ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਦਾ ਡਰੱਗ ਵਿੰਗ ਲਗਾਤਾਰ ਨਿਯਮਾਂ ਤੋਂ ਉਲਟ ਕੰਮ ਕਰਨ ਵਾਲੇ ਮੈਡੀਕਲ ਸਟੋਰਾਂ ’ਤੇ ਸ਼ਿਕੰਜਾ ਕੱਸ ਰਿਹਾ ਹੈ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ 2 ਦਰਜਨ ਦੇ ਕਰੀਬ ਜ਼ਿਲੇ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਨਿਯਮਾਂ ਤੋਂ ਉਲਟ ਰੱਖੀਆਂ ਗਈਆਂ 1 ਲੱਖ 33 ਹਜ਼ਾਰ ਰੁਪਏ ਦੇ ਕਰੀਬ ਦਵਾਈਆਂ ਬਰਾਮਦ ਕੀਤੀਆਂ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਖੁਦ ਟੀਮਾਂ ਦੀ ਅਗਵਾਈ ਕਰ ਰਹੇ ਸਨ, ਜਦਕਿ ਪੁਲਸ ਪ੍ਰਸ਼ਾਸਨ ਅਤੇ ਸੀ. ਆਈ. ਏ. ਸਟਾਫ ਦੇ ਅਧਿਕਾਰੀ ਵੀ ਚੈਕਿੰਗ ਦਾ ਹਿੱਸਾ ਸਨ।
ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਨੇ ਦੱਸਿਆ ਕੀ ਮੈਸਰਜ਼ ਪ੍ਰਭ ਮੈਡੀਕਲ ਸਟੋਰ, ਗੁਰੂ ਨਾਨਕ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਬਾਹਰ ਚੈਕਿੰਗ ਕੀਤੀ ਗਈ। ਇਸ ਦੌਰਾਨ ਫਾਰਮ 16 ’ਤੇ 107941 ਰੁਪਏ ਦੀਆਂ 10 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਸਟਾਕ ਕਬਜ਼ੇ ਦੀ ਸੀਮਾ ਤੋਂ ਵੱਧ ਸੀ ਅਤੇ ਸ਼ਡਿਊਲ ਐੱਚ-1 ਰਜਿਸਟਰ ਅੱਪ-ਟੂ-ਡੇਟ ਨਹੀਂ ਰੱਖਿਆ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ਦੀ ਡੰਪਿੰਗ ਗਰਾਊਂਡ ਨੂੰ ਲੈ ਕੇ ਅਰੁਣਾ ਚੌਧਰੀ ਨੇ ਚੁੱਕਿਆ ਮੁੱਦਾ
ਸੁਖਦੀਪ ਸਿੰਘ ਨੇ ਦੱਸਿਆ ਕਿ ਮੈਸਰਜ਼ ਗਰੋਵਰ ਫਾਰਮੇਸੀ ਬਟਾਲਾ ਰੋਡ, ਸਰੀਨ ਹਸਪਤਾਲ ਅੰਮ੍ਰਿਤਸਰ ਦੇ ਸਾਹਮਣੇ ਅਤੇ ਮੈਸਰਜ਼ ਦਾਵਾ ਇੰਡੀਆ ਡਰੱਗ ਮਾਰਟ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਵੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਹੋਰ ਵੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਜਿੱਥੇ ਮੌਕੇ ’ਤੇ ਪਾਈਆਂ ਗਈਆਂ ਉਣਤਾਈਆਂ ਨੂੰ ਠੀਕ ਕਰਵਾਇਆ ਗਿਆ। ਸੁਖਦੀਪ ਸਿੰਘ ਨੇ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਦੂਸਰੇ ਪਾਸੇ ਦਵਾਈਆਂ ਦੀ ਸਭ ਤੋਂ ਵੱਡੀ ਮਾਰਕੀਟ ਕਟੜਾ ਸ਼ੇਰ ਸਿੰਘ ਵਿੱਚ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਸ਼ਾਮਲ ਡਰੱਗ ਕੰਟਰੋਲ ਅਧਿਕਾਰੀ ਮੈਡਮ ਬੱਬਲੀਨ ਕੌਰ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਮੈਡਮ ਬੱਬਲੀਨ ਕੌਰ ਨੇ ਦੱਸਿਆ ਕਿ ਐੱਲ. ਕੇ. ਫਾਰਮਾਸਿਊਟੀਕਲਜ਼, ਐੱਨ. ਕੇ. ਏਜੰਸੀਆਂ, ਪੀਯੂਸ਼ ਫਾਰਮਾਂ ਆਦਿ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਫਰਮਾਂ ਤੋਂ ਕੋਈ ਵੀ ਆਦਤ ਪਾਉਣ ਵਾਲੀਆਂ ਦਵਾਈਆਂ ਬਰਾਮਦ ਨਹੀਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੈਡਮ ਬੱਬਲੀਨ ਕੌਰ ਨੇ ਦੱਸਿਆ ਕਿ ਦੱਤਾ ਬ੍ਰਦਰਜ਼, ਦੁਕਾਨ ਤੇ ਫਾਰਮ 16 ’ਤੇ 25164/-ਰੁਪਏ ਦੀ ਕੀਮਤ ਦੀਆਂ 2 ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 75 ਮਿਲੀਗ੍ਰਾਮ ਦੀ ਤਾਕਤ ਵਾਲੇ ਪ੍ਰੀਗਾਬਾਲਿਨ ਦੇ 1100 ਕੈਪਸ ਅਤੇ 50 ਮਿਲੀਗ੍ਰਾਮ ਦੀ ਤਾਕਤ ਵਾਲੇ 300 ਕੈਪਸ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਚੈਕਿੰਗ ਜਾਰੀ ਰਹੇਗੀ।
ਜ਼ਿਲ੍ਹੇ ’ਚ ਬਣਾਈਆਂ ਵੱਖ-ਵੱਖ ਟੀਮਾਂ ਕਰ ਰਹੀਆਂ ਦਿਨ-ਰਾਤ ਚੈਕਿੰਗ : ਜ਼ੋਨਲ ਲਾਇਸੈਂਸ ਅਥਾਰਟੀ
ਡਰੱਗ ਵਿੰਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਵਿਚ ਡਰੱਗ ਵਿੰਗ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੁਹਿੰਮ ਤਹਿਤ 2 ਲੱਖ ਤੋਂ ਵਧੇਰੇ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਮੈਡੀਕਲ ਸਟੋਰਾਂ ਦੇ ਲਾਇਸੈਂਸ ਵੀ ਰੱਦ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਦਿਨ-ਰਾਤ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਰੱਗ ਐਂਡ ਕਾਸਟਮੈਟਿਕ ਐਕਟ ਦਾ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2025-26 ਲਈ 1386 ਕਰੋੜ 47 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ 'ਚ ਪਾਸ
NEXT STORY