ਲਹਿਰਾਗਾਗਾ (ਗਰਗ)- ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਖੋਖਰ ਕਲਾਂ (ਸੰਗਰੂਰ) ਦੇ ਗਰੀਬ ਪਰਿਵਾਰ ਦੇ ਨੌਜਵਾਨ ਲਖਵਿੰਦਰ ਸਿੰਘ (21 ਸਾਲ) ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਘਰ ਆਉਣ ਦੀ ਬਜਾਏ ਉੱਥੇ ਇਕ ਗੈਸਟ ਹਾਊਸ ’ਚ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ-ਹੱਤਿਆ ਕਰ ਲਈ ਸੀ। ਅੰਮ੍ਰਿਤਸਰ ਪੁਲਸ ਨੇ ਮ੍ਰਿਤਕ ਦੇ ਪਿਤਾ ਧਰਮ ਸਿੰਘ ਦੇ ਬਿਆਨਾਂ ’ਤੇ ਬਿੱਟੂ ਸਿੰਘ ਖੰਡੇਬਾਦ ਅਤੇ ਦੀਪ ਕੌਰ ਗਾਗਾ (ਦੋਵੇਂ ਜ਼ਿਲਾ ਸੰਗਰੂਰ ਨਾਲ ਸਬੰਧਤ) ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਧੋਖਾਦੇਹੀ ਕਰਨ ਦਾ ਮੁਕੱਦਮਾ ਦਰਜ ਕਰ ਕੇ ਲਹਿਰਾਗਾਗਾ ਪੁਲਸ ਦੇ ਸਹਿਯੋਗ ਨਾਲ ਬਿੱਟੂ ਸਿੰਘ ਖੰਡੇਬਾਦ ਨੂੰ ਹਿਰਾਸਤ ’ਚ ਲੈ ਲਿਆ ਹੈ।

ਮਜ਼ਦੂਰ ਜਥੇਬੰਦੀਆਂ ਮ੍ਰਿਤਕ ਪਰਿਵਾਰ ਦੇ ਹੱਕ ’ਚ ਸੜਕ ’ਤੇ ਉੱਤਰ ਆਈਆਂ ਹਨ। ਮ੍ਰਿਤਕ ਲਖਵਿੰਦਰ ਸਿੰਘ ਦੀ ਲਾਸ਼ ਐਤਵਾਰ ਨੂੰ ਪੁਲਸ ਕਾਰਵਾਈ ਹੋਣ ਤੋਂ ਬਾਅਦ ਪਿੰਡ ਖੋਖਰ ਕਲਾਂ ਵਿਖੇ ਲਿਆਂਦੀ ਗਈ ਪਰ ਪਰਿਵਾਰ ਨੇ ਉਸਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਪਿੰਡ ਦੀ ਧਰਮਸ਼ਾਲਾ ’ਚ ਰੱਖੀ ਗਈ। ਅੱਜ ਮਜ਼ਦੂਰ ਜਥੇਬੰਦੀਆਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਐੱਸ.ਡੀ.ਐੱਮ. ਸੂਬਾ ਸਿੰਘ, ਡੀ.ਐੱਸ.ਪੀ. ਦੀਪਕ ਰਾਏ, ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ, ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਪਿੰਡ ਖੋਖਰ ਕਲਾਂ ਵਿਖੇ ਪਹੁੰਚੇ ਤਾਂ ਜਥੇਬੰਦੀਆਂ ਨੇ ਮੰਗ ਰੱਖੀ ਕਿ ਟ੍ਰੇਵਲ ਏਜੰਟ ਨੂੰ ਗ੍ਰਿਫਤਾਰ ਕਰਨ, ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਪ੍ਰਸ਼ਾਸਨ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਿਸ ਦੇ ਸਿੱਟੇ ਵਜੋਂ ਮ੍ਰਿਤਕ ਦੀ ਲਾਸ਼ ਲਹਿਰਾਗਾਗਾ-ਸੁਨਾਮ ਮੁੱਖ ਮਾਰਗ ’ਤੇ ਰੱਖ ਕੇ ਰੋਡ ਜਾਮ ਕਰ ਦਿੱਤਾ ਗਿਆ। ਅੱਤ ਦੀ ਪੈ ਰਹੀ ਗਰਮੀ ਕਾਰਨ ਜਿੱਥੇ ਧਰਨਾਕਾਰੀ ਆਪਣੇ ਹੱਕ ਲਈ ਡਟੇ ਰਹੇ ਉੱਥੇ ਲੰਘਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਰੋਹੀ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਜ ਸਿੰਘ ਖੋਖਰ, ਤਰਸੇਮ ਸਿੰਘ ਖੋਖਰ, ਬਿੱਟੂ ਸਿੰਘ ਖੋਖਰ ਅਤੇ ਹੋਰ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਪੰਜਾਬ ’ਚ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਹੋਣ ਤਾਂ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਆਪਣਾ ਦੇਸ਼ ਛੱਡ ਕੇ ਵਿਦੇਸ਼ ’ਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਇਹ ਸੰਘਰਸ਼ ਜਾਰੀ ਰੱਖਾਂਗੇ। ਦੂਜੇ ਪਾਸੇ ਐੱਸ.ਡੀ.ਐੱਮ. ਸੂਬਾ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦੇਣਾ ਚਾਹੀਦਾ ਹੈ ਤਾਂ ਜੋ ਵੀ ਘਟਨਾ ਪਰਿਵਾਰ ਨਾਲ ਵਾਪਰੀ ਹੈ ਉਸਦੀ ਫਾਈਲ ਜਲਦੀ ਤੋਂ ਜਲਦੀ ਬਣਾਈ ਜਾ ਸਕੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਵਾਉਣ ਲਈ ਪੰਜਾਬ ਸਰਕਾਰ ਕੋਲ ਭੇਜੀ ਜਾ ਸਕੇ ਪਰ ਧਰਨਕਾਰੀ ਤੁਰੰਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਗੁਰਦੁਆਰਾ ਸਾਹਿਬ 'ਚ ਸ਼ਰਾਬ ਪੀ ਕੇ ਗਿਆ ਅੰਮ੍ਰਿਤਧਾਰੀ ਸਿੱਖ, ਸੰਗਤਾਂ ਨੇ ਨੱਕ ਰਗੜਾ ਕੇ ਮਨਵਾਈ ਗਲਤੀ (ਵੀਡਿਓ)
NEXT STORY