ਪਟਿਆਲਾ, (ਜੋਸਨ)- ਪੰਜਾਬੀ ਯੂਨੀਵਰਸਿਟੀ ਵਿਚ ਕੁਡ਼ੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਨੂੰ ਲੈ ਕੇ ਘਸਮਾਨ ਜਾਰੀ ਹੈ। ਵਿਦਿਆਰਥੀ ਜਥੇਬੰਦੀ ਡੀ. ਐੈੱਸ. ਓ. ਅਤੇ ‘ਗੁੰਡਾਗਰਦੀ ਵਿਰੋਧੀ ਫ਼ਰੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਨੇ ਵਿਦਿਆਰਥੀ ਮੰਗਾਂ ਤੇ ਕੁਡ਼ੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਨੂੰ ਲੈ ਕੇ ਅੱਜ ਵੀ ਵਾਈਸ ਚਾਂਸਲਰ ਦਫਤਰ ਸਾਹਮਣੇ ਰੋਸਮਈ ਧਰਨਾ ਲਾਇਆ। ਇਸ ਮੌਕੇ ‘ਗੁੰਡਾਗਰਦੀ ਵਿਰੋਧੀ ਫ਼ਰੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵੱਲੋਂ ਡੀ. ਐੈੱਸ. ਓ. ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਅੱਜ ਸਿਵਲ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ। ਇਸ ਵਿਚ ਬੈਠ ਕੇ ਮੰਗਾਂ ਨੂੰ ਹੱਲ ਕਰਨ ਦੀ ਗੱਲ ਹੋਈ। ਇਸ ਦੇ ਨਾਲ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਮੰਗਾਂ ਤੇ ਸਾਂਝਾ ਮੋਰਚਾ ਬਣਾਉਣ ਦੀ ਗੱਲ ਕੀਤੀ ਗਈ ਹੈ। ਸਾਂਝੇ ਫ਼ਰੰਟ ਵਿਚ 4 ਜਥੇਬੰਦੀਆਂ ਵਿਚ ਮਾਲਵਾ ਯੂਥ ਫੈੈੱਡਰੇਸ਼ਨ ਤੋਂ ਲੱਖਾ ਸਿਧਾਣਾ ਤੇ ਰਾਜਵਿੰਦਰ, ਭਗਤ ਸਿੰਘ ਯੂਥ ਫੈੈੱਡਰੇਸ਼ਨ ਹਰਿਆਣਾ, ਨਵ-ਪੰਜਾਬ ਵਿਦਿਆਰਥੀ ਮੰਚ ਤੋਂ ਯਾਦਵਿੰਦਰ ਸ਼ਾਮਲ ਅਤੇ ਆਊਟ-ਸੋਰਸਿੰਗ ਸੁਰੱਖਿਆ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦੀ ਹਮਾਇਤ ਕੀਤੀ।
24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਖਿਲਾਫ ਡਟੀਆਂ
ਡੀ. ਐੈੱਸ. ਓ. ਵੱਲੋਂ ਕੁਡ਼ੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਖਿਲਾਫ ਅੱਜ ਯੂਨੀਵਰਸਿਟੀ ਦੀਆਂ ਇਕ ਦਰਜਨ ਵਿਦਿਆਰਥੀ ਜਥੇਬੰਦੀਆਂ ਐੈੱਸ. ਏ. ਪੀ., ਆਈ. ਏ. ਡੀ., ਐੈੱਸ. ਓ. ਆਈ., ਐੈੱਨ. ਐੈੱਸ. ਯੂ. ਆਈ., ਓ. ਪੀ. ਯੂ. ਐੈੱਸ., ਐੈੱਸ. ਡਬਲਿਊ. ਏ. ਜੀ. ਅਤੇ ਏ. ਬੀ. ਵੀ. ਪੀ. ਡਟ ਗਈਆਂ ਹਨ। ਇਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੰਦਿਆਂ ਕੁਡ਼ੀਆਂ ਦੇ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਦਾ ਵਿਰੋਧ ਕੀਤਾ ਹੈ। ਇਸ ਮੌਕੇ ਉਕਤ ਵਿਦਿਆਰਥੀ ਨੇਤਾਵਾਂ ਨੇ ਕਿਹਾ ਇਸ ਮੰਗ ਲੲੀ ਕੁਡ਼ੀਆਂ ਖੁਦ ਵੀ ਤਿਆਰ ਨਹੀਂ ਹਨ। ਸਾਰੀਆਂ ਜਥੇਬੰਦੀਆਂ ਕੁਡ਼ੀਆਂ ਦੀ ਬਹੁਤ ਇੱਜ਼ਤ ਕਰਦੀਆਂ ਹਨ ਕਿਉਂਕਿ ਅਸੀਂ ਸਾਰੇ ਉਨ੍ਹਾਂ ਪਰਿਵਾਰਾਂ ’ਚੋਂ ਹਾਂ ਜਿਨ੍ਹਾਂ ਵਿਚ ਮਾਵਾਂ, ਧੀਆਂ ਤੇ ਭੈਣਾਂ ਰਹਿੰਦੀਆਂ ਹਨ। ਸਾਰੀਆਂ ਜਥੇਬੰਦੀਆਂ ਦਾ ਕੋਈ ਵੀ ਮੈਂਬਰ ਕੁਡ਼ੀਆਂ ਨੂੰ ਛੇਡ਼ਨ ਬਾਰੇ ਸੋਚ ਵੀ ਨਹੀਂ ਸਕਦਾ। ਡੀ. ਐੈੱਸ. ਓ. ਵੱਲੋਂ ਲਾਇਆ ਗਿਆ ਇਹ ਇਲਜ਼ਾਮ ਸਰਾਸਰ ਝੂਠ ਹੈ। ਯੂਨੀਵਰਸਿਟੀ ਦੇ ਕੁਝ ਅਧਿਕਾਰੀ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਸ ਲਈ ਇਸ ਤਰ੍ਹਾਂ ਦੀਆਂ ਨਾਜਾਇਜ਼ ਮੰਗਾਂ ਉਠਾਈਆਂ ਜਾ ਰਹੀਆਂ ਹਨ। ਨੇਤਾਵਾਂ ਨੇ ਕਿਹਾ ਕਿ 18 ਸਤੰਬਰ ਦੀ ਰਾਤ ਨੂੰ ਕੁਡ਼ੀਆਂ ਦੇ ਹੋਸਟਲਾਂ ਦੇ ਜਬਰਨ ਗੇਟ ਖੁਲ੍ਹਵਾਏ ਗਏ। ਇਹ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਕਰਨ ਦੀ ਉਦਾਹਰਨ ਹੈ। ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਡੀ. ਐੈੱਸ. ਓ. ਅਤੇ ਹੋਰ ਪਾਰਟੀਆਂ ਨੇ ਮਿਲ ਕੇ ਇਕ ਫਰੰਟ ਬਣਾਇਆ ਹੈ, ਜੋ ਕਿ ਇਕ ਡਰਾਮੇਬਾਜ਼ੀ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਨਾਜਾਇਜ਼ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਨਾ ਕਰਨ ਦਿੱਤਾ ਜਾਵੇ। ਜਿਹਡ਼ੇ ਵਿਦਿਆਰਥੀਆਂ ਨਾਲ ਕੁੱਟ-ਮਾਰ ਕੀਤੀ ਗਈ ਹੈ, ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਇਨ੍ਹਾਂ ਖਿਲਾਫ਼ ਕਾਰਵਾਈ ਨਹੀਂ ਕਰਦਾ ਤਾਂ ਸਾਨੂੰ ਮਜਬੂਰਨ ਆਪਣਾ ਸੰਘਰਸ਼ ਅੱਗੇ ਵਧਾਉਣਾ ਪਵੇਗਾ।
ਪ੍ਰਸ਼ਾਸਨਕ ਤੇ ਪੁਲਸ ਅਧਿਕਾਰੀ ਵੀ ਪੁੱਜੇ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਨਿਰੰਤਰ ਯਤਨ ਕੀਤੇ ਗਏ। ਵਾਈਸ-ਚਾਂਸਲਰ ਵੱਲੋਂ ਅਧਿਕਾਰੀਆਂ ਦੀ ਇਕ ਮੀਟਿੰਗ ਸਵੇਰੇ ਬੁਲਾਈ ਗਈ, ਜਿਸ ਵਿਚ ਮਾਹੌਲ ਨੂੰ ਠੀਕ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਐੈੱਸ. ਡੀ. ਐੈੱਮ. ਅਨਮੋਲ ਸਿੰਘ ਧਾਲੀਵਾਲ, ਐੈੱਸ. ਪੀ. (ਸਿਟੀ) ਕੇਸਰ ਸਿੰਘ ਤੇ ਡੀ. ਐੈੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਹੋਰ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਿਦਿਆਰਥੀ ਜੱਥੇਬੰਦੀ ਨਾਲ ਵੀ ਗੱਲਬਾਤ ਕੀਤੀ ਗਈ। ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਯੂਨੀਵਰਸਿਟੀ ਪ੍ਰਸਾਸ਼ਨ ਤੇ ਉਨ੍ਹਾਂ ਦਰਮਿਆਨ ਵਿਦਿਆਰਥੀ ਮੰਗਾਂ ਸਬੰਧੀ ਹੋਣ ਵਾਲੀ ਗੱਲਬਾਤ ਵਿਚ ਉਨ੍ਹਾਂ ਦਾ ਕੋਈ ਦਖਲ ਨਹੀਂ। ਉਨ੍ਹਾਂ ਦੀ ਚਿੰਤਾ ਯੂਨੀਵਰਸਿਟੀ ਵਿਖੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹੈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਵਾਈਸ-ਚਾਂਸਲਰ ਦਫਤਰ ਸਮੇਤ ਦੂਜੇ ਅਧਿਕਾਰੀਆਂ ਦੇ ਨਿੱਤ ਦੇ ਕੰਮਕਾਜ ਵਿਚ ਕੋਈ ਰੁਕਾਵਟ ਨਾ ਪਾਈ ਜਾਵੇ। ਅਕਾਦਮਕ ਮਾਹੌਲ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ।
ਨੌਜਵਾਨ ਦੀ ਸਡ਼ਕ ਹਾਦਸੇ ’ਚ ਮੌਤ
NEXT STORY