ਜੈਤੋ,(ਸਤਵਿੰਦਰ)— ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਲਾਂ ਕਾਂਡ ਦੇ ਸ਼ਹੀਦਾਂ ਨੂੰ ਸਜਾਵਾਂ ਦਿਵਾਉਣ 'ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਤਵਾਜੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਲਾਇਆ ਗਿਆ ਮੋਰਚਾ ਆਪਸੀ ਗੱਲਬਾਤਾਂ ਰਾਹੀ ਭਾਵੇ ਚੁੱਕ ਦਿੱਤਾ ਗਿਆ ਹੈ ਪਰ ਜੱਥੇਦਾਰਾਂ ਤੋਂ ਬਾਅਦ ਹੁਣ ਬਰਗਾੜੀ ਦੀ ਅਨਾਜ ਮੰਡੀ ਵਿਖੇ ਪੰਜਾਬ ਪੁਲਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਪੱਕਾ ਮੋਰਚਾ ਲਾ ਕੇ ਦਾਣਾ ਮੰਡੀ ਵਿਖੇ ਤੰਬੂ ਗੱਡ ਦਿੱਤੇ ਹਨ। ਪਹਿਲਾਂ ਇਥੇ ਸਿੰਘਾਂ ਨੇ ਤੰਬੂ ਲਾ ਕੇ ਰੈਣ ਬਸੇਰਾ ਬਣਾਇਆ ਸੀ, ਹੁਣ ਪੁਲਸ ਨੇ ਖਾਕੀ ਤੰਬੂ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਹੈ।
ਇਸ ਮੌਕੇ 'ਤੇ ਆਪਣੀ ਡਿਊਟੀ 'ਤੇ ਤਾਇਨਾਤ ਉਪ ਕਪਤਾਨ ਪੁਲਸ ਕੁਲਦੀਪ ਸਿੰਘ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਧਾਰਾ 144 ਲਾਗੂ ਕੀਤੀ ਗਈ।ਉਨ੍ਹਾਂ ਕਿਹਾ ਕਿ ਧਾਰਾ 144 ਰਾਹੀਂ ਅਮਨ ਸ਼ਾਤੀ ਬਣਾਈ ਰੱਖਣਾ ਪੰਜਾਬ ਪੁਲਸ ਦਾ ਮੁੱਢਲਾ ਫਰਜ਼ ਹੈ 'ਤੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਪੰਜ ਤੋਂ ਵੱਧ ਵਿਅਕਤੀ ਇੱਕਠੇ ਹੋਣਗੇ ਉਨ੍ਹਾਂ 'ਤੇ ਧਾਰਾ 144 ਤਹਿਤ ਕਾਰਵਾਈ ਕੀਤੀ ਜਾਵੇਗੀ। ਬਰਗਾੜੀ ਦੀ ਅਨਾਜ ਮੰਡੀ ਨੂੰ ਪੰਜਾਬ ਮੰਡੀ ਬੋਰਡ ਨੇ ਚਾਰ ਚੁਫੇਰਿਓ ਕੰਢਿਆਇਲੀ ਤਾਰ ਨਾਲ ਵਲਗਣ ਮਾਰ ਦਿੱਤਾ ਹੈ। ਲੰਮਾ ਸਮਾਂ ਚੱਲਿਆ ਇਹ ਬਰਗਾੜੀ ਮੋਰਚਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਛੱਡੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਭ ਕੁਝ ਅਮਨ ਸ਼ਾਤੀ ਨਾਲ ਨੇਪਰੇ ਚੜ ਗਿਆ, ਜਿਸ ਕਰਕੇ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ।

ਬਰਗਾੜੀ ਅਤੇ ਆਸ-ਪਾਸ ਦੇ ਪਿੰਡ ਵਾਸੀਆਂ ਨਾਲ ਜਦ ਇਨਸਾਫ਼ ਮੋਰਚੇ ਦੇ ਚੁੱਕਣ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੱਥੇਦਾਰਾਂ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਮੋਰਚਾ ਤਾਂ ਲਾਇਆ ਪਰ ਸਿੱਖ ਕੌਮ ਅਤੇ ਸੰਗਤ ਨੂੰ ਭਰੋਸੇ 'ਚ ਲਏ ਬਿਨਾ ਮੋਰਚਾ ਖਤਮ ਕਰਨਾ ਠੀਕ ਫ਼ੈਸਲਾ ਨਹੀਂ ਲੱਗਿਆ। ਲੋਕ ਇਹ ਵੀ ਕਹਿ ਰਹੇ ਹਨ ਕਿ ਜਦ ਇਸ ਮੋਰਚੇ ਦੀ ਅੱਗ ਦਾ ਸੇਕ ਵਿਦੇਸ਼ਾਂ ਤੱਕ ਪੁੱਜ ਚੁੱਕਾ ਸੀ ਅਤੇ ਸਰਕਾਰਾਂ ਵੀ ਘਬਰਾ ਗਈਆਂ ਸਨ ਤਾਂ ਜੱਥੇਦਾਰਾਂ ਦੀ ਅਜਿਹੀ ਕੀ ਮਜ਼ਬੂਰੀ ਸੀ, ਜਿਹੜੀ ਕੌਮ ਜਾਂ ਸੰਗਤ ਨਾਲ ਸਾਂਝੀ ਨਹੀਂ ਕੀਤੀ ਗਈ। ਸੰਗਤਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ।

ਵਧਣ ਦੀ ਬਜਾਏ ਘਟਿਆ ਸਰਦ ਰੁੱਤ ਇਜਲਾਸ ਦਾ ਸਮਾਂ
NEXT STORY