ਭਗਤਾ ਭਾਈ, (ਪਰਵੀਨ)- ਨੇੜਲੇ ਪਿੰਡ ਕੋਠਾ ਗੁਰੂ ਵਿੱਚ ਬੀਤੀ ਵੀਰਵਾਰ ਰਾਤ ਬਿਜਲੀ ਟ੍ਰਾਂਸਫਾਰਮਰ ਬੰਦ ਕਰਨ ਨੂੰ ਲੈ ਕੇ ਹੋਇਆ ਝਗੜਾ ਜਾਨਲੇਵਾ ਹਮਲੇ ਵਿੱਚ ਬਦਲ ਗਿਆ। ਹਮਲਾਵਰਾਂ ਨੇ ਪਿੰਡ ਦੇ ਇੱਕ ਪਿਓ-ਪੁੱਤ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਬਜ਼ੁਰਗ ਪਿਓ ਦੀ ਹੀ ਮੌਤ ਹੋ ਗਈ, ਜਦਕਿ ਪੁੱਤਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਕੇ ਹਸਪਤਾਲ ਵਿੱਚ ਦਾਖ਼ਲ ਹੈ।
ਘਟਨਾ ਸਬੰਧੀ ਪੀੜਤ ਕਸ਼ਮੀਰ ਸਿੰਘ ਉਰਫ਼ ਜੋਸ਼ੀ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਰਾਤ ਕਰੀਬ 10 ਵਜੇ ਉਸ ਦੇ ਘਰ ਦੀ ਬਿਜਲੀ ਸਪਲਾਈ ਸਪਾਰਕ ਰਹੀ ਸੀ। ਖ਼ਤਰਾ ਟਾਲਣ ਲਈ ਉਹ ਗਲੀ ਦੇ ਟ੍ਰਾਂਸਫਾਰਮਰ ਕੋਲ ਗਿਆ, ਜਿੱਥੇ ਪਿੰਡ ਦਾ ਬਿੱਟੂ ਸਿੰਘ ਪਹਿਲਾਂ ਹੀ ਮੌਜੂਦ ਸੀ ਅਤੇ ਉਸ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ। ਇਸੇ ਦੌਰਾਨ ਹਰਦੀਪ ਸਿੰਘ ਉਰਫ਼ ਕਾਕਾ ਉੱਥੇ ਆ ਗਿਆ ਅਤੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹਾਲਾਂਕਿ ਕੁਝ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰ ਦਿੱਤਾ। ਪਰ ਥੋੜ੍ਹੀ ਦੇਰ ਬਾਅਦ ਬਿੱਟੂ ਸਿੰਘ, ਹਰਦੀਪ ਸਿੰਘ ਉਰਫ਼ ਕਾਕਾ, ਜੋਗਿੰਦਰ ਸਿੰਘ ਅਤੇ ਬਲਦੇਵ ਸਿੰਘ ਉਰਫ਼ ਬਲਦੇਵਾ ਗੜਾਸੇ, ਲਾਠੀਆਂ ਅਤੇ ਹਾਕੀਆਂ ਲੈ ਕੇ ਕਸ਼ਮੀਰ ਸਿੰਘ ਦੇ ਘਰ ਪਹੁੰਚ ਗਏ।
ਗਾਲੀ-ਗਲੋਚ ਕਰਨ ਤੋਂ ਬਾਅਦ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਸ਼ੋਰ ਸੁਣ ਕੇ ਉਸ ਦਾ ਪਿਤਾ ਚਮਕੌਰ ਸਿੰਘ, ਮਾਂ ਅਤੇ ਪਤਨੀ ਬਾਹਰ ਆ ਗਏ ਅਤੇ ਬਚਾਅ ਕਰਨ ਲੱਗੇ। ਇਸੇ ਦੌਰਾਨ ਦੋਸ਼ੀਆਂ ਨੇ ਬਜ਼ੁਰਗ ਚਮਕੌਰ ਸਿੰਘ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਸਿਰ ‘ਤੇ ਗੰਭੀਰ ਚੋਟ ਲੱਗੀ ਅਤੇ ਉਹ ਮੌਕੇ ‘ਤੇ ਹੀ ਡਿੱਗ ਪਏ। ਜ਼ਖ਼ਮੀ ਕਸ਼ਮੀਰ ਸਿੰਘ ਅਤੇ ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਭਗਤਾ ਭਾਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਮਕੌਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਕਸ਼ਮੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਭਗਤਾ ਭਾਈ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਕਸ਼ਮੀਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਜੋਗਿੰਦਰ ਸਿੰਘ, ਉਸ ਦਾ ਪੁੱਤਰ ਹਰਦੀਪ ਸਿੰਘ ਉਰਫ਼ ਕਾਕਾ, ਬਿੱਟੂ ਸਿੰਘ ਅਤੇ ਬਲਦੇਵ ਸਿੰਘ ਉਰਫ਼ ਬਲਦੇਵਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ।
ਨਗਰ ਨਿਗਮ ਨੇ ਨੌਂ ਇਲੈਕਟ੍ਰੋਪਲੇਟਿੰਗ ਅਤੇ ਜ਼ਿੰਕ ਯੂਨਿਟਾਂ ਦੇ ਗੈਰ-ਕਾਨੂੰਨੀ ਸੀਵਰੇਜ ਕਨੈਕਸ਼ਨ ਕੱਟੇ
NEXT STORY