ਫਿਲੌਰ (ਭਾਖੜੀ)- ਮਾਮਲਾ ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ’ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਰਾਹੁਲ ਨੂੰ ਭਜਾਉਣ ’ਚ ਮਦਦ ਕਰਨ ਵਾਲੇ ਉਸ ਦੇ ਸਾਥੀ ਕਰਣ ਗੋਇਲ ਵਾਸੀ ਅੱਪਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਹਮਲੇ ’ਚ ਵਰਤੀ ਗਈ ਥਾਰ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਸ ਵਲੋਂ ਤੁਰੰਤ ਦੇਸ਼ ਦੇ ਸਾਰੇ ਏਅਰਪੋਰਟਾਂ ’ਤੇ ਐੱਲ. ਓ. ਸੀ. ਜਾਰੀ ਹੋਣ ਕਾਰਨ ਰਾਹੁਲ ਦੇਸ਼ ਛੱਡ ਕੇ ਭੱਜਣ ’ਚ ਸਫਲ ਨਹੀਂ ਹੋ ਸਕਿਆ, ਜੋ ਦੇਸ਼ ਵਿਚ ਹੀ ਹੈ। ਇਨ੍ਹਾਂ ਸਾਰਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਅੱਜ ਆਪਣੇ ਦਫਤਰ ’ਚ ਪ੍ਰੈੱਸ ਕਾਨਫਰੰਸ ਕਰ ਕੇ ਡੀ. ਐੱਸ. ਪੀ. ਫਿਲੌਰ ਸਰਵਨ ਸਿੰਘ ਬੱਲ, ਥਾਣਾ ਮੁਖੀ ਇੰਸ. ਅਮਨ ਸੈਣੀ ਨੇ ਦੱਸਿਆ ਕਿ 18 ਅਕਤੂਬਰ ਨੂੰ ਸ਼ਾਮ ਸਵਾ 5 ਵਜੇ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਕੁਝ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਫਿਲੌਰ ਪੁੱਜਾ ਗੈਂਗਸਟਰ ਰਿਤਿਸ਼ ਉਰਫ ਰਾਹੁਲ ਪੁੱਤਰ ਪ੍ਰਿੰਥੀ ਚੰਦ ਆਪਣੇ ਇਕ ਹੋਰ ਸਾਥੀ ਅਮਨਦੀਪ ਸਿੰਘ ਪੁੱਤਰ ਭਜਨ ਸਿੰਘ ਨਾਲ ਥਾਰ ਗੱਡੀ ’ਚ ਬੈਠ ਕੇ ਅਟਵਾਲ ਹਾਊਸ ਕਾਲੋਨੀ ਦੇ ਅੰਦਰ ਦਾਖਲ ਹੋ ਕੇ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ਨੂੰ ਘਰ ਖਰੀਦਣ ਦੇ ਬਹਾਨੇ ਉਨ੍ਹਾਂ ਦੇ ਦਫਤਰ ਤੋਂ ਬਾਹਰ ਬੁਲਾ ਕੇ ਉਨ੍ਹਾਂ ’ਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।
ਹਮਲਾਵਰਾਂ ਦਾ ਮੁਕਾਬਲਾ ਕਰਦੇ ਗੋਰਾ ਤਾਂ ਵਾਲ-ਵਾਲ ਬਚ ਗਿਆ ਪਰ ਇਕ ਗੋਲੀ ਗੋਰਾ ਦੇ ਸਾਥੀ ਸੰਜੀਵ ਸ਼ਰਮਾ ਦੀ ਲੱਤ ’ਚ ਲੱਗੀ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਹਮਲਾਵਰਾਂ ਨੇ ਵਾਰਦਾਤ ’ਚ ਇੰਪੋਰਟਿਡ ਗਲੋਕ ਪਿਸਤੌਲ ਦੀ ਵਰਤੋਂ ਕੀਤੀ ਸੀ। ਵਾਰਦਾਤ ਤੋਂ ਬਾਅਦ ਉਹ ਥਾਰ ਗੱਡੀ ’ਚ ਬੈਠ ਕੇ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਅਤੇ ਐੱਸ. ਪੀ. ਡੀ. ਸਰਬਜੀਤ ਰਾਏ ਨੇ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕਰ ਦਿੱਤੀਆਂ। ਇੰਸਪੈਕਟਰ ਅਮਨ ਸੈਣੀ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਵਾਰਦਾਤ ਤੋਂ ਬਾਅਦ ਗੈਂਗਸਟਰ ਰਾਹੁਲ ਨੂੰ ਭਜਾਉਣ ’ਚ ਮਦਦ ਕਰਨ ਅਤੇ ਉਸ ਨੂੰ ਸਵਿਫਟ ਗੱਡੀ ਮੁਹੱਈਆ ਕਰਵਾਉਣ ਵਾਲੇ ਮੁਲਜ਼ਮ ਕਰਣ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅੱਪਰਾ ਨੂੰ ਗ੍ਰਿਫਤਾਰ ਕਰ ਕੇ ਕਰਣ ਗੋਇਲ ਕੋਲੋਂ ਹਮਲੇ ਵਿਚ ਵਰਤੀ ਗਈ ਥਾਰ ਗੱਡੀ, ਜੋ ਉਸ ਨੇ ਲੁਕੋ ਕੇ ਰੱਖੀ ਸੀ, ਬਰਾਮਦ ਕਰ ਲਈ ਗਈ ਹੈ।
ਗੈਂਗਸਟਨਰ ਰਾਹੁਲ ਲਈ ਰੇਕੀ ਕਰਨ, ਉਸ ਨੂੰ ਭਜਾਉਣ ਅਤੇ ਲੁਕੋਣ ’ਚ ਮਦਦ ਕਰਨ ’ਤੇ ਉਸ ਦੀ ਮਾਤਾ, ਪਿਤਾ, ਭੈਣ ਅਤੇ ਸਹੁਰੇ ’ਤੇ ਵੀ ਕੇਸ ਦਰਜ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸ. ਅਮਨ ਸੈਣੀ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਹਾਲ ਹੀ ਵਿਚ ਕੈਨੇਡਾ ਤੋਂ ਆਏ ਗੈਂਗਸਟਰ ਰਿਤਿਸ਼ ਉਰਫ ਰਾਹੁਲ ਦੇ ਸਬੰਧ ’ਚ ਖਾਸ ਜਾਣਕਾਰੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿਚ ਪਾਇਆ ਗਿਆ ਹੈ ਕਿ ਗੈਂਗਸਟਰ ਰਾਹੁਲ ਦਾ ਪਿਤਾ ਪ੍ਰਿਥੀ ਚੰਦ ਜੋ ਬਿਜਲੀ ਬੋਰਡ ਤੋਂ ਰਿਟਾਇਰਡ ਮੁਲਾਜ਼ਮ ਹੈ ਅਤੇ ਉਸ ਦੀ ਭੈਣ ਮੋਨਾ ਲੋਕਾਂ ਦੇ ਘਰਾਂ ਵਿਚ ਜਾ ਕੇ ਘਰ ਖਰੀਦਣ ਦੇ ਬਹਾਨੇ ਰੇਕੀ ਕਰਦੇ ਸਨ।
ਦੋਵੇਂ ਪਿਓ-ਧੀ ਨੇ ਮਨਦੀਪ ਸਿੰਘ ਗੋਰਾ ਤੋਂ ਇਲਾਵਾ ਕੁਝ ਹੋਰ ਖਾਸ ਲੋਕਾਂ ਦੀ ਰੇਕੀ ਕਰ ਕੇ ਉਸ ਦੀ ਜਾਣਕਾਰੀ ਰਾਹੁਲ ਤੱਕ ਪਹੁੰਚਾ ਦਿੱਤੀ, ਜਿਸ ਤੋਂ ਬਾਅਦ ਰਾਹੁਲ ਨੇ ਆਪਣੇ ਸਾਥੀ ਅਮਨਦੀਪ ਸਿੰਘ ਨਾਲ ਅਟਵਾਲ ਹਾਊਸ ਕਾਲੋਨੀ ’ਚ ਪੁੱਜ ਕੇ ਮਨਦੀਪ ਸਿੰਘ ਗੋਰਾ ਨੂੰ ਜਾਨੋਂ ਮਾਰਨ ਦੇ ਚੱਕਰ ’ਚ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਇਸ ਤੋਂ ਇਲਾਵਾ ਇਸ ਖਤਰਨਾਕ ਗੈਂਗਸਟਰ ਨੂੰ ਭਜਾਉਣ ਅਤੇ ਲੁਕੋਣ ’ਚ ਮਦਦ ਕਰਨ ’ਤੇ ਉਸ ਦੀ ਮਾਤਾ ਵੀਨਾ (ਪਤਨੀ ਪ੍ਰਿੰਥੀ ਚੰਦ), ਉਸ ਦਾ ਸਹੁਰਾ ਜਸਵਿੰਦਰ ਸਿੰਘ ਵਾਸੀ ਪਿੰਡ ਰਟੈਂਡਾ ਅਤੇ ਇਕ ਹੋਰ ਕਰੀਬੀ ਅਮਰਜੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਬਾੜੀਆਂ ਕਲਾਂ, ਜ਼ਿਲਾ ਹੁਸ਼ਿਆਰਪੁਰ ਸਾਰੇ ਸ਼ਾਮਲ ਪਾਏ ਗਏ ਹਨ। ਇਨ੍ਹਾਂ ਸਾਰਿਆਂ ’ਤੇ ਵੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਬੁੱਢੇ ਨਾਲੇ ਦੇ ਮਸਲੇ 'ਤੇ ਰਾਜਪਾਲ ਤੇ ਸੰਤ ਸੀਚੇਵਾਲ ਨੇ ਅਧਿਕਾਰੀਆਂ 'ਤੇ ਕੱਢੀ ਭੜਾਸ!
NEXT STORY