ਜਲਾਲਾਬਾਦ (ਸੇਤੀਆ,ਸੁਮਿਤ): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਜਾਰਾਂ 'ਚ ਦੁਕਾਨਦਾਰਾਂ ਨੂੰ ਸ਼ਾਮ 7 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਸਬੰਧੀ ਹਿਦਾਇਤ ਜਾਰੀ ਕੀਤੀ ਹੋਈ ਹੈ। ਪਰ ਦੂਜੇ ਪਾਸੇ ਬਜਾਰਾਂ 'ਚ ਦੁਕਾਨਦਾਰ ਸਮਾਬੰਦੀ ਦੀ ਪ੍ਰਵਾਹ ਨਾ ਕਰਦੇ ਹੋਏ ਰਾਤ 8:30 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਰਹਿੰਦੇ ਹਨ। ਲੱਗਦਾ ਹੈ ਕਿ ਇਨ੍ਹਾਂ ਦੁਕਾਨਦਾਰਾਂ ਤੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਪੈ ਰਹੀ। ਇਸ ਲਈ ਬੇਪ੍ਰਵਾਹੀ ਨਾਲ ਦੁਕਾਨਦਾਰ ਪ੍ਰਸ਼ਾਸਨਿਕ ਹੁਕਮਾਂ ਨੂੰ ਨਜ਼ਰ ਅੰਦਾਜ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਬਾਹਮਣੀ ਬਾਜ਼ਾਰ, ਬੱਘਾ ਬਾਜ਼ਾਰ, ਰੇਲਵੇ ਬਾਜ਼ਾਰ, ਸ਼ਹੀਦ ਊਧਮ ਸਿੰਘ ਚੌਂਕ ਅਤੇ ਹੋਰ ਬਜ਼ਾਰਾਂ 'ਚ ਕਈ ਦੁਕਾਨਦਾਰ ਸ਼ਾਮ 7 ਵਜੇ ਤੱਕ ਸਮਾਂਬੰਦੀ ਤੋਂ ਬਾਅਦ ਦੁਕਾਨਾਂ ਖੋਲ੍ਹ ਕੇ ਬੈਠੇ ਰਹਿੰਦੇ ਹਨ। ਦੁਕਾਨਾਂ ਖੁੱਲ੍ਹੀਆਂ ਦੇਖ ਕੇ ਸ਼ਹਿਰ ਤੇ ਪਿੰਡਾਂ ਦੇ ਲੋਕ ਵੀ ਦੁਕਾਨਾਂ ਤੇ ਪਹੁੰਚ ਜਾਂਦੇ ਹਨ। ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਪ੍ਰਸ਼ਾਸਨ ਨੇ 7 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਦੁਕਾਨਦਾਰ ਵੀ ਦੇਰ ਸ਼ਾਮ ਤੱਕ ਦੁਕਾਨਾਂ ਦੇ ਸ਼ਟਰ ਬੰਦ ਨਹੀਂ ਕਰਦੇ ਅਤੇ ਗ੍ਰਾਹਕਾਂ ਨੂੰ ਦੇਖਦੇ ਰਹਿੰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਤੋਂ ਨਵੇਂ ਡੀ.ਐੱਸ.ਪੀ. ਨੇ ਜਿੰਮੇਵਾਰੀ ਸੰਭਾਲੀ ਹੈ ਤਾਂ ਉਦੋਂ ਤੋਂ ਬਜਾਰਾਂ 'ਚ ਖਾਸ ਗਸ਼ਤ ਦਿਖਾਈ ਨਹੀਂ ਦੇ ਰਹੀ ਅਤੇ ਲੋਕ ਵੀ ਢਿੱਲ ਦਾ ਫਾਇਦਾ ਉਠਾ ਰਹੇ ਹਨ।
ਇਥੇ ਦੱਸ ਦੇਈਏ ਕਿ ਜ਼ਿਲ੍ਹਾ ਫਾਜ਼ਿਲਕਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਅਜੇ ਵੀ ਬਾਕੀ ਹਨ ਅਤੇ ਕਿਉਂਕਿ ਜੋ ਮਰੀਜ਼ ਪਾਏ ਗਏ ਹਨ ਉਨ੍ਹਾਂ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ ਬਲਕਿ ਕੁੱਝ ਹੋਰ ਵੀ ਹੋ ਸਕਦੇ ਹਨ ਜੋ ਅਜੇ ਜਾਂਚ 'ਚ ਸਾਹਮਣੇ ਆਉਣ ਵਾਲੇ ਹਨ ਪਰ ਜਿਸ ਤਰ੍ਹਾਂ ਲੋਕ ਲਾਪਰਵਾਹੀ ਦਿਖਾ ਰਹੇ ਹਨ ਅਤੇ ਸੋਸ਼ਲ ਡਿਸਟੈਂਸੀ ਦਾ ਧਿਆਨ ਨਹੀਂ ਰੱਖ ਰਹੇ ਉਸ ਤੋਂ ਲੱਗਦਾ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਮਹਾਮਾਰੀ ਦਾ ਸੰਕਟ ਹੋਰ ਗਹਿਰਾ ਸਕਦਾ ਹੈ।ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਆਪਣੇ ਵਲੋ ਹਰ ਕਦਮ ਫੂਕ ਫੂਕ ਕੇ ਰੱਖ ਰਿਹਾ ਹੈ ਪਰ ਹੇਠਲੇ ਪੱਧਰ ਤੇ ਹੁਕਮਾਂ ਦੀ ਪਾਲਣਾ ਸਖਤੀ ਨਾਲ ਨਾ ਹੋਣ ਕਾਰਣ ਦੁਕਾਨਦਾਰ ਸਮਾਬੰਦੀ ਦੀ ਸ਼ਰੇਆਮ ਉਲੰਘਣਾ ਕਰਕੇ ਦੇਰ ਸ਼ਾਮ ਤੱਕ ਦੁਕਾਨਾਂ ਖੋਲ ਕੇ ਬੈਠੇ ਰਹਿੰਦੇ ਹਨ ਜਦਕਿ ਉਨ੍ਹਾਂ ਨੂੰ ਸ਼ਾਮ 7 ਵਜੇ ਦੇ ਨਿਰਧਾਰਤ ਸਮੇਂ ਤੋਂ ਬਾਅਦ ਦੁਕਾਨਾਂ ਬੰਦ ਕਰ ਦੇਣੀਆਂ ਚਾਹੀਦੀਆ ਹਨ।
ਇਸ ਸਬੰਧੀ ਡੀ.ਐੱਸ.ਪੀ. ਪਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮਾਮਲਾ ਮੇਰੇ ਧਿਆਨ 'ਚ ਲਿਆ ਦਿੱਤਾ ਹੈ ਇਸ ਸਬੰਧੀ ਐੱਸ.ਐੱਚ.ਓ. ਨੂੰ ਬੁਲਾ ਕੇ ਬਜ਼ਾਰਾਂ 'ਚ ਗਸ਼ਤ ਵਧਾਈ ਜਾਵੇਗੀ।ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਖੁੱਲ੍ਹੀਆਂ ਦੁਕਾਨਾਂ ਦੇ ਚਲਾਨ ਕੱਟੇ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਸ ਸਬੰਧੀ ਵੀ ਉਨ੍ਹਾਂ ਨੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।ਭਾਵੇਂ ਡੀ.ਐਸ.ਪੀ. ਜਲਾਲਾਬਾਦ ਵਲੋਂ ਬਜਾਰਾਂ 'ਚ ਦੁਕਾਨਾਂ ਖੁੱਲੀਆਂ ਹੋਣ ਸਬੰਧੀ ਜਾਣਕਾਰੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਰੋਜਾਨਾ ਸ਼ਹਿਰ ਦੇ ਚੌਂਕਾਂ 'ਚ ਪੁਲਿਸ ਵਲੋਂ ਨਾਕੇ ਲਗਾਏ ਜਾਂਦੇ ਹਨ ਪਰ ਉਥੇ ਹੀ ਉਨ੍ਹਾਂ ਦੀ ਨੱਕ ਹੇਠਾਂ ਦੁਕਾਨਾਂ ਖੁੱਲੀਆਂ ਰਹਿੰਦੀਆਂ ਹਨ।
ਰਾਹਤ ਭਰੀ ਖਬਰ: ਤਪਾ ਹਸਪਤਾਲ ਵਲੋਂ ਲਏ 1095 ਸੈਂਪਲ 'ਚੋਂ 930 ਆਏ ਨੈਗੇਟਿਵ
NEXT STORY