ਲੁਧਿਆਣਾ, (ਮਹੇਸ਼)- ਲਡ਼ਾਈ-ਝਗਡ਼ੇ ਦੇ ਕੇਸ ਵਿਚ ਸਮਝੌਤਾ ਕਰਵਾਉਣ ਤੇ ਉਸ ਦੀ ਕਾਪੀ ਦੇਣ ਬਦਲੇ ਰਿਸ਼ਵਤ ਮੰਗਣ ਵਾਲਾ ਚੌਕੀ ਮੁਖੀ ਸੁਖਬੇਗ ਸਿੰਘ ਵਿਜੀਲੈਂਸ ਦੇ ਹੱਥੇ ਚਡ਼੍ਹ ਗਿਆ। ਵਿਜੀਲੈਂਸ ਨੇ ਉਸ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਧਰ ਲਿਆ। ਦੋਸ਼ੀ ਥਾਣਾ ਸਿੱਧਵਾਂ ਬੇਟ ਦੇ ਤਹਿਤ ਆਉਂਦੀ ਭੂੰਦਡ਼ੀ ਚੌਕੀ ਵਿਚ ਤਾਇਨਾਤ ਹੈ, ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਵਿਜੀਲੈਂਸ ਉਸ ਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਕਰ ਰਿਹਾ ਹੈ। ਉਪ ਕਪਤਾਨ ਪੁਲਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਭੂੰਦਡ਼ੀ ਦੇ ਭਗਵਾਨ ਸਿੰਘ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਭਗਵਾਨ ਦਾ ਆਪਣੇ ਗੁਆਂਢੀ ਪਰਮਿੰਦਰ ਸਿੰਘ ਆਦਿ ਨਾਲ ਝਗਡ਼ਾ ਹੋਇਆ ਹੈ। ਪਰਮਿੰਦਰ ਨੇ ਇਸ ਦੀ ਸ਼ਿਕਾਇਤ ਚੌਕੀ ਮੁਖੀ ਕੋਲ ਕੀਤੀ। ਸੁਖਬੇਗ ਨੇ ਸਮਝੌਤਾ ਕਰਵਾਉਣ ਤੇ ਰਾਜ਼ੀਨਾਮੇ ਦੀ ਕਾਪੀ ਦੇਣ ਬਦਲੇ ਭਗਵਾਨ ਤੋਂ 25,000 ਰੁਪਏ ਦੀ ਮੰਗ ਕੀਤੀ। 10,000 ਰੁਪਏ ਉਸ ਨੇ 19 ਨਵੰਬਰ ਨੂੰ ਭਗਵਾਨ ਤੋਂ ਅਡਵਾਂਸ ਵਜੋਂ ਵਸੂਲ ਲਏ। ਬਾਕੀ ਰਕਮ ਬਾਅਦ ਵਿਚ ਦੇਣੀ ਤੈਅ ਹੋਈ। ਇਸ ਤੋਂ ਬਾਅਦ ਭਗਵਾਨ ਨੇ ਜਦੋਂ ਸਮਝੌਤੇ ਦੀ ਕਾਪੀ ਮੰਗੀ ਤਾਂ ਦੋਸ਼ੀ ਨੇ ਬਾਕੀ ਰਕਮ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਨੇ ਜਦੋਂ ਮਿੰਨਤਾਂ ਕੀਤੀਆਂ ਤਾਂ ਦੋਸ਼ੀ 12,000 ਰੁਪਏ ਲੈਣ ’ਤੇ ਰਾਜ਼ੀ ਹੋ ਗਿਆ। ਇਸ ’ਤੇ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੇ ਕੋਲ ਕਰ ਦਿੱਤੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਸ਼ੀ ਨੂੰ ਬਡ਼ੇ ਹੀ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਭਗਵਾਨ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਧਰ ਲਿਆ।
ਮੋਟਰਸਾਈਕਲ ਸਵਾਰਾਂ ਨੇ ਸੇਲਜ਼ ਗਰਲ ਦਾ ਝਪਟਿਆ ਮੋਬਾਇਲ
NEXT STORY