ਸੰਗਤ ਮੰਡੀ, (ਮਨਜੀਤ)- ਪਿੰਡ ਘੁੱਦਾ ਵਿਖੇ ਬਣੇ ਸਬ-ਡਵੀਜਨ ਹਸਪਤਾਲ ’ਚ ਸਿਹਤ ਸਹੂਲਤਾਂ ਦੀਆਂ ਘਾਟ ਦੇ ਕਾਰਨ ਨੌਜਵਾਨ ਭਾਰਤ ਸਭਾ ਵਲੋਂ ਹਸਪਤਾਲ ਅੰਦਰ ਧਰਨਾ ਲਾਇਆ ਗਿਆ। ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖ਼ੇਤ ਮਜ਼ਦੂਰ ਸਭਾ ਦੇ ਕਾਰਕੁੰਨਾਂ ਵਲੋਂ ਵੀ ਸਮੂਲੀਅਤ ਕੀਤੀ ਗਈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਅਸ਼ਵਨੀ ਘੁੱਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਬ-ਡਵੀਜਨ ਪੱਧਰ ਦਾ ਹਸਪਤਾਲ ਸਾਲ 2012 ’ਚ ਬਣਾ ਕੇ ਚਾਲੂ ਕੀਤਾ ਗਿਆ ਸੀ ਪਰ ਉਸ ਸਮੇਂ ਤੋਂ ਹੀ ਹਸਪਤਾਲ ਅੰਦਰ ਡਾਕਟਰ, ਸਟਾਫ਼ ਨਰਸ ਅਤੇ ਦੂਸਰੇ ਲੋਡ਼ੀਂਦੇ ਸਟਾਫ਼ ਦੀ ਘਾਟ ਕਾਰਨ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਦੇਣ ਤੋਂ ਅਸਮਰਥ ਹੈ ਪਰ ਉਨ੍ਹਾਂ ਵਲੋਂ ਸਿਹਤ ਸਹੂਲਤਾਂ ਨੂੰ ਦਰੁਸਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ 13 ’ਚੋਂ 9 ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਅਾਂ ਹਨ, ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਘਾਟ ਕਾਰਨ ਐਂਮਰਜੈਂਸੀ ਬਿਲਕੁਲ ਬੰਦ ਪਈ ਹੈ। ਸਰਕਾਰ ਦੀ ਲਿਸਟ ਮੁਤਾਬਕ ਮੁਫ਼ਤ ਦਵਾਈਆਂ ਮੁਹੱਈਆਂ ਨਹੀਂ ਕਰਵਾਈਆਂ ਜਾ ਰਹੀਆਂ, ਹਸਪਤਾਲ ’ਚ ਕੋਈ ਵੀ ਅਲਟਰਾਂਸਾਊਂਡ ਮਸ਼ੀਨ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਸਦਕਾ ਹੀ ਸਰਕਾਰੀ ਸਿਹਤ ਸੇਵਾਵਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਤੇ ਪ੍ਰਾਈਵੇਟ ਹਸਪਤਾਲ ਖੋਲ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੀਤੀ ਕਾਰਨ ਹੀ ਬਜਟ ’ਚੋਂ ਸਿਹਤ ਫੰਡ ਦੀ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ’ਚ ਪ੍ਰਾਈਵੇਟ ਹਸਪਤਾਲ ਚਲਾਏ ਜਾ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਸਹਾਲਕਾਰ ਜਗਸੀਰ ਸਿੰਘ ਝੁੰਬਾ ਅਤੇ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਜਿਸ ਨੀਤੀ ਤਹਿਤ ਸਰਕਾਰੀ ਸਿਹਤ ਸਹੂਲਤਾਂ ਦੀ ਕਟੌਤੀ ਕੀਤੀ ਜਾ ਰਹੀ ਹੈ, ਉਹੀ ਨੀਤੀਆਂ ਕਿਸਾਨ ਮਜ਼ਦੂਰਾਂ ਦਾ ਵੀ ਉਜਾਡ਼ਾ ਕਰ ਰਹੀਆਂ ਹਨ। ਧਰਨਾਕਾਰੀਆਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਘੁੱਦਾ ਰਾਹੀਂ ਸੂਬੇ ਦੇ ਸਿਹਤ ਮੰਤਰੀ ਨੂੰ ਮੰਗ-ਪੱਤਰ ਭੇਜ ਕੇ ਹਸਪਤਾਲ ਅੰਦਰ ਘਾਟਾ ਨੂੰ ਪੂਰਾ ਕਰਨ ਲਈ ਕਿਹਾ ਗਿਆ। ਕਾਰਕੁੰਨਾਂ ਵਲੋਂ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਗਿਆ ਕਿ ਜੇਕਰ ਸਿਹਤ ਮੰਤਰੀ ਵਲੋਂ ਹਸਪਤਾਲ ਅੰਦਰ ਘਾਟਾ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਕੋਟਗੁਰੂ, ਸੰਦੀਪ ਚੱਕ ਅਤਰ ਸਿੰਘ ਵਾਲਾ, ਕਿਸਾਨ ਆਗੂ ਜਗਸੀਰ ਝੁੰਬਾ, ਬਾਬੂ ਸਿੰਘ ਜੈ ਸਿੰਘ ਵਾਲਾ ਤੋਂ ਵੱਡੀ ਗਿਣਤੀ ’ਚ ਧਰਨਾਕਾਰੀ ਮੌਜੂਦ ਸਨ।
ਹਰਿਆਣਾ ਮਾਰਕਾ ਸ਼ਰਾਬ ਦੀਅਾਂ 144 ਬੋਤਲਾਂ ਤੇ 200 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ
NEXT STORY