ਖੰਨਾ, (ਸੁਨੀਲ)- ਇਲਾਕੇ ਵਿਚ ਨਿੱਜੀ ਕੰਪਨੀ ਦੀਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਧੱਕੇਸ਼ਾਹੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਦੂਸਰੇ ਵਾਹਨਾਂ ਵਾਲੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਵੀਰਵਾਰ ਨੂੰ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿਸ ਵਿਚ ਨਿੱਜੀ ਕੰਪਨੀ ਦੇ ਬੱਸ ਵਾਲਿਆਂ ਦੀ ਧੱਕੇਸ਼ਾਹੀ ਨਾਲ ਇਕ ਕੈਂਟਰ ਚਾਲਕ ਦੀ ਜਾਨ ਵਾਲ-ਵਾਲ ਬਚੀ। ਬੱਸ ਡਰਾਈਵਰ ਨੇ ਸ਼ਰੇਆਮ ਕੈਂਟਰ ਚਾਲਕ ’ਤੇ ਬੱਸ ਚਡ਼੍ਹਾਉਣ ਦੀ ਧਮਕੀ ਦੇ ਬਾਅਦ ਇਸ ਨੂੰ ਹਕੀਕਤ ’ਚ ਬਦਲਦੇ ਹੋਏ ਕੈਂਟਰ ਚਾਲਕ ਦੇ ਦੋਵੇਂ ਪੈਰ ਕੁਚਲ ਦਿੱਤੇ। ਗੰਭੀਰ ਜ਼ਖ਼ਮੀ ਕੈਂਟਰ ਚਾਲਕ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਜ਼ੇਰੇ ਇਲਾਜ ਗਰੀਬ ਦਾਸ (38) ਪੁੱਤਰ ਗੁਰਦੇਵ ਸਿੰਘ ਵਾਸੀ ਗੁਲਮੋਹਰ ਨਗਰ, ਖੰਨਾ ਨੇ ਦੱਸਿਆ ਕਿ ਅੱਜ ਜਦੋਂ ਪ੍ਰਾਈਵੇਟ ਕੰਪਨੀ ਜਰਗ ਟਰਾਂਸਪੋਰਟ ਦੀ ਇਕ ਬੱਸ ਨੰਬਰ ਪੀ. ਬੀ. 10 ਸੀ. ਐੱਫ.-5127 ਦੇ ਚਾਲਕ ਦੁਆਰਾ ਲਾਪਰਵਾਹੀ ਨਾਲ ਬੱਸ ਚਲਾਉਂਦੇ ਹੋਏ ਸਥਾਨਕ ਸਮਰਾਲਾ ਰੋਡ ਚੌਕ ਵਿਚ ਉਸ ਦੇ ਕੈਂਟਰ ਨੰਬਰ ਪੀ. ਬੀ. 11 ਬੀ. ਊ- 2124 ਦਾ ਸਾਈਡ ਗਲਾਸ ਤੋਡ਼ ਦਿੱਤਾ ਗਿਆ ਤਾਂ ਉਸ ਨੇ ਇਸ਼ਾਰਾ ਕਰ ਕੇ ਬੱਸ ਚਾਲਕ ਨੂੰ ਥੋਡ਼੍ਹਾ ਅੱਗੇ ਸਥਿਤ ਸੀ. ਆਈ. ਏ. ਸਟਾਫ ਚੌਕ ਦੇ ਬਾਹਰ ਰੋਕਿਆ ਤੇ ਟੁੱਟੇ ਗਲਾਸ ਦਾ ਹਰਜਾਨਾ ਮੰਗਿਆ ਤਾਂ ਬੱਸ ਚਾਲਕ ਨੇ ਸ਼ਰੇਆਮ ਧੱਕੇਸ਼ਾਹੀ ਦਾ ਨੰਗਾ ਨਾਚ ਕਰਦੇ ਹੋਏ ਕੈਂਟਰ ਚਾਲਕ ਨੂੰ ਪਿੱਛੇ ਹੱਟਣ ਦੇ ਨਾਂ ’ਤੇ ਉਸ ’ਤੇ ਬੱਸ ਚਡ਼੍ਹਾਉਣ ਦੀ ਧਮਕੀ ਦੇ ਦਿੱਤੀ, ਜਦੋਂ ਕੈਂਟਰ ਚਾਲਕ ਨੇ ਆਪਣੀ ਮੰਗ ਨੂੰ ਦੁਹਰਾਇਆ ਤਾਂ ਬੱਸ ਚਾਲਕ ਬੱਸ ਨੂੰ ਤੇਜ਼ ਰਫਤਾਰ ਨਾਲ ਅੱਗੇ ਵਧਾ ਲੈ ਗਿਆ। ਬੱਸ ਚਾਲਕ ਦੇ ਹਮਲੇ ਦਾ ਤੇਜ਼ੀ ਨਾਲ ਬਚਾਅ ਕਰਦੇ ਹੋਏ ਕੈਂਟਰ ਚਾਲਕ ਪਿੱਛੇ ਹਟਿਆ, ਇਸਦੇ ਬਾਵਾਜੂਦ ਵੀ ਕੈਂਟਰ ਚਾਲਕ ਦੇ ਦੋਵੇਂ ਪੈਰਾਂ ਦੇ ਉਪਰੋਂ ਬੱਸ ਦਾ ਟਾਇਰ ਨਿਕਲ ਗਿਆ, ਜਿਸ ’ਚ ਕੈਂਟਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਥੇ ਹੀ ਮੌਕੇ ’ਤੇ ਬੱਸ ਡਰਾਈਵਰ ਦੀ ਧੱਕੇਸ਼ਾਹੀ ਨੂੰ ਲਾਈਵ ਦੇਖ ਰਹੇ ਰਾਹਗੀਰਾਂ ਨੇ ਬੱਸ ਡਰਾਈਵਰ ਨੂੰ ਟੋਕਿਆ ਪਰ ਬੱਸ ਡਰਾਈਵਰ ਅਤੇ ਕੰਡਕਟਰ ਲੋਕਾਂ ਨੂੰ ਵੀ ਆਪਣੇ ਤੇਵਰ ਦਿਖਾਉਣ ਲੱਗੇ ਤੇ ਆਪਣੀ ਗਲਤੀ ਮੰਨਣ ਦੀ ਬਜਾਏ ਲੋਕਾਂ ’ਤੇ ਹੀ ਰੋਅਬ ਝਾਡ਼ਨ ਲੱਗੇ। ਉਥੇ ਹੀ ਘਟਨਾ ਵਾਲੀ ਥਾਂ ’ਤੇ ਕੈਂਟਰ ਦਾ ਮਾਲਕ ਜੱਸਾ ਸਿੰਘ ਮੌਕੇ ’ਤੇ ਪਹੁੰਚਿਆ ਤੇ ਜ਼ਖ਼ਮੀ ਕੈਂਟਰ ਚਾਲਕ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਉਥੇ ਹੀ ਦੂਜੇ ਪਾਸੇ ਮਾਮਲਾ ਪੁਲਸ ਦੇ ਕੋਲ ਪਹੁੰਚਿਆ ਤੇ ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਕੇਸ ਨਾਲ ਸਬੰਧਤ ਆਈ. ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਸੀ। ਜ਼ਖ਼ਮੀ ਦੇ ਬਿਆਨ ਦਰਜ ਕਰਨ ਦੇ ਬਾਅਦ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਸਹਿਣ ਨਹੀਂ ਹੋਵੇਗੀ।
ਪਲਾਟ ਆਪਣੇ ਨਾਂ ਕਰਵਾਉਣ ਲਈ ਦਾਦਾ ਕੁੱਟਿਆ
NEXT STORY