ਚੰਡੀਗਡ਼੍ਹ (ਭੁੱਲਰ)-23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਅੰਦਰ ਨਵਜੋਤ ਸਿੱਧ ਨੂੰ ਲੈ ਕੇ ਘਮਾਸਾਨ ਛਿਡ਼ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਵੋਟਿੰਗ ਵਾਲੇ ਦਿਨ ਹੀ ਸਿੱਧੂ ਖਿਲਾਫ਼ ਖੁੱਲ੍ਹੇ ਤੌਰ ’ਤੇ ਦਿੱਤੇ ਗਏ ਤਿੱਖੇ ਬਿਆਨ ਤੋਂ ਬਾਅਦ ਮੰਤਰੀਆਂ ਨੇ ਵੀ ਸਿੱਧੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕੁੱਝ ਮੰਤਰੀਆਂ ਨੂੰ ਛੱਡ ਕੇ ਜ਼ਿਆਦਾਤਰ ਸਿੱਧੂ ਦੇ ਵਿਰੋਧ ’ਚ ਹੀ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਸਮਰਥਨ ’ਚ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸਿਰਫ਼ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਸਿੱਧੂ ਦਾ ਬਚਾਅ ਕਰਨ ਦਾ ਥੋਡ਼੍ਹਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਰੈਲੀ ਮੌਕੇ ਮੌਜੂਦ ਸਨ ਅਤੇ ਸਿੱਧੂ ਦਾ ਵਿਅਕਤੀਗਤ ਤੌਰ ’ਤੇ ਕਿਸੇ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਨਹੀਂ ਸੀ ਤੇ ਉਨ੍ਹਾਂ ਦਾ ਭਾਵ ਸਿਰਫ਼ ਬਠਿੰਡਾ ਤੋਂ ਬਾਦਲਾਂ ਨੂੰ ਹਰਾਉਣ ਦਾ ਸੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖਡ਼ ਨੇ ਵੀ ਕੈਪਟਨ ਦੇ ਬਿਆਨ ਤੋਂ ਬਾਅਦ ਟਿੱਪਣੀ ਕਰਦਿਆਂ ਕਿਹਾ ਹੈ ਕਿ 2022 ਤੱਕ ਹੀ ਨਹੀਂ ਬਲਕਿ 2027 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਨੂੰ ਮੁੱਖ ਮੰਤਰੀ ਵਜੋਂ ਲੋਡ਼ ਹੈ।
ਪੰਜਾਬ ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਕ ਦਰਜਨ ਤੋਂ ਵੱਧ ਵਿਧਾਇਕ ਵੀ ਅੰਦਰਖਾਤੇ ਸਿੱਧੂ ਦੇ ਨਾਲ ਹਨ ਤੇ ਆਉਣ ਵਾਲੇ ਦਿਨਾਂ ’ਚ ਕੈਪਟਨ ਤੇ ਸਿੱਧੂ ’ਚ ਜੇਕਰ ਟਕਰਾਅ ਵਧਿਆ ਤਾਂ ਉਹ ਖੁਲ੍ਹ ਕੇ ਸਾਹਮਣੇ ਵੀ ਆ ਸਕਦੇ ਹਨ। ਸਿੱਧੂ ਮੁੱਖ ਮੰਤਰੀ ਦੇ ਬਿਆਨ ਬਾਰੇ ਹਾਲੇ ਕੁੱਝ ਵੀ ਕਹਿਣ ਲਈ ਤਿਆਰ ਨਹੀਂ ਪਰ ਅੰਦਰਖਾਤੇ ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦੇ ਯਤਨ ਕੀਤੇ ਜਾ ਰਹੇ ਹਨ। ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਮੌਜੂਦਾ ਸਥਿਤੀਆਂ ਅਨੁਸਾਰ ਕਾਂਗਰਸ ਦਾ ਲੋਕ ਸਭਾ ਚੋਣਾਂ ’ਚ ਮਿਸ਼ਨ 13 ਸਫ਼ਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਤੇ ਇਸ ਕਾਰਨ ਹੀ ਕੁੱਝ ਉਮੀਦਵਾਰਾਂ ਦੀ ਹੋਣ ਵਾਲੀ ਹਾਰ ਦੀ ਜ਼ਿੰਮੇਵਾਰੀ ਸਿੱਧੂ ਤੇ ਕੁੱਝ ਹੋਰਨਾਂ ਆਗੂਆਂ ’ਤੇ ਪਾਉਣ ਦਾ ਮਾਹੌਲ ਨਤੀਜੇ ਆਉਣ ਤੋਂ ਪਹਿਲਾਂ ਤਿਆਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਬਿਆਨ ਨੂੰ ਵੀ ਇਸੇ ਸੰਦਰਭ ’ਚ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬ੍ਰਹਮ ਮਹਿੰਦਰਾ ਤੋਂ ਬਾਅਦ ਹੁਣ ਅੱਜ 2 ਹੋਰ ਮੰਤਰੀਆਂ ਸਾਧੂ ਸਿੰਘ ਧਰਮਸੌਤ ਅਤੇ ਭਾਰਤ ਭੂਸ਼ਣ ਆਸ਼ੂ ਵੀ ਸਿੱਧੂ ’ਤੇ ਵਰ੍ਹੇ ਹਨ। ਧਰਮਸੌਤ ਨੇ ਕਿਹਾ ਹੈ ਕਿ ਅਸੀਂ ਸਿੱਧ ਨੂੰ ਕੁਰਸੀ ਦੇ ਕੇ ਗਲਤੀ ਕਰ ਲਈ। ਉਨ੍ਹਾਂ ਨੇ ਤਾਂ ਸਿੱਧੂ ਨੂੰ ਅਸਤੀਫ਼ਾ ਦੇਣ ਤੱਕ ਲਈ ਕਿਹਾ ਹੈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਰੰਧਾਵਾ ਵੀ ਬੀਤੇ ਦਿਨੀਂ ਬਡ਼ੇ ਤਿੱਖੇ ਸ਼ਬਦਾਂ ’ਚ ਸਿੱਧੂ ਖਿਲਾਫ਼ ਗੁੱਸਾ ਕੱਢਦਿਆਂ ਉਸ ’ਤੇ ਬਾਦਲਾਂ ਦੀ ਮਦਦ ਕਰਨ ਦਾ ਦੋਸ਼ ਲਾ ਚੁੱਕੇ ਹਨ। ਭਾਰਤ ਭੂਸ਼ਣ ਆਸ਼ੂ ਨੇ ਵੀ ਕਿਹਾ ਹੈ ਕਿ ਪਾਰਟੀ ਦੇ ਅਨੁਸ਼ਾਸਨ ਤੋਂ ਕੋਈ ਉਪਰ ਨਹੀਂ ਤੇ ਇਹ ਤਾਂ ਸਭ ਨੂੰ ਮੰਨਣਾ ਹੀ ਪੈਣਾ ਹੈ। ਬ੍ਰਹਮ ਮਹਿੰਦਰਾ ਨੇ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਤੱਕ ਲਿਖ ਕੇ ਸਿੱਧੂ ਨੂੰ ਪਾਰਟੀ ਤੇ ਮੰਤਰੀ ਮੰਡਲ ’ਚੋਂ ਬਾਹਰ ਕਰਨ ਦੀ ਮੰਗ ਰੱਖ ਦਿੱਤੀ ਹੈ। ਮਹਿੰਦਰਾ ਨੇ ਅੱਜ ਵੀ ਟਵੀਟ ਰਾਹੀਂ ਕਿਹਾ ਕਿ ਸਿੱਧੂ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਆਪਣੇ ਏਜੰਡੇ ਨੂੰ ਲਾਗੂ ਕਰਨ ਦੇ ਯਤਨਾਂ ’ਚ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਸ ਨੂੰ ਪਾਰਟੀ ਦੇ ਕਲਚਰ ਦੀ ਹਾਲੇ ਤੱਕ ਵੀ ਕੋਈ ਸਮਝ ਨਹੀਂ ਆਈ। ਕੈਪਟਨ ਅਤੇ ਸਿੱਧੂ ਵਿਚਕਾਰ ਸ਼ੁਰੂ ਹੋਏ ਟਕਰਾਅ ਦੇ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਹੋਰ ਤਿੱਖਾ ਹੋਣ ਬਾਅਦ ਪਾਰਟੀ ਦੀ ਅੰਦਰੂਨੀ ਖਾਨਾਜੰਗੀ ਖੁਲ੍ਹ ਕੇ ਸਾਹਮਣੇ ਆ ਸਕਦੀ ਹੈ। ਜ਼ਿਕਰਯੋਗ ਹੈ ਕਿ 2 ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੀ ਚੋਣਾਂ ਦੌਰਾਨ ਕੈਪਟਨ ਨੂੰ ਲੈ ਕੇ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਹਨ। ਚੋਣ ਮੈਨੇਜਮੈਂਟ ਕਮੇਟੀ ਦੇ ਮੁਖੀ ਲਾਲ ਸਿੰਘ ਤੇ ਦੂਲੋ ਵਿਚਕਾਰ ਤਾਂ ਖੁੱਲ੍ਹਆਮ ਸ਼ਬਦੀ ਜੰਗ ਹੋ ਚੁੱਕੀ ਹੈ।
ਐਗਜ਼ਿਟ ਪੋਲ ਮੁਤਾਬਕ ਸੁਖਬੀਰ ਦੀ ਜਿੱਤ ਯਕੀਨੀ, ਹਰਸਿਮਰਤ ਦਾ ਮੁਕਾਬਲਾ ਸਖਤ
NEXT STORY