ਭਗਤਾ ਭਾਈ (ਪਰਵੀਨ) : ਕਸਬਾ ਭਗਤਾ ਭਾਈ ਦੇ ਪ੍ਰਸਿੱਧ ‘ਪਰਦੀਪ ਬੁਟੀਕ’ ਵਿਚ ਸਵੇਰੇ ਕਰੀਬ 4 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਕੁਲਦੀਪ ਸਿੰਘ, ਜੋ ਕਿ ਫੌਜੀ ਰਿਹਾ ਹੈ, ਦਾ ਕਾਫੀ ਨੁਕਸਾਨ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਦੋਵੇਂ ਮੰਜ਼ਿਲਾਂ ਨੂੰ ਪਲਕ ਝਪਕਦੇ ਹੀ ਆਪਣੀ ਲਪੇਟ ’ਚ ਲੈ ਲਿਆ।
ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਫੌਜੀ ਦੀ ਦੁਕਾਨ ’ਚ ਪਏ ਕਰੀਬ 5 ਲੱਖ ਦੀ ਨਕਦੀ ਅਤੇ ਕੀਮਤੀ ਗਹਿਣਿਆਂ ਸਮੇਤ ਕੁੱਲ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਨੇ ਨਾ ਸਿਰਫ ਦੁਕਾਨ ਦਾ ਸਾਰਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ, ਸਗੋਂ ਉੱਪਰਲੀ ਮੰਜ਼ਿਲ, ਜਿੱਥੇ ਪਰਿਵਾਰ ਰਹਿੰਦਾ ਸੀ, ਦਾ ਸਾਰਾ ਘਰੇਲੂ ਸਾਮਾਨ ਅਤੇ ਜਨਰੇਟਰ ਵੀ ਅੱਗ ਦੀ ਭੇਟ ਚੜ੍ਹ ਗਏ। ਇਸ ਤੋਂ ਇਲਾਵਾ ਦੁਕਾਨ ਦੇ ਬਿਲਕੁਲ ਨਾਲ ਖੜ੍ਹੀ ਉਨ੍ਹਾਂ ਦੀ ਕਾਰ ਵੀ ਅੱਗ ਨਾਲ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਸਮੇਂ ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਕੁਲਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਸੌਂ ਰਿਹਾ ਸੀ।
ਇਹ ਵੀ ਪੜ੍ਹੋ : ਦਿੱਲੀ ਦੰਗਾ ਪੀੜਤ ਸਿੱਖਾਂ ਲਈ ਸਰਕਾਰੀ ਨੌਕਰੀਆਂ 'ਚ ਛੋਟ, ਉਮਰ ਤੇ ਵਿੱਦਿਅਕ ਯੋਗਤਾ 'ਚ ਮਿਲੇਗੀ ਰਾਹਤ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ਕੁਲਦੀਪ ਸਿੰਘ ਦੀ 16 ਸਾਲਾ ਬੇਟੀ ਹਰਲੀਨ ਕੌਰ ਨੇ ਬੇਹੱਦ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਉਸ ਨੇ ਆਪਣੀਆਂ ਭੈਣਾਂ ਅਤੇ ਆਪਣੀ ਦਾਦੀ ਨੂੰ ਬਹੁਤ ਸਾਵਧਾਨੀ ਨਾਲ ਅੱਗ ਤੋਂ ਬਚਾਉਂਦਿਆਂ ਬਾਹਰ ਕੱਢਿਆ। ਇਸ ਘਟਨਾ ਸਥਾਨ ਦੇ ਬਿਲਕੁਲ ਨਾਲ ਰਹਿੰਦੇ ਤਰਪਾਲਾਂ ਵਾਲੀਆਂ ਝੁੱਗੀਆਂ ’ਚ ਰਹਿੰਦੇ ਲੋਕਾਂ ਨੇ ਵੀ ਮਦਦ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੇ ਆਪਣੀਆਂ ਤਰਪਾਲਾਂ ਨੂੰ ਪਾੜ ਕੇ ਅਤੇ ਸਹਾਇਕ ਸੰਦਾਂ ਨਾਲ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਖੂਹ ਕਮੇਟੀ ਭਗਤਾ, ਸਤਿਕਾਰ ਕਮੇਟੀ ਕੋਠਾ ਗੁਰੂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਦਾ ਜਾਅਲੀ ਵੀਜ਼ਾ ਦੇ ਕੇ ਮਾਰੀ 10 ਲੱਖ ਦੀ ਠੱਗੀ, ਟ੍ਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
NEXT STORY