ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਜਸਬੀਰ ਸਿੰਘ ਡਿੰਪਾ ਐੱਮ.ਪੀ. ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਪਾਰਲੀਮੈਂਟ ਵਿਚ ਰੇਲਵੇ ਦੇ ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਰੋਜ਼ ਹੀ 2.5 ਕਰੋੜ ਭਾਰਤੀ ਰੇਲਵੇ ਵਿਚ ਸਫ਼ਰ ਕਰਦੇ ਹਨ ਅਤੇ ਭਾਰਤੀ ਰੇਲਵੇ 8000 ਰੇਲਵੇ ਸਟੇਸ਼ਨਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ। ਦੇਸ਼ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਦੀ ਅਣ-ਗਿਣਤ ਸਾਮਾਨ ਦੀ ਢੋਆ-ਢੁਆਈ ਹੁੰਦੀ ਹੈ। ਜੇ ਅੱਜ ਭਾਰਤ ਵਿਚ ਉਦਯੋਗਿਕ ਕ੍ਰਾਂਤੀ ਅਤੇ ਹਰੀ ਕ੍ਰਾਂਤੀ ਆਈ ਹੈ ਤਾਂ ਰੇਲਵੇ ਦਾ ਬਹੁਤ ਵੱਡਾ ਯੋਗਦਾਨ ਹੈ। ਇਥੋਂ ਤੱਕ ਕਿ ਪੰਜਾਬ ਤੋਂ ਦੇਸ਼ ਦੇ ਕੋਨੇ-ਕੋਨੇ ਵਿਚ ਰਾਸ਼ਨ ਭੇਜਣ ਵਾਸਤੇ ਰੇਲਵੇ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਭਿਆਨਕ ਹਾਦਸੇ 'ਚ ਭੈਣ ਦੀ ਮੌਤ, ਭਰਾ ਗੰਭੀਰ ਜ਼ਖ਼ਮੀ
ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਅਤੇ ਦੇਸ਼ ਦੀ ਕੁੱਲ ਜੀ. ਡੀ. ਪੀ. ਗ੍ਰੋਥ ਦਾ 20 ਫ਼ੀਸਦੀ ਹਿੱਸਾ ਭਾਰਤੀ ਰੇਲਵੇ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਫੌਜ ਤੋਂ ਬਾਅਦ ਜੇ ਕਿਸੇ ਮਹਿਕਮੇ ਕੋਲ ਜ਼ਮੀਨ ਹੈ ਤਾਂ ਉਹ ਭਾਰਤੀ ਰੇਲਵੇ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਇਸ ਜ਼ਮੀਨ ’ਤੇ ਕਮਰਸ਼ੀਅਲ ਤੌਰ ’ਤੇ ਬਹੁਤ ਕੁਝ ਬਣ ਸਕਦਾ ਹੈ। ਉਨ੍ਹਾਂ ਸਪੀਕਰ ਰਾਹੀਂ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਰੇਲਵੇ ਵਿਚ ਲੱਖਾਂ ਮੁਲਾਜ਼ਮ ਨੌਕਰੀ ਕਰਦੇ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਮੇਰੀ ਸਟੇਟ ਪੰਜਾਬ ਤੋਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਪਿਛਲੇ 15-20 ਸਾਲਾਂ ਤੋਂ ਪੰਜਾਬ ਤੋਂ ਰੇਲਵੇ ਦੀ ਭਰਤੀ ਬੰਦ ਪਈ ਹੈ। ਪੰਜਾਬ ਦੇ ਲੋਕ ਬਹੁਤ ਕਾਬਲ ਹਨ, ਕ੍ਰਿਪਾ ਕਰ ਕੇ ਪੰਜਾਬ ਤੋਂ ਵੀ ਰੇਲਵੇ ਵਿਚ ਭਰਤੀ ਕੀਤੀ ਜਾਵੇ। ਪੰਜਾਬ ਦੇ ਲੋਕ ਆਪ ਜੀ ਦੇ ਅਹਿਸਾਨਮੰਦ ਰਹਿਣਗੇ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ
ਉਨ੍ਹਾਂ ਭਾਰਤੀ ਰੇਲਵੇ ਦੇ ਸਪੋਰਟਸ ਵਿੰਗ ਨੂੰ ਮੁੜ ਸੁਰਜੀਤ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਹਾਕੀ ਦੇ ਨਾਲ-ਨਾਲ ਬਾਕੀ ਖੇਡਾਂ ਦੇ ਵਿੰਗ ਵੀ ਸ਼ੁਰੂ ਕਰ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ। ਉਨ੍ਹਾਂ ਮੰਤਰੀ ਜੀ ਦੇ ਧਿਆਨ ਵਿਚ ਲਿਆਂਦਾ ਕਿ ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ, ਇੰਟਰਨੈਸ਼ਨਲ ਬੱਸ ਸਟੈਂਡ ਅਤੇ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਹੈ, ਜਿੱਥੇ 1.5 ਲੱਖ ਦੇ ਕਰੀਬ ਯਾਤਰੀ ਜਾਂ ਸ਼ਰਧਾਲੂ ਰੋਜ਼ਾਨਾ ਹੀ ਸ੍ਰੀ ਹਰਮਿੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ, ਵਾਘਾ ਬਾਰਡਰ ਅਤੇ ਰੀਟਰੀਟ ਸੈਰਾਮਣੀ ਤੇ ਵਿਸ਼ਵ ਮਸ਼ਹੂਰ ਬਰਡ ਸ਼ੈਂਚੁਰੀ ਹਰੀਕੇ ਆਉਂਦੇ ਹਨ, ਫਿਰ ਵੀ ਅੰਮ੍ਰਿਤਸਰ ਇੰਟਰਨੈਸ਼ਨਲ ਰੇਲਵੇ ਸਟੇਸ਼ਨ ’ਤੇ ਬਹੁਤ ਕਮੀਆਂ ਹਨ, ਇਧਰ ਧਿਆਨ ਦੇਣ ਦੀ ਲੋੜ ਹੈ। ਅੰਮ੍ਰਿਤਸਰ ਤੋਂ ਬਹੁਤ ਸੁਪਰ ਫ਼ਾਸਟ ਟਰੇਨਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਚਲਦੀਆਂ ਹਨ, ਜਿਨ੍ਹਾਂ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਸਪੀਡ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੁਲਤਾਨਪੁਰ ਲੋਧੀ, ਤਰਨ ਤਾਰਨ ਅਤੇ ਬਿਆਸ ਦੇ ਰੇਲਵੇ ਸਟੇਸ਼ਨਾਂ ਵੱਲ ਵੀ ਬਹੁਤ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉੱਥੇ 100-100 ਕਮਰਿਆਂ ਦੀਆਂ ਸਰਾਵਾਂ ਯਾਤਰੀਆਂ ਦੇ ਰਾਤ ਬਰਾਤੇ ਰਹਿਣ ਵਾਸਤੇ ਬਣਾਈਆਂ ਜਾਣ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੜਕਾਂ ’ਤੇ ਮੌਤ ਬਣ ਕੇ ਦੌੜ ਰਹੇ ਓਵਰਲੋਡ ਵਾਹਨ
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਰੋਡ ’ਤੇ ਰੇਲਵੇ ਲਾਈਨ ’ਤੇ ਫ਼ਲਾਈਓਵਰ ਜਾਂ ਅੰਡਰਬ੍ਰਿਜ ਬਣਾਇਆ ਜਾਵੇ, ਇਹ ਬਹੁਤ ਹੀ ਜ਼ਰੂਰੀ ਹੈ। ਅੰਮ੍ਰਿਤਸਰ ਤੋਂ ਤਰਨ ਤਾਰਨ, ਅੰਮ੍ਰਿਤਸਰ ਤੋਂ ਪੱਟੀ ਜਾਂ ਅੰਮ੍ਰਿਤਸਰ ਤੋਂ ਬਿਆਸ ਵਾਇਆ ਗੋਇੰਦਵਾਲ ਸਾਹਿਬ ਟਰੇਨਾਂ ਜਾਣ ਵੇਲੇ ਤਰਨ ਤਾਰਨ ਸ਼ਹਿਰ 2 ਹਿੱਸਿਆਂ ’ਚ ਵੰਡਿਆ ਜਾਂਦਾ ਹੈ। ਸ਼ਹਿਰ ’ਚ ਵੱਡੇ-ਵੱਡੇ ਹਸਪਤਾਲ ਹਨ, ਜਿਨਾਂ ਦੀਆਂ ਐਂਬੂਲੈਂਸਾਂ ਫ਼ਾਟਕ ਬੰਦ ਵੇਲੇ ਜਾਮ ’ਚ ਫ਼ਸ ਜਾਂਦੀਆਂ ਹਨ ਅਤੇ ਸਕੂਲ ਲੱਗਣ ’ਤੇ ਛੁੱਟੀ ਵੇਲੇ ਜਾਮ ਲੱਗ ਜਾਂਦੇ ਹਨ, ਇਸ ਵੱਲ ਬਹੁਤ ਧਿਆਨ ਦੇਣ ਦੀ ਬੇਹੱਦ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕਰਨ 'ਤੇ ਹੈਰੀ ਚੱਠਾ ਸਣੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
NEXT STORY