ਨਾਭਾ (ਜੈਨ)—ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਤੋਂ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਦੇ ਮੁਅੱਤਲ ਐੱਮ. ਪੀ. ਡਾ. ਧਰਮਵੀਰ ਗਾਂਧੀ ਨਾਲ ਮੰਚ ਸਾਂਝਾ ਕਰਦਿਆਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਬਣ ਕੇ ਪਾਰਟੀ ਚਲਾ ਰਿਹਾ ਹੈ। ਇਕ ਪਾਸੇ ਕੇਜਰੀਵਾਲ ਦਿੱਲੀ ਲਈ ਖੁਦਮੁਖਤਿਆਰੀ ਮੰਗ ਰਿਹਾ ਹੈ, ਦੂਜੇ ਪਾਸੇ ਪੰਜਾਬ ਵਿਚ ਪੰਜਾਬੀਆਂ ਦੇ ਹਿਤਾਂ ਨਾਲ ਖਿਲਵਾੜ ਕਰ ਰਿਹਾ ਹੈ। ਕੇਜਰੀਵਾਲ ਨੇ 6 ਸਾਲਾਂ ਦੌਰਾਨ ਪੰਜਾਬੀਆਂ ਦੇ ਜਜ਼ਬਾਤ ਦਾ ਸਨਮਾਨ ਨਹੀਂ ਕੀਤਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹੁਣ ਕੇਜਰੀਵਾਲ ਨਾਲ ਹੱਥ ਮਿਲਾਉਣ ਦਾ ਸਮਾਂ ਲੰਘ ਗਿਆ ਹੈ। ਫਿਰ ਵੀ ਉਨ੍ਹਾਂ ਨੇ ਸਾਨੂੰ ਜੋ ਤਜਵੀਜ਼ ਭੇਜੀ ਹੈ, 'ਤੇ ਇਨਸਾਫ ਮਾਰਚ ਤੋਂ ਬਾਅਦ ਹੀ ਵਿਚਾਰ ਕੀਤਾ ਜਾਵੇਗਾ। ਖਹਿਰਾ ਨੇ ਕਿਹਾ ਕਿ 8 ਦਸੰਬਰ ਤੋਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਤੋਂ ਮਹਿਮੂਦਪੁਰ ਤੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਤੇ ਕੈ. ਅਮਰਿੰਦਰ ਆਪਸ ਵਿਚ ਘਿਉ-ਸ਼ੱਕਰ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਲੋਕਤੰਤਰ ਨਹੀਂ । ਬਾਦਲ ਪਰਿਵਾਰ ਤੇ ਕੈਪਟਨ ਖਿਲਾਫ ਬੋਲਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਅਸੀਂ ਲੋਕਾਂ ਨੂੰ ਇਨਸਾਫ ਦੇਣ ਲਈ 54 ਪਿੰਡਾਂ ਸਮੇਤ ਅਨੇਕ ਕਸਬਿਆਂ ਤੇ ਸ਼ਹਿਰਾਂ ਦਾ 180 ਕਿਲੋਮੀਟਰ ਲੰਬਾ ਇਨਸਾਫ ਮਾਰਚ ਕੱਢ ਰਹੇ ਹਾਂ। ਉਨ੍ਹਾਂ ਕਿਹਾ ਕਿ ਬਾਦਲ ਬਰਗਾੜੀ ਗੋਲੀਕਾਂਡ ਲਈ ਜ਼ਿੰਮੇਵਾਰ ਹੈ। ਕੈਪਟਨ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਐੱਮ. ਪੀ. ਡਾ. ਗਾਂਧੀ ਅਤੇ ਖਹਿਰਾ ਦੀ ਮੌਜੂਦਗੀ ਵਿਚ ਸਾਬਕਾ ਡੀ. ਆਈ. ਜੀ. (ਹੋਮ ਗਾਰਡਜ਼) ਦਰਸ਼ਨ ਸਿੰਘ ਮਹਿਮੀ ਨੇ ਕਾਂਗਰਸ ਛੱਡ ਕੇ ਖਹਿਰਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਰਵੀਂ ਇਕੱਤਰਤਾ ਵਿਚ ਆਰ. ਐੱਸ. ਮੋਹਲ ਐਡਵੋਕੇਟ, ਸ਼੍ਰੀਮਤੀ ਪਲਵਿੰਦਰ ਕੌਰ ਹਰਿਆਊ, ਹਰਮੀਤ ਕੌਰ ਬਰਾੜ, ਪ੍ਰੋਫੈਸਰ ਮੋਹਨਜੀਤ ਕੌਰ ਟਿਵਾਣਾ, ਹਰਬੰਸ ਸਿੰਘ ਮੱਲੇਵਾਲ, ਨਰਿੰਦਰ ਸੰਧੂ, ਹਰਵੀਰ ਢੀਂਡਸਾ, ਰਾਜਿੰਦਰ ਸਿੰਘ ਮਹਿਮੀ, ਵਰਿਆਮ ਸਿੰਘ ਥੂਹੀ ਤੇ ਹੋਰ ਆਗੂ ਹਾਜ਼ਰ ਸਨ।
ਬਾਦਲਾਂ ਦੇ ਕਰੀਬੀ ਕੋਲਿਆਂਵਾਲੀ ਨੂੰ ਵੱਡਾ ਝਟਕਾ, ਹੋਵੇਗੀ ਗ੍ਰਿਫਤਾਰੀ!
NEXT STORY