ਸਮਾਣਾ (ਦਰਦ)—ਕੁਝ ਮਹੀਨੇ ਪਹਿਲਾ ਸਬ-ਡਵੀਜ਼ਨ ਦੇ ਪਿੰਡ ਫਤਿਹਮਾਜਰੀ ਦੇ ਸਾਬਕਾ ਸਰਪੰਚ ਦੇ ਘਰ ਅੰਦਰ ਦਾਖ਼ਲ ਹੋ ਕੇ ਸਾਬਕਾ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਦੀ ਕੁੱਟ-ਮਾਰ ਦੇ ਦੋਸ਼ ਤਹਿਤ ਥਾਣਾ ਸਦਰ ਪੁਲਸ ਨੇ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਇਸ ਮਾਮਲੇ ਵਿਚ ਸਮੇਂ ਸਿਰ ਪੁਲਸ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ 'ਚ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਫਤਿਹਮਾਜਰੀ ਵਿਖੇ 2 ਜੂਨ 2019 ਨੂੰ ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਰਣਧੀਰ ਸਿੰਘ, ਗੁਰਜੀਤ ਸਿੰਘ ਵਾਸੀ ਪਿੰਡ ਸਦਰਪੁਰ ਦਰਸ਼ਨ ਸਿੰਘ, ਬਾਬੂ ਸਿੰਘ, ਸਤਨਾਮ ਸਿੰਘ ਵਾਸੀ ਪਿੰਡ ਅਚਰਾਲ, ਗੁਰਮੀਤ ਸਿੰਘ ਵਾਸੀ ਪਿੰਡ ਬਾਲਦ ਤੇ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਘਰ ਦੇ ਜਿੰਦਰੇ ਤੋੜ ਦਿੱਤੇ। ਤੁਰੰਤ ਬਾਅਦ ਉਨ੍ਹਾਂ ਪੁਲਸ ਨੂੰ ਕੀਤੀ ਸ਼ਿਕਾਇਤ 'ਤੇ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚਣ ਦੇ ਬਾਵਜੂਦ ਸਭ ਕੁਝ ਅੱਖੀਂ ਵੇਖਣ 'ਤੇ ਵੀ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਵੀ ਕੀਤੀ। ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਸਣੇ ਮਾਣਯੋਗ ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਫਰਿਆਦ ਲਾਈ।
ਅਦਾਲਤ ਵੱਲੋਂ ਜਾਰੀ ਹਦਾਇਤਾਂ 'ਤੇ ਆਈ. ਜੀ. ਪੁਲਸ. ਵੱਲੋਂ ਬਣਾਈ ਜਾਂਚ ਕਮੇਟੀ ਨੇ ਕੀਤੀ ਜਾਂਚ ਦੇ ਆਧਾਰ 'ਤੇ ਮਾਮਲਾ ਸਹੀ ਪਾਏ ਜਾਣ 'ਤੇ ਪੁਲਸ ਵੱਲੋਂ ਬੀਤੇ ਕੱਲ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਜਦੋਂ ਉੱਪ-ਕਪਤਾਨ ਪੁਲਸ ਜਸਵੰਤ ਸਿੰਘ ਮਾਂਗਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਉਪਰੰਤ ਹਰਵਿੰਦਰ ਕੌਰ ਪਤਨੀ ਸਵ. ਹਰੀ ਸਿੰਘ ਵਾਸੀ ਪਿੰਡ ਫਤਿਹਮਾਜਰੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਥਾਣਾ ਸਦਰ ਪੁਲਸ ਮੁਖੀ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਇਹ ਵੀ ਕਿਹਾ ਕਿ ਮਾਮਲਾ ਜ਼ਮੀਨੀ ਵਿਵਾਦ ਦਾ ਹੈ।
550ਵੇਂ ਪ੍ਰਕਾਸ਼ ਪੁਰਬ 'ਤੇ 15 ਕਾਰੀਗਰਾਂ ਨੇ ਤਿਆਰ ਕੀਤਾ '550 ਕਿੱਲੋ ਦਾ ਕੇਕ'
NEXT STORY