੋਂ ਕੁਝ ਘੰਟਿਆਂ ਬਾਅਦ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕੇ. ਡੀ. ਸਿੰਘ ਨੇ ਵੀ ਆਪਣਾ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ। ਦੋਨਾਂ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਸਰਕਾਰ ਨੂੰ ਅਸਤੀਫਾ ਭੇਜਿਆ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ ਅਜੇ ਤਕ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ।
ਦੋਵੇਂ ਅਧਿਕਾਰੀ ਈਮਾਨਦਾਰ ਅਤੇ ਮਿਹਨਤੀ ਹਨ। ਕੋਰੋਨਾ ਮਹਾਮਾਰੀ ਅਤੇ ਉਸ ਤੋਂ ਪਹਿਲਾਂ ਵੀ ਦੋਨਾਂ ਅਧਿਕਾਰੀਆਂ ਨੇ ਫਰੰਟਲਾਈਨ ’ਤੇ ਰਹਿ ਕੇ ਲਗਨ ਨਾਲ ਆਪਣਾ ਕੰਮ ਕੀਤਾ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਆਈ. ਏ. ਐੱਸ. ਅਧਿਕਾਰੀ ਦੋਨਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਸੰਬੰਧੀ ਸੰਤੁਸ਼ਟੀ ਪ੍ਰਗਟ ਚੁੱਕੇ ਹਨ। ਦੂਸਰੇ ਪਾਸੇ ਪੰਜਾਬ ਸਟੇਟ ਮੈਡੀਕਲ ਡੈਂਟਲ ਟੀਚਰਜ਼ ਐਸੋਸੀਏਸ਼ਨ ਵੱਲੋਂ ਮੰਤਰੀ ਦੀ ਇਸ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਲਿਆ ਗਿਆ ਸੀ ਅਤੇ ਮੰਤਰੀ ਦਾ ਅਸਤੀਫਾ ਮੰਗਿਆ ਗਿਆ ਸੀ।
ਸਿਹਤ ਮੰਤਰੀ ਵੱਲੋਂ ਇਕ ਸੀਨੀਅਰ ਡਾਕਟਰ ਨਾਲ ਅਜਿਹਾ ਵਤੀਰਾ ਕਰਨਾ ਮੰਦਭਾਗਾ ਹੈ। ਮੰਤਰੀ ਨੂੰ ਆਪਣੇ ਕੀਤੇ ’ਤੇ ਸ਼ਰਮਿੰਦਾ ਹੁੰਦੇ ਹੋਏ ਮੁਆਫ਼ੀ ਮੰਗਣੀ ਚਾਹੀਦੀ ਹੈ। ਮੰਤਰੀ ਦੀ ਇਸ ਕਾਰਗੁਜ਼ਾਰੀ ਕਾਰਨ ਸਮੁੱਚੇ ਡਾਕਟਰ ਭਾਈਚਾਰੇ ਵਿਚ ਭਾਰੀ ਰੋਸ ਹੈ। ਪੰਜਾਬ ਸਰਕਾਰ ਇਕ ਪਾਸੇ ਸਿਹਤ ਸਹੂਲਤਾਂ ਨੂੰ ਚੰਗੀਆਂ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ। ਦੂਸਰੇ ਪਾਸੇ ਇਕ ਜ਼ਿੰਮੇਵਾਰ ਮੰਤਰੀ ਦਾ ਅਜਿਹਾ ਵਤੀਰਾ ਡਾਕਟਰਾਂ ਪ੍ਰਤੀ ਠੀਕ ਨਹੀਂ ਹੈ।
-ਡਾਕਟਰ ਰਜਨੀਸ਼ ਸ਼ਰਮਾ
ਸਰਕਾਰੀ ਅਦਾਰਿਆਂ ਵਿਚ ਪਹਿਲਾਂ ਹੀ ਡਾਕਟਰਾਂ ਦੀ ਭਾਰੀ ਘਾਟ ਹੈ। ਸਿਹਤ ਮੰਤਰੀ ਨੂੰ ਚਾਹੀਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਪਹਿਲ ਦੇਣ ਅਤੇ ਬਾਅਦ ਵਿਚ ਚੈਕਿੰਗ ਕਰਨ। ਹਸਪਤਾਲ ਵਿਚ ਦਵਾਈਆਂ ਦੀ ਵੱਡੇ ਪੱਧਰ ’ਤੇ ਘਾਟ ਹੈ ਅਤੇ ਪੋਸਟਾਂ ਡਾਕਟਰਾਂ ਦੀਆਂ ਲੰਮੇ ਸਮੇਂ ਤੋਂ ਨਹੀਂ ਭਰੀਆਂ ਜਾ ਰਹੀਆਂ। ਸਰਕਾਰੀ ਡਾਕਟਰ ਆਪਣਾ ਕੰਮ ਲਗਨ ਨਾਲ ਕਰ ਰਹੇ ਹਨ ਪਰ ਵਧੇਰੇ ਹੋਣ ਕਾਰਨ ਹੁਣ ਉਹ ਅਸਤੀਫੇ ਦੇ ਰਹੇ ਹਨ। ਸਿਹਤ ਮੰਤਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
-ਡਾਕਟਰ ਨਰੇਸ਼ ਚਾਵਲਾ
ਡਾਕਟਰ ਰਾਜ ਬਹਾਦਰ ਇਕ ਸੀਨੀਅਰ ਡਾਕਟਰ ਹਨ। ਮੈਡੀਕਲ ਖਿੱਤੇ ਵਿਚ ਉਨ੍ਹਾਂ ਦੀ ਵਿਸ਼ੇਸ਼ ਪਛਾਣ ਹੈ। ਉਨ੍ਹਾਂ ਨਾਲ ਅਜਿਹਾ ਵਤੀਰਾ ਠੀਕ ਨਹੀਂ ਹੈ। ਸਰਕਾਰ ਨੂੰ ਡਾਕਟਰਾਂ ਦਾ ਮਾਣ-ਸਨਮਾਨ ਬਹਾਲ ਕਰਨਾ ਚਾਹੀਦਾ ਹੈ।
-ਡਾਕਟਰ ਨਿਰਮਲ ਚੰਦ ਕਾਜਲ
ਹਾਲ-ਏ ਸਰਕਾਰੀ ਐਲੀਮੈਂਟਰੀ ਸਕੂਲ ਵਣੀਏਕੇ, 7 ਕਲਾਸਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ਼ 2 ਅਧਿਆਪਕ
NEXT STORY