ਖਰੜ (ਅਮਰਦੀਪ) : ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਕੋਲੋਂ ਗਊ ਸੈੱਸ ਇਕੱਠਾ ਕਰ ਰਹੀ ਹੈ ਕਿ ਗਊਆਂ ਦੀ ਇਸ ਇਕੱਠੇ ਕੀਤੇ ਸੈੱਸ ਨਾਲ ਗਊਆਂ ਦੀ ਸੇਵਾ ਕੀਤੀ ਜਾਵੇਗੀ ਪਰ ਦੂਜੇ ਪਾਸੇ ਸੜਕਾਂ ਤੇ ਬੇਸਹਾਰਾ ਗਊਆਂ ਅਤੇ ਸਾਨ੍ਹ ਫੱਟੜ ਹਾਲਤ 'ਚ ਤੜਫ ਰਹੇ ਹਨ। ਖਰੜ-ਲਾਂਡਰਾਂ ਰੋਡ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਫੱਟੜ ਇਕ ਬੇਸਹਾਰਾ ਸਾਨ੍ਹ ਦੀ ਕਿਸੇ ਵੀ ਗਊਸ਼ਾਲਾ ਦੇ ਅਧਿਕਾਰੀ ਨੇ ਸਾਰ ਨਹੀਂ ਲਈ, ਬਲਕਿ ਦੁਕਾਨਦਾਰਾਂ ਵਲੋਂ ਫੱਟੜ ਸਾਨ੍ਹ ਦੀ ਸੇਵਾ ਕੀਤੀ ਜਾ ਰਹੀ ਹੈ।
ਦੁਕਾਨਦਾਰ ਜਗਦੀਸ਼ ਮਿਸਤਰੀ, ਕਾਲਾ ਚੋਲਟਾ, ਪਰਮਜੀਤ ਸਿੰਘ ਚੋਲਟਾ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਸੜਕ ਕਿਨਾਰੇ ਇਕ ਵਾਹਨ ਦੀ ਫੇਟ ਲੱਗਣ ਕਾਰਨ ਸਾਨ੍ਹ ਫੱਟੜ ਹਾਲਤ 'ਚ ਪਿਆ ਹੈ ਅਤੇ ਉਨ੍ਹਾਂ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਵਿਖੇ ਚਲਦੀ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਕੋਈ ਹੁੰਗਾਰਾ ਨਹੀਂ ਭਰਿਆ। ਪਿੰਡ ਦੁਬਾਲੀ ਦੇ ਇਕ ਦੋਧੀ ਨੇ ਖੁਦ ਇਨਸਾਨੀਅਤ ਤੌਰ 'ਤੇ ਆ ਕੇ ਫੱਟੜ ਸਾਨ੍ਹ ਦੇ ਟੀਕੇ ਲਗਾਏ ਹਨ। ਅੱਜ ਜਦੋਂ ਮੀਡੀਆ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਥੋਂ ਦੇ ਦੋ ਵਿਅਕਤੀਆਂ ਨੇ ਸਾਨ੍ਹ ਨੂੰ ਟੀਕਾ ਲਗਾਇਆ ਪਰ ਉਨ੍ਹਾਂ ਫੱਟੜ ਸਾਨ੍ਹ ਨੂੰ ਗਊਸ਼ਾਲਾ ਵਿਚ ਲਿਜਾਣਾ ਜ਼ਰੂਰੀ ਨਹੀਂ ਸਮਝਿਆ।
ਕੀ ਕਹਿਣਾ ਹੈ ਗਊਸ਼ਾਲਾ ਪ੍ਰਧਾਨ ਦਾ
ਇਸ ਸਬੰਧੀ ਸੰਪਰਕ ਕਰਨ 'ਤੇ ਗਊਸ਼ਾਲਾ ਦੇ ਪ੍ਰਧਾਨ ਜੈ ਪਾਲ ਨੇ ਆਖਿਆ ਕਿ ਨਾ ਤਾਂ ਪੰਜਾਬ ਸਰਕਾਰ ਵਲੋਂ ਗਊਸ਼ਾਲਾ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ, ਨਾ ਹੀ ਗਊਸ਼ਾਲਾ ਕੋਲ ਫੱਟੜ ਪਸ਼ੂ ਚੁੱਕਣ ਲਈ ਪ੍ਰਬੰਧ ਹਨ ਅਤੇ ਨਾ ਹੀ ਡਾਕਟਰ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸੰਪਰਕ ਕਰਨ 'ਤੇ ਇਸ ਸਬੰਧੀ ਕਿਹਾ ਕਿ ਉਹ ਇਸ ਮਾਮਲੇ ਵਿਚ ਕਾਰਵਾਈ ਕਰਨਗੇ। ਉਨ੍ਹਾਂ ਫੱਟੜ ਸਾਨ੍ਹ ਨੂੰ ਪਸ਼ੂ ਹਸਪਤਾਲ ਵਿਚ ਪਹੁੰਚਾਉਣ ਦੀ ਡਿਊਟੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀ. ਈ. ਓ. ਡਾ. ਐੱਚ. ਐੱਸ. ਸੇਖੋਂ ਦੀ ਲਗਾਈ ਹੈ।
ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਕੇ ਲਾਈ ਅੱਗ
NEXT STORY