ਸੰਗਰੂਰ,(ਬੇਦੀ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਕਾਰਨ ਭਾਵੇਂ ਪਿਛਲੇ ਦਿਨਾਂ ਤੋਂ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਕਿਸੇ ਵੀ ਪਿੰਡ ਵਿਚ ਵੋਟਾਂ ਵਾਲਾ ਮਾਹੌਲ ਬਣਿਆ ਨਜ਼ਰ ਨਹੀਂ ਆਇਆ। ਉਥੇ ਹੀ ਬਰਨਾਲਾ ਵਿਚ 57 ਅਤੇ ਸੰਗਰੂਰ ’ਚ 64 ਫੀਸਦੀ ਮਤਦਾਨ ਹੋਇਆ। ਜ਼ਿਲਾ ਸੰਗਰੂਰ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਸਰਵੇ ਦੌਰਾਨ ਲਗਭਗ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਇਨ੍ਹਾਂ ਚੋਣਾਂ ਵਿਚ ਨਾ ਤਾਂ ਕਿਸੇ ਪਾਰਟੀ ਨੇ ਸਰਗਰਮੀ ਦਿਖਾਈ ਅਤੇ ਨਾ ਹੀ ਵੋਟਰਾਂ ਨੇ। ਸਿਰਫ਼ ਸੱਤਾਧਾਰੀ ਪਾਰਟੀ ਕਾਂਗਰਸ ਦੇ ਬੂਥਾਂ ’ਤੇ ਹੀ ਕੁਝ ਥਾਈਂ ਰੌਣਕਾਂ ਨਜ਼ਰ ਆਈਆਂ। ਪਿੰਡ ਅਕੋਈ ਸਾਹਿਬ ਵਿਖੇ ਦੌਰਾ ਕਰਨ ਉਪਰੰਤ ਵੇਖਿਆ ਗਿਆ ਕਿ ਪਿੰਡ ਵਿਚ ਦੋ ਥਾਈਂ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਸੀ ਸਵੇਰੇ 12 ਵਜੇ ਦੇ ਕਰੀਬ ਵੋਟਾਂ ਪਵਾਉਣ ਲਈ ਅਮਲਾ ਵਿਹਲਾ ਬੈਠਾ ਸੀ ਕੋਈ ਟਾਵਾਂ ਟੱਲਾ ਵੋਟਰ ਹੀ ਵੋਟ ਪਾਉਣ ਆ ਰਿਹਾ ਸੀ ਜਾਂ ਫਿਰ ਕਾਂਗਰਸੀਆਂ ਵੱਲੋਂ ਆਪਣੇ ਪੱਧਰ ’ਤੇ ਵੋਟਰਾਂ ਨੂੰ ਆਪਣੇ ਸਾਧਨਾਂ ’ਤੇ ਵੋਟਾਂ ਪਵਾਉਣ ਵਾਸਤੇ ਲਿਆਂਦਾ ਜਾ ਰਿਹਾ ਸੀ। ਪਿੰਡ ਦੀ ਬਜ਼ੁਰਗ ਮਾਤਾ ਗੁਰਦਿਆਲ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਕਿ ਅੱਜ ਕਿਹਡ਼ੀਆਂ ਵੋਟਾਂ ਪੈਣੀਆਂ ਹਨ।
ਇਸੇ ਤਰ੍ਹਾਂ ਪਿੰਡ ਮੰਗਵਾਲ ਵਿਚ ਵੀ ਮਾਹੌਲ ਬੇ-ਰੌਣਕਾ ਹੀ ਰਿਹਾ। ਪਿੰਡ ਵਿਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਬੂਥ ਲਾਏ ਗਏ ਸਨ ਪਰ ਵੋਟਰਾਂ ਵਿਚ ਕੋਈ ਖ਼ਾਸ ਉਤਸ਼ਾਹ ਨਹੀਂ ਸੀ। ਦੁਪਹਿਰ ਤੱਕ ਪਿੰਡ ਵਿਚ 20 ਫੀਸਦੀ ਵੋਟਾਂ ਹੀ ਪੋਲ ਹੋਈਆਂ ਸਨ। ਪਿੰਡ ਚੱਠੇ ਨਕਟੇ ’ਚ ਵੀ ਵੋਟਾਂ ਪੈਣ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੀ। ਦੁਪਹਿਰ 2 ਵਜੇ ਤੱਕ ਵੀ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਨਜ਼ਰ ਨਹੀਂ ਪਈਆਂ, ਪਿੰਡ ਦੇ ਕੁਝ ਅਕਾਲੀ ਸਮਰਥਕਾਂ ਤੇ ਕਾਂਗਰਸੀਆਂ ਵਿਚ ਤੂੰ-ਤੂੰ, ਮੈਂ-ਮੈਂ ਵੀ ਹੁੰਦੀ ਰਹੀ ਪਰ ਵੋਟਰਾਂ ਦਾ ਉਤਸ਼ਾਹ ਠੰਡਾ ਹੀ ਵੇਖਣ ਨੂੰ ਮਿਲਿਆ। ਦਫ਼ਤਰੀ ਅਮਲਾ ਵੀ ਲਗਭਗ ਵਿਹਲਾ ਹੀ ਬੈਠਾ ਨਜ਼ਰ ਆਇਆ, ਦੁਪਹਿਰ ਤੱਕ ਇਥੇ ਵੀ ਮਹਿਜ਼ 25 ਫੀਸਦੀ ਹੀ ਵੋਟਾਂ ਭੁਗਤੀਆਂ ਸਨ।
ਜ਼ਿਲਾ ਸੰਗਰੂਰ ਦੇ ਵੱਡੇ ਪਿੰਡ ਛਾਜਲੀ ਵਿਖੇ ਭਾਵੇਂ ਵੋਟਰਾਂ ਦੀ ਗਿਣਤੀ 10 ਹਜ਼ਾਰ ਤੋਂ ਉੱਪਰ ਦੱਸੀ ਜਾ ਰਹੀ ਹੈ ਪਰ ਇਸ ਪਿੰਡ ’ਚ ਵੀ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ, ਪਿੰਡ ਦੇ ਮੋਹਤਬਰ ਅਵਤਾਰ ਸਿੰਘ ਸਮਰਾਓ ਨੇ ਦੱਸਿਆ ਕਿ ਅੱਜ ਪਿੰਡ ’ਚ ਮੇਲਾ ਲੱਗਿਆ ਹੋਣ ਕਾਰਨ ਪਿੰਡ ਦੇ ਵੱਡੀ ਗਿਣਤੀ ’ਚ ਲੋਕ ਸਿਰਫ਼ ਮੇਲਾ ਵੇਖਣ ਗਏ ਹਨ। ਵੋਟਾਂ ਪਾਉਣ ਦਾ ਕਿਸੇ ਕੋਲ ਟਾਈਮ ਨਹੀਂ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਲੋਕਾਂ ਵੱਲੋਂ ਬਹੁਤ ਘੱਟ ਦਿਲਚਸਪੀ ਦਿਖਾਈ ਜਾਂਦੀ ਹੈ, ਇਸ ਦੇ ਉਲਟ ਗ੍ਰਾਮ ਪੰਚਾਇਤ ਦੀਆਂ ਵੋਟਾਂ ’ਚ ਹੀ ਪਿੰਡ ਦੇ ਵੋਟਰ ਸਰਗਰਮੀ ਦਿਖਾਉਂਦੇ ਹਨ। ਪਿੰਡਾਂ ’ਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਉਮੀਦਵਾਰਾਂ ਵਿਚਾਲੇ ਪਸਰੀ ਚੁੱਪ ਸਾਫ਼ ਦਿਖਾਈ ਦੇ ਰਹੀ ਸੀ
ਕਾਂਗਰਸੀਆਂ ਦੀ ਕਥਿਤ ਧੱਕੇਸ਼ਾਹੀ ਕਾਰਨ ਦੂਜੀਆਂ ਪਾਰਟੀਆਂ ਨੇ ਕੀਤਾ ਸਰੰਡਰ
ਪਿੰਡਾਂ ਵਿਚ ਕੀਤੇ ਗਏ ਸਰਵੇਖਣ ਤੋਂ ਇਹ ਗੱਲ ਵੀ ਉਭਰ ਕੇ ਆਈ ਕਿ ਕਈ ਪਿੰਡਾਂ ’ਚ ਵੋਟਾਂ ਲਡ਼ਨ ਦੇ ਚਾਹਵਾਨਾਂ ਦੇ ਕਾਗਜ਼ ਰੱਦ ਹੋਣ ਕਾਰਨ ਉਨ੍ਹਾਂ ਵਿਚ ਸੱਤਾਧਾਰੀ ਪਾਰਟੀ ਪ੍ਰਤੀ ਗੁੱਸਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਇਕ ਪਿੰਡ ਵਾਸੀ ਨੇ ਕਿਹਾ ਕਿ ਸਾਡੇ ਉਮੀਦਵਾਰ ਨੇ ਚੋਣ ਲਡ਼ਨ ਲਈ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਨਾਲ ਰਾਬਤਾ ਬਣਾਇਆ ਹੋਇਆ ਸੀ ਪਰ ਐਨ ਮੌਕੇ ’ਤੇ ਕਿਸੇ ਕਾਰਨ ਉਸ ਦੇ ਕਾਗਜ਼ ਰੱਦ ਹੋਣ ਕਾਰਨ, ਉਸ ਦੇ ਸਮਰਥਕਾਂ ਦਾ ਜੋਸ਼ ਠੰਡਾ ਪੈ ਗਿਆ ਅਤੇ ਉਹ ਵੋਟਾਂ ਤੋਂ ਕਿਨਾਰਾ ਕਰ ਕੇ ਬੈਠ ਗਏ । ਵਿਭਾਗੀ ਸੂਤਰਾਂ ਮੁਤਾਬਕ ਦਰਜਨਾਂ ਥਾਵਾਂ ’ਤੇ ਬਲਾਕ ਸੰਮਤੀ ਤੇ ਕਈ ਥਾਵਾਂ ’ਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰਾਂ ਦੇ ਕਾਗਜ਼ ਰੱਦ ਹੋਣ ਕਾਰਨ ਜ਼ਿਆਦਾਤਰ ਕਾਂਗਰਸੀ ਆਗੂਆਂ ਨੂੰ ਬਿਨਾਂ ਮੁਕਾਬਲਾ ਜੇਤੂ ਗਰਦਾਨ ਦਿੱਤਾ ਗਿਆ ਹੈ। ਪਿੰਡ ਝਾਡ਼ੋਂ ਤੇ ਬੀਰ ਕਲਾਂ ਵਿਖੇ ਕਾਂਗਰਸੀਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਉੱਪ ਪ੍ਰਧਾਨ ਅਮਨ ਅਰੋਡ਼ਾ ਨੇ ਕਿਹਾ ਕਿ ਪਿੰੰਡ ਝਾਡ਼ੋਂ ਵਿਖੇ ਕਾਂਗਰਸ ਦੇ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ’ਤੇ ਗੋਲੀ ਚਲਾਈ ਗਈ ਤੇ ਪਿੰਡ ਬੀਰ ਕਲਾਂ ਵਿਖੇ ਹੁਲਡ਼ਬਾਜ਼ੀ ਕੀਤੀ ਗਈ। ਇਸ ਸਬੰਧੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨਾਲ ਗੱਲ ਕੀਤੀ ਤਾਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਆਪਣੀ ਹਾਰ ਨੂੰ ਦੇਖਦਿਆਂ ਇਹ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਕਾਂਗਰਸ ਤੇ ‘ਆਪ’ ਵਰਕਰਾਂ ਵਿਚਕਾਰ ਝਡ਼ਪ, ਚੱਲੀ ਗੋਲੀ
NEXT STORY