ਲੁਧਿਆਣਾ, (ਹਿਤੇਸ਼)- ਨਗਰ ਨਿਗਮ ਦੇ ਜ਼ੋਨ ਏ ਦੀ ਇਮਾਰਤੀ ਬ੍ਰਾਂਚ ਦੀ ਟੀਮ ਨੇ ਬੁੱਧਵਾਰ ਨੂੰ ਛੁੱਟੀ ਵਾਲੇ ਦਿਨ ਕਈ ਥਾਈਂ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਤਹਿਤ ਮੁੱਖ ਰੂਪ ਨਾਲ ਬਰਾਊਨ ਰੋਡ ’ਤੇ ਬਣੀਆਂ 5 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁਰਾਣੀਆਂ ਇਮਾਰਤਾਂ ਦੀ ਆਡ਼ ’ਚ ਬਣਾਇਆ ਗਿਆ ਸੀ। ਉਨ੍ਹਾਂ ਦੁਕਾਨਾਂ ਨੂੰ ਸਵੇਰੇ ਖੁੱਲ੍ਹਣ ਤੋਂ ਪਹਿਲਾਂ ਹੀ ਜਿੰਦੇ ਠੋਕ ਦਿੱਤੇ ਗਏ, ਜਿਸ ਤੋਂ ਬਾਅਦ ਨਗਰ ਨਿਗਮ ਦਫਤਰ ’ਚ ਪੁੱਜੇ ਇਮਾਰਤ ਦੇ ਮਾਲਕਾਂ ਨੇ ਕਰੀਬ 20 ਲੱਖ ਦੀ ਬਣਦੀ ਕੰਪਾਊਂਡਿੰਗ ਫੀਸ ਜਮ੍ਹਾ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਹੈ, ਜਿਸ ਵਿਚ ਚੇਂਜ ਆਫ ਲੈਂਡ ਯੂਜ਼ ਤੇ ਡਿਵੈੱਲਪਮੈਂਟ ਚਾਰਜਿਜ਼ ਵੀ ਸ਼ਾਮਲ ਹਨ।
ਦੀਪਕ ਸਿਨੇਮਾ ਰੋਡ ਦੀਆਂ ਨਾਜਾਇਜ਼ ਉਸਾਰੀਆਂ ’ਤੇ ਚਲਾਇਆ ਬੁਲਡੋਜ਼ਰ
ਨਗਰ ਨਿਗਮ ਦੀ ਟੀਮ ਨੇ ਦੀਪਕ ਸਿਨੇਮਾ ਰੋਡ ’ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ’ਤੇ ਵੀ ਬੁਲਡੋਜ਼ਰ ਚਲਾਇਆ। ਭਾਵੇਂ ਇਨ੍ਹਾਂ ਉਸਾਰੀਆਂ ਲਈ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਦਾ ਦਾਅਦਾ ਕੀਤਾ ਜਾ ਰਿਹਾ ਹੈ ਪਰ ਮੌਕੇ ’ਤੇ ਤੈਅ ਨਿਯਮਾਂ ਤੋਂ ਜ਼ਿਆਦਾ ਕਵਰੇਜ ਕਰ ਲਈ ਗਈ ਸੀ, ਜਿਸ ਹਿੱਸੇ ਨੂੰ ਜੇ. ਸੀ. ਬੀ. ਮਸ਼ੀਨ ਨਾਲ ਤੋਡ਼ ਦਿੱਤਾ ਗਿਆ ਹੈ।
ਸਾਹਮਣੇ ਆਈ ਇੰਸਪੈਕਟਰ ਦੀ ਮਿਲੀਭੁਗਤ
ਜ਼ੋਨ ਏ ਦੀ ਟੀਮ ਵੱਲੋਂ ਜਿੰਨੀਆਂ ਵੀ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ, ਉਹ ਲਗਭਗ ਬਣ ਕੇ ਪੂਰੀਆਂ ਹੋ ਚੁੱਕੀਆਂ ਹਨ, ਜਦੋਂਕਿ ਨਾਜਾਇਜ਼ ਤੌਰ ’ਤੇ ਹੋ ਰਹੀਆਂ ਉਸਾਰੀਆਂ ਨੂੰ ਫਾਊਂਡੇਸ਼ਨ ਪੱਧਰ ’ਤੇ ਹੀ ਰੋਕਣ ਦੀ ਜ਼ਿੰਮੇਵਾਰੀ ਏਰੀਆ ਇੰਸਪੈਕਟਰ ਦੀ ਬਣਦੀ ਹੈ ਪਰ ਉਸ ਨੇ ਮਿਲੀਭੁਗਤ ਕਾਰਨ ਅਜਿਹਾ ਨਹੀਂ ਕੀਤਾ ਅਤੇ ਹੁਣ ਉੱਚ ਅਫਸਰਾਂ ਤੱਕ ਸ਼ਿਕਾਇਤਾਂ ਪੁੱਜਣ ’ਤੇ ਦਿਖਾਵੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਟਲ ਦੀਆਂ ਨਾਜਾਇਜ਼ ਉਸਾਰੀਅਾਂ ਖਿਲਾਫ ਹੋਈ ਖਾਨਾਪੂਰਤੀ
ਨਗਰ ਨਿਗਮ ਦੀ ਡਰਾਈਵ ਦੌਰਾਨ ਰੇਖੀ ਸਿਨੇਮਾ ਚੌਕ ਦੇ ਕੋਲ ਰੇਲਵੇ ਸਟੇਸ਼ਨ ਰੋਡ ’ਤੇ ਬਣੇ ਇਕ ਹੋਟਲ ਦੀ ਨਾਜਾਇਜ਼ ਉਸਾਰੀ ਖਿਲਾਫ ਕਾਰਵਾਈ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ ਪਰ ਇਹ ਐਕਸ਼ਨ ਖਾਨਾਪੂਰਤੀ ਤੋਂ ਜ਼ਿਆਦਾ ਕੁਝ ਨਜ਼ਰ ਨਹੀਂ ਆਇਆ, ਕਿਉਂਕਿ ਹੋਟਲ ਲਈ ਨਗਰ ਨਿਗਮ ਨੇ ਜੋ ਨਕਸ਼ਾ ਪਾਸ ਕਰਵਾਇਆ ਸੀ, ਉਸ ਦੇ ਉਲਟ ਚਾਰ ਮੰਜ਼ਿਲਾ ਇਮਾਰਤ ਦੀ ਉਸਾਰੀ ਕਰ ਲਈ ਗਈ ਹੈ, ਜਿਸ ਸਬੰਧੀ ਕਾਫੀ ਪਹਿਲਾਂ ਸ਼ਿਕਾਇਤ ਪੁੱਜਣ ਦੇ ਬਾਵਜੂਦ ਨਗਰ ਨਿਗਮ ਦੀ ਇਮਾਰਤੀ ਬ੍ਰਾਂਚ ਦੇ ਅਫਸਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦਾ ਫਾਇਦਾ ਲੈ ਕੇ ਹੋਟਲ ਮਾਲਕ ਨੇ ਪਾਰਕਿੰਗ ਅਤੇ ਫਰੰਟ ਹਾਊਸ ਲੇਨ ਦੀ ਜਗ੍ਹਾ ਨੂੰ ਵੀ ਕਵਰ ਕਰ ਲਿਆ ਹੈ, ਜੋ ਨਾਨ ਕੰਪਾਊਂਡੇਬਲ ਕੈਟਾਗਰੀ ’ਚ ਹੋਣ ਦੇ ਬਾਵਜੂਦ ਡੇਗਣ ਦੀ ਬਜਾਏ ਸਿਰਫ ਸੀਲ ਹੀ ਲਾਈ ਗਈ ਹੈ।
ਕਿਡਨੈਪਿੰਗ ਦੀ ਫੋਨ ਕਾਲ ਨਾਲ ਪੁਲਸ ’ਚ ਮਚੀ ਹਫੜਾ-ਦਫੜੀ
NEXT STORY