ਪਟਿਆਲਾ, (ਬਲਜਿੰਦਰ)- ਨਾਭਾ ਬੈਂਕ ਡਕੈਤੀ ਮਾਮਲੇ ਦੀ ਪਟਿਆਲਾ ਪੁਲਸ ਵੱਲੋਂ ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਅਮਨਜੀਤ ਗੁਰੀ ਦੇ 3 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਗੁਰਮੇਲ ਸਿੰਘ ਉਰਫ ਬੋਲਾ ਉਰਫ ਜੋਕਰ ਵਾਸੀ ਰਛੀਨ ਜ਼ਿਲਾ ਲੁਧਿਆਣਾ, ਮੇਜਰ ਸਿੰਘ ਵਾਸੀ ਕਾਂਜਲਾ ਜ਼ਿਲਾ ਸੰਗਰੂਰ ਅਤੇ ਗੁਰਮੇਲ ਸਿੰਘ ਵਾਸੀ ਘਨੌਰੀ ਸ਼ਾਮਲ ਹਨ। ਇਸ ਸਬੰਧੀ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਮਨਜੀਤ ਗੁਰੀ ਅਤੇ ਜਗਦੇਵ ਤਾਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਐੈੱਸ. ਪੀ. ਡੀ. ਮਨਜੀਤ ਸਿੰਘ ਬਰਾਡ਼, ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ, ਡੀ. ਐੈੱਸ. ਪੀ. ਡੀ. ਸੁਖਮਿੰਦਰ ਸਿੰਘ ਚੌਹਾਨ, ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਐੈੈੱਸ. ਆਈ. ਗੁਰਮੀਤ ਸਿੰਘ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਗੁਰੀ ਅਤੇ ਤਾਰੀ ਨਾਲ ਕਈ ਵਾਰਦਾਤਾਂ ਵਿਚ ਸ਼ਾਮਲ ਸਨ। ਇਨ੍ਹਾਂ ਵਿਅਕਤੀਆਂ ’ਤੇ ਕੁੱਲ ਮਿਲਾ ਕੇ ਕਤਲ ਤੇ ਲੁੱਟ-ਖੋਹ ਦੇ 17 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ 6 ਵਿਅਕਤੀਆਂ ਦਾ ਕਤਲ ਅਤੇ 7 ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਸਨ। ਹੁਣ ਤੱਕ ਕੁੱਲ ਕੈਸ਼ ਦੀ ਲੁੱਟ ਅਤੇ ਅਸਲਾ ਲੁੱਟਣ ਦੀਆਂ ਕੁੱਲ 14 ਵਾਰਦਾਤਾਂ ਟਰੇਸ ਹੋ ਚੁੱਕੀਆਂ ਹਨ। ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਇਹ ਗਿਰੋਹ 2006 ਤੋਂ ਵਾਰਦਾਤਾਂ ਕਰਦੇ ਆ ਰਹੇ ਹਨ। ਪਹਿਲਾਂ ਅਮਨਜੀਤ ਗੁਰੀ ਆਪਣੇ ਸਾਥੀ ਗੁਰਮੇਲ ਸਿੰਘ ਉਰਫ ਜੋਕਰ ਨਾਲ ਰਲ ਕੇ ਵਾਰਦਾਤਾਂ ਕਰਦਾ ਸੀ। ਸਾਲ 2013 ਵਿਚ ਇਸ ਗਿਰੋਹ ’ਚ ਜਗਦੇਵ ਸਿੰਘ ਵੀ ਸ਼ਾਮਲ ਹੋ ਗਿਆ। ਇਸ ਮੌਕੇ ਐੈੱਸ. ਪੀ. ਮਨਜੀਤ ਸਿੰਘ ਬਰਾਡ਼, ਡੀ. ਐੱਸ. ਪੀ. ਦਵਿੰਦਰ ਅਤਰੀ, ਡੀ. ਐੈੱਸ. ਪੀ. ਸੁਖਮਿੰਦਰ ਸਿੰਘ ਚੌਹਾਨ, ਸੀ. ਆਈ. ਏ. ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ, ਨਾਭਾ ਕੋਤਵਾਲੀ ਦੇ ਇੰਚਾਰਜ ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।
ਕੀ ਕੁੱਝ ਹੋਇਆ ਬਰਾਮਦ
ਪੁਲਸ ਰਿਮਾਂਡ ਦੌਰਾਨ ਅਮਨਜੀਤ ਸਿੰਘ ਗੁਰੀ ਤੋਂ ਇਕ ਰਾਈਫਲ ਲਾਇਸੰਸੀ 12 ਬੋਰ ਅਤੇ 25 ਰੌਂਦ, ਇਕ ਰਾਈਫਲ 315 ਬੋਰ 25 ਰੌਂਦ, ਇਕ ਹੈਲਮਟ ਰੰਗ ਕਾਲਾ, 2 ਗਰਾਈਂਡਰ ਅਤੇ 2 ਗਰਾਈਂਡਰ ਦੇ ਕਟਰ ਬਰਾਮਦ ਕੀਤੇ ਗਏ, ਜੋ ਕਿ ਲੁੱਟੀ ਗਈ ਰਕਮ ਵਿਚੋਂ ਖਰੀਦੇ ਗਏ ਸਨ।
ਨਾਭਾ ਦੀ 37 ਲੱਖ ਦੀ ਲੁੱਟ ਨੂੰ ਲੈ ਕੇ ਪਿਆ ਆਪਸ ’ਚ ਰੌਲਾ
ਇਸ ਗਿਰੋਹ ਵਿਚ ਅਮਨਜੀਤ, ਗੁਰਮੇਲ ਅਤੇ ਮੇਜਰ ਵੱਲੋਂ ਨਾਭਾ ਦੀ ਸਾਲ 2014 ਵਿਚ ਕੀਤੀ ਗਈ 37 ਲੱਖ ਰੁਪਏ ਦੀ ਲੁੱਟ ਨੂੰ ਲੈ ਕੇ ਆਪਸ ਵਿਚ ਰੌਲਾ ਪੈ ਗਿਆ ਸੀ। 37 ਲੱਖ ਵਿਚੋਂ 11 ਲੱਖ ਰੁਪਏ ਬੈਂਕ ਮੁਲਾਜ਼ਮ ਪਹਿਲਾਂ ਹੀ ਕਿਸੇ ਏ. ਟੀ. ਐੈੱਮ. ਵਿਚ ਜਮ੍ਹਾ ਕਰ ਕੇ ਆਏ ਸਨ। ਡੇਢ ਤੋਂ 2 ਲੱਖ ਰੁਪਿਆ ਵਾਰਦਾਤ ਦੌਰਾਨ ਡਿੱਗ ਪਿਆ। 24 ਲੱਖ ਨੂੰ ਤਿੰਨਾਂ ਨੇ ਆਪਸ ਵਿਚ ਵੰਡ ਲਿਆ। ਜਦੋਂ ਅਗਲੇ ਦਿਨ ਖਬਰਾਂ 37 ਲੱਖ ਰੁਪਏ ਦੀਆਂ ਲੱਗੀਆਂ ਤਾਂ ਤਿੰਨਾਂ ਦੇ ਆਪਸ ਵਿਚ ਸਬੰਧ ਖਰਾਬ ਹੋ ਗਏ।
ਕਿਵੇਂ ਦਿੰਦੇ ਸਨ ਵਾਰਦਾਤ ਨੂੰ ਅੰਜਾਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਪਹਿਲਾਂ ਉਸ ਥਾਂ ਦੀ ਰੇਕੀ ਕਰਦੇ ਸਨ। ਫਿਰ ਉਸ ਜਗ੍ਹਾ ਤੋਂ ਪਿੰਡਾਂ ਵਿਚਲੇ ਲਿੰਕ ਰੋਡ ਲਭਦੇ ਸਨ ਤਾਂ ਕਿ ਆਪਣੇ ਟਿਕਾਣੇ ’ਤੇ ਆਸਾਨੀ ਨਾਲ ਪਹੁੰਚ ਸਕਣ। ਵਾਰਦਾਤ ਸਮੇਂ ਇਹ ਸਿੱਧਾ ਫਾਇਰ ਕਰਦੇ ਸਨ। ਵਿਅਕਤੀ ਦੀ ਮੌਤ ਹੋ ਜਾਂਦੀ ਸੀ ਤਾਂ ਇਹ ਪੈਸੇ ਅਤੇ ਹਥਿਆਰ ਲੈ ਕੇ ਫਰਾਰ ਹੋ ਜਾਂਦੇ ਸਨ। ਹਰ ਵਾਰਦਾਤ ਇਹ ਹੁਲੀਆ ਬਦਲ ਕੇ ਕਰਦੇ ਸਨ। ਕਦੇ ਪੱਗ ਬੰਨ੍ਹ, ਕਦੇ ਹੈਲਮਟ ਪਾ ਕੇ, ਕਦੇ ਮੋਟਰਸਾਈਕਲ ’ਤੇ ਆਦਿ। ਵਾਰਦਾਤ ਤੋਂ ਬਾਅਦ ਇਹ ਵਿਅਕਤੀ ਕਈ ਵਾਰ ਉਸੇ ਥਾਂ ’ਤੇ ਭੇਸ ਬਦਲ ਕੇ ਵਾਪਸ ਜਾ ਕੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਸਨ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।
ਕਿਹਡ਼ੀਆਂ-ਕਿਹਡ਼ੀਆਂ ਵਾਰਦਾਤਾਂ ਹੋਈਆਂ ਟਰੇਸ
ਇਸ ਗਿਰੋਹ ਦੇ ਮੈਂਬਰਾਂ ਵੱਲੋਂ 8 ਮਈ 2006 ਨੂੰ ਨਿਰਭੈ ਸਿੰਘ ਵਾਸੀ ਕਾਂਜਲਾ ਸੋਸਾਇਟੀ ਦੇ ਕਰਮਚਾਰੀ (ਜਦੋਂ ਉਹ ਕਿਸ਼ਤਾਂ ਦੀ ਰਕਮ ਲੈ ਕੇ ਮੋਟਰਸਾਈਕਲ ’ਤੇ ਜਾ ਰਿਹਾ ਸੀ) ਦੇ ਫਾਇਰ ਮਾਰ ਕੇ 3 ਲੱਖ ਰੁਪਏ ਦੀ ਖੋਹ ਕੀਤੀ। ਇਸ ਵਿਚ ਅਮਨਜੀਤ ਗੁਰੀ ਤੋਂ ਇਲਾਵਾ ਗੁਰਮੇਲ ਸਿੰਘ ਜੋਕਰ ਅਤੇ ਮੇਜਰ ਸਿੰਘ ਸ਼ਾਮਲ ਸਨ। ਦੂਜੀ ਵਾਰਦਾਤ 12 ਦਸੰਬਰ 2008 ਨੂੰ ਸਭ ਤੋਂ ਸਨਸਨੀਖੇਜ਼ ਕੀਤੀ। ਇਸ ਵਿਚ ਅਮਨਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸ਼ਾਮ ਨੂੰ ਹਥਿਆਰਾਂ ਨਾਲ ਲੈਸ ਹੋ ਕੇ ਪਹਿਲਾਂ ਭਾਰਤ ਗੈਸ ਏਜੰਸੀ ਚੀਮਾ ਦੇ ਗੰਨਮੈਨ ਅਵਤਾਰ ਸਿੰਘ ਵਾਸੀ ਹੀਰੋ ਕਲਾਂ ਦੇ ਸਿਰ ’ਚ ਗੋਲੀ ਮਾਰੀ। ਫਿਰ ਕੈਸ਼ੀਅਰ ਸਤਿਆ ਨਰਾਇਣ ਵਾਸੀ ਰਾਜਸਥਾਨ ਜੋ ਕਿ ਕੈਸ਼ ਵਾਲਾ ਬੈਗ ਲੈ ਕੇ ਟਰੱਕ ਵਿਚ ਬੈਠ ਗਿਆ, ਨੂੰ ਟਰੱਕ ਵਿਚੋਂ ਧੂਹ ਕੇ ਉਸ ਨੂੰ ਗੋਲੀ ਮਾਰੀ। ਇਕ ਪੇਂਡੂ ਗਾਹਕ ਨੱਥ ਸਿੰਘ ਵਾਸੀ ਸਤੌਜ ਜੋ ਕਿ ਏਜੰਸੀ ਵਿਚ ਖਡ਼੍ਹਾ ਸੀ, ਉਸ ਨੂੰ ਵੀ ਗੋਲੀ ਮਾਰ ਦਿੱਤੀ। ਲੁੱਟ-ਖੋਹ ਦੀ ਮਨਸ਼ਾ ਨਾਲ ਗੋਲੀਆਂ ਮਾਰ ਕੇ 3 ਕਤਲ ਕਰ ਕੇ 2 ਲੱਖ ਰੁਪਏ ਕੈਸ਼ ਲੁੱਟਿਆ। ਗੰਨਮੈਨ ਦੀ ਡਬਲ ਬੈਰਲ ਗੰਨ ਲੈ ਕੇ ਫਰਾਰ ਹੋ ਗਏ। 8 ਮਈ 2009 ਨੂੰ ਜਿੰਦਲ ਪ੍ਰੈਡਿਗ ਲਿਮਟਿਡ ਦੁਲੱਦੀ ਗੇਟ ਨਾਭਾ ਦੇ ਕਰਮਚਾਰੀ ਨਰੇਸ਼ ਕੁਮਾਰ ਤੇ ਰਾਜ ਕੁਮਾਰ ’ਤੇ ਫਾਇਰ ਕਰ ਕੇ 7 ਲੱਖ ਰੁਪਏ ਲੁੱਟੇ। ਇਸ ਕੇਸ ਵਿਚ ਰਾਜ ਕੁਮਾਰ ਦੀ ਮੌਤ ਹੋ ਗਈ। ਇਸੇ ਤਰ੍ਹਾਂ 2 ਜੂਨ 2010 ਨੂੰ ਮੇਘ ਸਿੰਘ ਵਾਸੀ ਕਸਿਆਣਾ ਜ਼ਿਲਾ ਪਟਿਆਲਾ ਜੋ ਪਿੰਡ ਦੁੱਗਾ ਵਿਖੇ ਜ਼ਮੀਨ ’ਤੇ ਖੇਤੀਬਾਡ਼ੀ ਦਾ ਕੰਮ ਕਰਦਾ ਸੀ ਤੇ ਉਸ ਨੇ ਆਪਣੀ ਰਿਹਾਇਸ਼ ਵੀ ਰੱਖੀ ਹੋਈ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਨੇ-ਪੰਜਾਬ ਢਾਬਾ ਬਰਨਾਲਾ ਰੋਡ ਦੁੱਗਾ ਤੋਂ ਸ਼ਾਮ ਸਮੇਂ ਆਪਣੀ ਜਿਪਸੀ ਵਿਚ ਦੁੱਧ ਲੈਣ ਗਿਆ। ਰਸਤੇ ਵਿਚ ਉਕਤ ਵਿਅਕਤੀਆਂ ਨੇ ਉਸ ਦਾ ਲਾਇਸੰਸੀ ਰਿਵਾਲਵਰ, 18 ਰੌਂਦ ਦੇ 10 ਹਜ਼ਾਰ ਰੁਪਏ ਖੋਹ ਲਏ। ਇਨ੍ਹਾਂ ਵਿਅਕਤੀਆਂ ਵੱਲੋਂ ਹੀ 17 ਮਈ 2011 ਨੂੰ ਟਰੈਕਟਰ-ਟਰਾਲੀ ਵਾਲੇ ਨੂੰ ਫਾਇਰ ਮਾਰੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਗਿਰੋਹ ਵੱਲੋਂ 20 ਅਕਤੂਬਰ 2012 ਨੂੰ ਐਕਸਿਸ ਬੈਂਕ ਸਮਾਣਾ ਤੋਂ ਲੈ ਕੇ ਪਾਤਡ਼ਾਂ ਵਿਖੇ ਏ. ਟੀ. ਐੈੱਮ. ਵਿਚ ਕੈਸ਼ ਪਾਉਣ ਲਈ ਜਾ ਰਹੀ ਵੈਨ ’ਤੇ ਫਾਇਰ ਕੀਤਾ ਗਿਆ। ਅੱਗੋਂ ਗੰਨਮੈਨ ਵੱਲੋਂ ਫਾਇਰ ਕਰਨ ਤੋਂ ਬਾਅਦ ਉਥੋਂ ਭੱਜ ਗਏ। ਐੈੱਸ. ਐੈੱਸ. ਪੀ. ਨੇ ਦੱਸਿਆ ਕਿ 9 ਨਵੰਬਰ 2017 ਨੂੰ ਇਨ੍ਹਾਂ ਵਿਅਕਤੀਆਂ ਨੇ ਗੁਰਪਾਲ ਸਿੰਘ ਵਾਸੀ ਪਿੰਡ ਖੇਡ਼ੀ ਜ਼ਿਲਾ ਸੰਗਰੂਰ ਦੇ ਪੈਰ ਵਿਚ ਫਾਇਰ ਮਾਰ ਕੇ 1 ਲੱਖ 46 ਹਜ਼ਾਰ ਰੁਪਏ ਦੀ ਖੋਹ ਕੀਤੀ। 23 ਫਰਵਰੀ 2018 ਨੂੰ ਬੀਰਬਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੁਲਾਰ ਖੁਰਦ ਥਾਣਾ ਸਦਰ ਸੁਨਾਮ ਜੋ ਕਿ ਇੰਡੀਅਨ ਆਇਲ ਪਾਈਪ ਲਾਈਨ ਸੰਗਰੂਰ ਵਿਚ ਸਕਿਓਰਿਟੀ ਗਾਰਡ ਲੱਗਾ ਹੋਇਆ ਸੀ, ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪੇਟ ਵਿਚ ਗੋਲੀ ਮਾਰੀ। ਉਸ ਦੀ ਲਾਇਸੰਸੀ ਰਾਈਫਲ 12 ਬੋਰ ਡਬਲ ਬੈਰਲ ਤੇ 10 ਰੌਂਦ ਖੋਹ ਕੇ ਫਰਾਰ ਹੋ ਗਏ।
3 ਹੋਰ ਬੈਂਕ ਸੋਸਾਇਟੀਆਂ ਸਨ ਨਿਸ਼ਾਨੇ ’ਤੇ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਦੇ 3 ਸੋਸਾਇਟੀਆਂ ਅਤੇ ਬੈਂਕ ਹੋਰ ਨਿਸ਼ਾਨੇ ’ਤੇ ਸਨ। ਇਨ੍ਹਾਂ ਵਿਚੋਂ ਨਾਭਾ ਤੋਂ ਸੰਗਰੂਰ ਜਾਣ ਵਾਲੀ ਕੈਸ਼ ਵੈਨ, ਪਿੰਡ ਰੌਂਗਲਾ ਮਹਿਲਾ ਚੌਕ ਤੇ ਪਿੰਡ ਮੌਡ਼ਾਂ ਜ਼ਿਲਾ ਸੰਗਰੂਰ ਦੀਆਂ ਸੋਸਾਇਟੀਆਂ ਦਾ ਕੈਸ਼ ਸ਼ਾਮਲ ਹੈ। ਇਨ੍ਹਾਂ ਦੀ ਰੇਕੀ ਪੂਰੀ ਕਰ ਲਈ ਗਈ ਸੀ। ਬੱਸ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਚੱਲ ਰਹੀ ਸੀ।
ਇਨੋਵਾ-ਬਲੈਰੋ ਟੱਕਰ ਕਾਰਨ ਬੁਰੀ ਤਰ੍ਹਾਂ ਨੁਕਸਾਨੀਅਾਂ
NEXT STORY