ਤਰਨਤਾਰਨ (ਰਮਨ)- ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਲਈ ਸਖਤ ਨਿਯਮਾਂ ਨੂੰ ਭਾਵੇਂ ਕਾਗਜ਼ਾਂ ਵਿਚ ਲਾਗੂ ਕਰ ਦਿੱਤਾ ਗਿਆ ਹੈ ਪ੍ਰੰਤੂ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ, ਜਿਸ ਦੀ ਮਿਸਾਲ ਸਰਹੱਦੀ ਜ਼ਿਲਾ ਤਰਨਤਾਰਨ ਦੇ ਅਤੇ ਸਥਾਨਕ ਗੁਰੂ ਨਗਰੀ ਤੋਂ ਵੇਖਣ ਨੂੰ ਆਮ ਹੀ ਮਿਲਦੀ ਹੈ, ਜਿੱਥੇ ਘਟੀਆ ਕਿਸਮ ਦੇ ਮਟੀਰੀਅਲ ਅਤੇ ਬਨੌਟੀ ਰੰਗ ਨਾਲ ਤਿਆਰ ਕੀਤੀਆਂ ਚਟਨੀਆਂ ਗ੍ਰਾਹਕਾਂ ਨੂੰ ਧੜੱਲੇ ਨਾਲ ਪਰੋਸੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਅਤੇ ਰੇਹੜੀਆਂ ਉਪਰ ਸਿਹਤ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੁਝ ਵਪਾਰੀ ਪਲਾਸਟਿਕ ਦੀਆਂ ਪੀਪਿਆਂ ਵਿਚ ਵੱਡੀ ਮਾਤਰਾ ਦੌਰਾਨ ਪੈਕ ਹੋਈਆਂ ਵੱਖ-ਵੱਖ ਚਟਨੀਆਂ, ਨੂਡਲਜ਼, ਟਿੱਕੀਆਂ, ਬਰਗਰਾਂ ਨੂੰ ਵੇਚਦੇ ਹੋਏ ਚਮ ਦੀਆਂ ਚਲਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਭਰ ਵਿਚ ਜ਼ਿਆਦਾਤਰ ਦੁਕਾਨ ਮਾਲਕਾਂ ਅਤੇ ਰੇਹੜੀ ਵਾਲਿਆਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਨੂੰ ਗੰਦਗੀ ਭਰੇ ਮਾਹੌਲ ਵਿਚ ਤਿਆਰ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ
ਫਾਸਟ ਫੂਡ ਦੇ ਸ਼ੌਕੀਨ ਛੋਟੀ ਤੋਂ ਵੱਡੀ ਉਮਰ ਤੱਕ ਦੇ ਲੋਕਾਂ ਨੂੰ ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਗੰਦੇ ਢੰਗ ਨਾਲ ਤਿਆਰ ਕੀਤੀਆਂ ਗਈਆਂ ਚਟਨੀਆਂ ਪਰੋਸੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਹੈ। ਇਨ੍ਹਾਂ ਘਟੀਆ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ ਚਟਨੀਆਂ, ਜਿਨ੍ਹਾਂ ਵਿਚ ਹਰੀ ਚਟਨੀ, ਲਾਲ ਚਟਨੀ, ਮਿਊਨਿਸ, ਸੋਇਆ ਸਾਸ, ਨਾਰੀਅਲ ਚੱਟਣੀ ਨੂੰ ਵੱਡੇ-ਵੱਡੇ ਪਲਾਸਟਿਕ ਦੇ ਕੰਟੇਨਰਾਂ ’ਚ ਕਾਰੋਬਾਰੀਆਂ ਤੱਕ ਪਹੁੰਚਾਉਣ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ 'ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ
ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਨਾਲਾਇਕੀ ਕਰਕੇ ਚਟਨੀਆਂ ਨੂੰ ਸਪਲਾਈ ਕਰਨ ਵਾਲੇ ਵਿਅਕਤੀਆਂ ਵੱਲੋਂ ਪਲਾਸਟਿਕ ਦੇ ਕੰਟੇਨਰਾਂ ਉਪਰ ਨਾ ਤਾਂ ਕੋਈ ਲੇਬਲ ਲਗਾਇਆ ਜਾਂਦਾ ਹੈ ਅਤੇ ਨਾ ਹੀ ਤਿਆਰ ਕਰਨ ਵਾਲੀ ਕੰਪਨੀ ਦਾ ਵੇਰਵਾ ਦਿੱਤਾ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਚਟਨੀਆਂ ਦੀ ਸਾਰੇ ਜ਼ਿਲੇ ਵਿਚ ਸਪਲਾਈ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਆਪਣੇ ਘਰਾਂ ਨੂੰ ਜਾ ਚੁੱਕੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਇਨ੍ਹਾਂ ਘਟੀਆ ਕਿਸਮ ਦੀਆਂ ਚਟਨੀਆਂ ਦੀ ਪੂਰੇ ਜ਼ੋਰਾਂ ਨਾਲ ਸਪਲਾਈ ਹੁੰਦੀ ਹੈ। ਇਨ੍ਹਾਂ ਘਟੀਆ ਕਿਸਮ ਦੀਆਂ ਚਟਨੀਆਂ ਨੂੰ ਲੋਕ ਫਾਸਟ ਫੂਡ ਦੇ ਨਾਲ ਬੜੇ ਸਵਾਦਾਂ ਨਾਲ ਖਾਂਦੇ ਹਨ, ਜਿਸ ਨਾਲ ਉਹ ਵੱਖ-ਵੱਖ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ ਨੂੰ ...
ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਾਗਜ਼ਾਂ ਵਿਚ ਖਾਨਾ ਪੂਰਤੀ ਕਰਦੇ ਹੋਏ ਵੱਖ-ਵੱਖ ਨਿਯਮਾਂ ਨੂੰ ਲਾਗੂ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪ੍ਰੰਤੂ ਅਸਲੀਅਤ ਵਿਚ ਕਿਸੇ ਵੀ ਖਾਣ-ਪੀਣ ਵਾਲੀ ਵਸਤੂ ਨੂੰ ਤਿਆਰ ਕਰਨ ਵਾਲੇ ਕਾਰੀਗਰ ਵੱਲੋਂ ਨਾ ਤਾਂ ਟੋਪੀ ਪਹਿਨ ਹੀ ਜਾਂਦੀ ਹੈ ਅਤੇ ਨਾ ਹੀ ਹੱਥਾਂ ਵਿਚ ਦਸਤਾਨੇ ਅਤੇ ਮੂੰਹ ਉਪਰ ਮਾਸਕ। ਉਨ੍ਹਾਂ ਕਿਹਾ ਕਿ ਗੰਦੇ ਢੰਗ ਤਰੀਕੇ ਨਾਲ ਗੰਦੇ ਮਾਹੌਲ ਵਿਚ ਖਾਣਾ ਤਿਆਰ ਕਰਕੇ ਲੋਕਾਂ ਪਾਸੋਂ ਮੋਟੀਆਂ ਰਕਮਾਂ ਤਾਂ ਮਸੂਲ ਕਰ ਲਈਆਂ ਜਾਂਦੀਆਂ ਹਨ ਪ੍ਰੰਤੂ ਇਨ੍ਹਾਂ ਖਿਲਾਫ ਸਿਹਤ ਵਿਭਾਗ ਵੱਲੋਂ ਕਾਰਵਾਈ ਦੇ ਨਾਮ ਉਪਰ ਸਿਰਫ ਮਿਲੀ ਭੁਗਤ ਕਰਦੇ ਹੋਏ ਖਾਣ-ਪੀਣ ਵਾਲੀ ਵਸਤੂਆਂ ਦੇ ਸੈਂਪਲ ਭਰ ਲਏ ਜਾਂਦੇ ਹਨ। ਜਿਸ ਤੋਂ ਬਾਅਦ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ। ਗਿੱਲ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਉਹ ਜ਼ਮੀਨੀ ਹਕੀਕਤ ਨੂੰ ਵੇਖਦੇ ਹੋਏ ਖੁਦ ਗਲਤ ਢੰਗ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾਉਣ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਚਟਨੀਆਂ ਅਤੇ ਫਾਸਟ ਫੂਡ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਿਸ ਲਈ ਉਹ ਸਿਹਤ ਵਿਭਾਗ ਨੂੰ ਜਲਦ ਆਦੇਸ਼ ਜਾਰੀ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰੇ ਸਕੂਲ ਕਲਰਕ ਤੋਂ 2.50 ਲੱਖ ਖੋਹ ਫਰਾਰ
NEXT STORY