ਮਹਿਲ ਕਲਾਂ (ਹਮੀਦੀ):ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਬਲਾਕ ਮਹਿਲ ਕਲਾਂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਕਿਸਾਨਾਂ ਲਈ ਖਾਦ ਅਤੇ ਬੀਜ ਨਾਲ ਭਰਿਆ ਕਾਫ਼ਲਾ ਅੱਜ ਰਵਾਨਾ ਕੀਤਾ ਗਿਆ। ਇਸ ਕਾਫ਼ਲੇ ਦੀ ਅਗਵਾਈ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ, ਬਲਵੀਰ ਸਿੰਘ ਮਾਂਗੇਵਾਲ ਅਤੇ ਜਗਤਾਰ ਸਿੰਘ ਠੁੱਲੀਵਾਲ ਨੇ ਕੀਤੀ। ਇਸ ਦੌਰਾਨ ਦਾਨੀ ਪਰਿਵਾਰਾਂ ਅਤੇ ਇਨਕਲਾਬੀ ਜਮਹੂਰੀ ਲਹਿਰ ਨਾਲ ਜੁੜੇ ਹਮਦਰਦ ਪਰਿਵਾਰਾਂ ਵੱਲੋਂ ਖਾਦ ਅਤੇ ਬੀਜ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਆਗੂਆਂ ਨੇ ਸੰਖੇਪ ਸੰਬੋਧਨ ਦੌਰਾਨ ਕਿਹਾ ਕਿ ਹੜ੍ਹ ਪੀੜਤ ਕਿਸਾਨਾਂ ਲਈ ਬਰਨਾਲਾ ਸ਼ਹਿਰ ਦੇ ਇਨਕਲਾਬੀ ਪਰਿਵਾਰਾਂ ਨੇ ਦਿਲ ਖੋਲ੍ਹ ਕੇ ਸਹਿਯੋਗ ਕੀਤਾ ਹੈ, ਜੋ ਪੰਜਾਬ ਦੀ ਸੰਘਰਸ਼ਸ਼ੀਲ ਰੂਹ ਦੀ ਅਸਲ ਤਸਵੀਰ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਇਸ ਵਾਰ ਦੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ — ਫਸਲਾਂ, ਘਰ, ਪਸ਼ੂ ਤੇ ਘਰੇਲੂ ਸਮਾਨ ਸਭ ਕੁਝ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਗਾਰ ਭਰ ਗਈ ਹੈ ਅਤੇ ਪਾਣੀ ਖੜ੍ਹਾ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਹੜ੍ਹ ਕੁਦਰਤ ਦੀ ਕਰੂਪਾ ਨਹੀਂ ਸਗੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਨਾਕਾਮ ਯੋਜਨਾਬੰਦੀ ਦਾ ਨਤੀਜਾ ਹਨ। ਉਹਨਾਂ ਨੇ ਕਿਹਾ ਕਿ ਹੁਣ ਸਿਰਫ਼ ਤੁਰੰਤ ਮੱਦਦ ਹੀ ਨਹੀਂ, ਸਗੋਂ ਲੰਬੇ ਸਮੇਂ ਦੀ ਪੁਨਰਵਾਸ ਯੋਜਨਾ ਅਤੇ ਮੁਆਵਜ਼ੇ ਦੀ ਮੰਗ ਲਈ ਸੰਘਰਸ਼ ਵੀ ਜ਼ਰੂਰੀ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਖੇਤਾਂ ਦੀ ਸਫਾਈ, ਡੀਜ਼ਲ, ਬੀਜ, ਖਾਦ, ਦਵਾਈਆਂ, ਰਾਸ਼ਨ, ਕੱਪੜੇ ਅਤੇ ਹੋਰ ਲੋੜੀਂਦੇ ਸਮਾਨ ਦੀ ਸਹਾਇਤਾ ਲੰਬੇ ਸਮੇਂ ਤੱਕ ਜਾਰੀ ਰੱਖੀ ਜਾਵੇਗੀ। ਆਗੂਆਂ ਨੇ ਦੱਸਿਆ ਕਿ 18 ਅਕਤੂਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਣਕ ਦੀ ਬੀਜਾਈ ਲਈ ਬੀਜ, ਖਾਦ ਅਤੇ ਡੀਜ਼ਲ ਦੀ ਸਹਾਇਤਾ ਵੰਡ ਕੀਤੀ ਜਾਵੇਗੀ। ਆਗੂਆਂ ਨੇ ਆਖਿਆ ਕਿ "ਸੇਵਾ, ਸੰਘਰਸ਼ ਤੇ ਮੁਕਤੀ" ਦੇ ਸੰਕਲਪ ਤਹਿਤ ਚੇਤੰਨ ਜਥੇਬੰਦ ਲੋਕ ਹੀ ਅਜਿਹੇ ਸਮੇਂ ਆਪਣੇ ਭਰਾਵਾਂ ਲਈ ਖੜ੍ਹਦੇ ਹਨ। ਉਹਨਾਂ ਨੇ ਜ਼ੋਰ ਦਿੱਤਾ ਕਿ ਹੜ੍ਹਾਂ ਦੀ ਰੋਕਥਾਮ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਜਥੇਬੰਦਕ ਸੰਘਰਸ਼ ਹੀ ਅਸਲ ਹਥਿਆਰ ਹੈ ਜੋ ਇਨ੍ਹਾਂ ਸਮੱਸਿਆਵਾਂ ਤੋਂ ਪੱਕੀ ਨਿਜ਼ਾਤ ਦਿਵਾ ਸਕਦਾ ਹੈ।
ਪਰਾਲੀ ਸਾੜਨ ਤੋਂ ਰੋਕਣ ਲਈ ਪੁਲਸ ਤੇ ਕਲੱਸਟਰ ਟੀਮ ਵੱਲੋਂ ਪਿੰਡਾਂ ਦਾ ਦੌਰਾ
NEXT STORY