ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਮਰਨ ਵਰਤ ਤੇ ਪੱਕੇ ਮੋਰਚੇ ’ਤੇ ਪਟਿਆਲਾ ਵਿਖੇ ਬੈਠੇ ਅਧਿਆਪਕ ਆਗੂਆਂ ਦੇ ਹੱਕ ’ਚ ਸਾਂਝਾ ਅਧਿਆਪਕ ਮੋਰਚਾ ਨਿਹਾਲ ਸਿੰਘ ਵਾਲਾ ਦੇ ਸਮੂਹ ਅਧਿਆਪਕਾਂ ਵੱਲੋਂ ਸਕੂਲ ਟਾਈਮ ਤੋਂ ਬਾਅਦ ਕਿਸਾਨਾਂ, ਮਜ਼ਦੂਰਾਂ, ਮਾਪਿਆਂ, ਵਿਦਿਆਰਥੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ, ਪੱਤੋ ਹੀਰਾ ਸਿੰਘ, ਸਮਾਧ ਭਾਈ, ਰੌਂਤਾ ਵਿਖੇ ਵਿਸ਼ਾਲ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ।
ਸਾਂਝਾ ਅਧਿਆਪਕ ਮੋਰਚਾ ਨਿਹਾਲ ਸਿੰਘ ਵਾਲਾ ਦੇ ਆਗੂਆਂ ਅਮਨਦੀਪ ਸਿੰਘ ਮਾਛੀਕੇ, ਸੁਖਮੰਦਰ ਸਿੰਘ ਨਿਹਾਲ ਸਿੰਘ ਵਾਲਾ, ਤੇਜਿੰਦਰ ਸਿੰਘ, ਸਰਬਨ ਸਿੰਘ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਐੱਸ. ਐੱਸ. ਏ. ਰਮਸਾ ਤੇ ਆਦਰਸ਼ ਮਾਡਲ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੇ ਨਾਂ ’ਤੇ ਉਨ੍ਹਾਂ ਦੀਆਂ ਤਨਖ਼ਾਹਾਂ ਉੱਪਰ 70 ਫੀਸਦੀ ਕੱਟ ਲਾ ਕੇ 42,800 ਤੋਂ 15 ਹਜ਼ਾਰ ਕਰਨ ਦਾ ਤੁਗਲਕੀ ਫਰਮਾਨ ਪੰਜਾਬ ਕੈਬਨਿਟ ’ਚ ਪਾਸ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਮਰਨ ਵਰਤ ਦੇ ਨੌਵੇਂ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੇ ਫੈਸਲੇ ਨੂੰ ਵਾਪਿਸ ਨਾ ਲੈਣ ਦਾ ਅਧਿਆਪਕ ਵਿਰੋਧੀ ਐਲਾਨ ਕੀਤਾ ਹੈ, ਜਿਸ ਨੂੰ ਪੰਜਾਬ ਦੇ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੰਤਰੀਆਂ-ਵਿਧਾਇਕਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਕਾਰਾਂ ਤੇ ਹੋਰ ਸਹੂਲਤਾਂ ਵਰਤਾਉਣ ਸਮੇਂ ਤੇ ਧਨਾਡਾਂ ਨੂੰ ਗੱਫੇ ਦੇਣ ਸਮੇਂ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਹੁੰਦਾ ਸਗੋਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਾ ਦੇਣ ਦੀ ਨੀਤੀ ਕਾਰਨ ਖਜ਼ਾਨੇ ਦਾ ਮੂੰਹ ਆਪਣੇ ਵੱਲ ਫੇਰਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖਾਹ ਕਟੌਤੀ ਵਾਲਾ ਕਾਲਾ ਨੋਟੀਫਿਕੇਸ਼ਨ ਤੁਰੰਤ ਵਾਪਿਸ ਲੈ ਕੇ ਅਧਿਆਪਕਾਂ ਨੂੰ ਪੂਰੇ ਸਕੇਲ ’ਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ’ਚ ਰੈਗੂਲਰ ਕੀਤਾ ਜਾਵੇ। ਪੋਸਟਾਂ ਖ਼ਤਮ ’ਤੇ ਰੋਕ ਲਾਈ ਜਾਵੇ ਤੇ ਸਸਪੈਂਡ ਕੀਤੇ ਅਧਿਆਪਕ ਆਗੂਆਂ ਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ। ਮੋਰਚੇ ਦੇ ਆਗੂਆਂ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਸਰਕਾਰ ਸਾਂਝੇ ਅਧਿਆਪਕ ਮੋਰਚੇ ਨਾਲ ਗੱਲਬਾਤ ਕਰ ਕੇ ਅਧਿਆਪਕ ਮਸਲਿਆਂ ਦਾ ਸਾਰਥਕ ਹੱਲ ਕੱਢੇ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਜਸਵਿੰਦਰ ਸਿੰਘ ਹਿੰਮਤਪੁਰਾ, ਹਰਦੀਪ ਸਿੰਘ, ਕੁਲਜਿੰਦਰ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ, ਪ੍ਰਿੰਸੀਪਲ ਹਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਮੰਗਾਂ ਸਬੰਧੀ ਐੱਫ. ਸੀ. ਆਈ. ਵਰਕਰਜ਼ ਯੂਨੀਅਨ ਵੱਲੋਂ ਰੋਸ ਰੈਲੀ
NEXT STORY