ਭਵਾਨੀਗੜ੍ਹ, (ਕਾਂਸਲ) : ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਮੁੱਖ ਸੜਕ ਦੀ ਖਸਤਾ ਹਾਲਤ ਤੇ ਮੀਂਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਜਲ-ਥਲ ਹੋ ਜਾਣ ਕਾਰਨ ਦੁਖੀ ਹੋਏ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਇਥੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ, ਟੋਲ ਪਲਾਜ਼ਾ ਤੇ ਪੀ.ਡਬਲਯੂ.ਡੀ. ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੰਮੂ ਰਾਮ ਲਾਲਕਾ, ਜਰਨੈਲ ਸਿੰਘ, ਹਰਜੀਤ ਮਾਹੀ, ਸਤਗੁਰ ਸਿੰਘ, ਕਾਲਾ ਸਿੰਘ, ਅਜੈਬ ਸਿੰਘ, ਰਾਜ ਕੁਮਾਰ, ਗੁਰਧਿਆਨ ਸਿੰਘ, ਦਲੀਪ ਸਿੰਘ ਤੇ ਡਾ. ਅਮ੍ਰਿਤਪਾਲ ਸਿੰਘ ਸਮੇਤ ਹੋਰ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਟੋਲ ਰੋਡ ਹੋਣ ਦੇ ਬਾਵਜੂਦ ਪਿਛਲੇ 5 ਸਾਲਾਂ ਤੋਂ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਣ ਕਾਰਨ ਇਥੋਂ ਜਾਨ ਜੋਖ਼ਮ ’ਚ ਪਾ ਕੇ ਲੰਘਣਾ ਪੈਂਦਾ ਹੈ।
ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਬਣੀ, ਯਸ਼ਵੰਤ ਸਿਨਹਾ ਨੂੰ ਹਰਾਇਆ
ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਹੀ ਇਹ ਸੜਕ ਝੀਲ ਦਾ ਰੂਪ ਧਾਰਨ ਕਰ ਜਾਂਦੀ ਹੈ। ਸੜਕ ਵਿਚਕਾਰ ਡੂੰਘੇ-ਡੂੰਘੇ ਟੌਏ ਪੈ ਚੁੱਕੇ ਹਨ, ਜੋ ਕਿ ਪਾਣੀ ’ਚ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਇਥੇ ਵਾਪਰਨ ਵਾਲੇ ਹਾਦਸਿਆਂ ’ਚ ਜਿਥੇ ਜਾਨੀ ਨੁਕਸਾਨ ਹੋ ਰਿਹਾ ਹੈ, ਉਥੇ ਵਾਹਨਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਬਰਸਾਤ ਦਾ ਪਾਣੀ ਉਨ੍ਹਾਂ ਦੀਆਂ ਦੁਕਾਨਾਂ ਅੰਦਰ ਵੀ ਚਲਾ ਜਾਂਦਾ ਹੈ ਤੇ ਸੜਕ 'ਤੇ ਲੰਘਣ ਲਈ ਰਸਤਾ ਨਾ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਏ ਪਏ ਹਨ।
ਇਹ ਵੀ ਪੜ੍ਹੋ : ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ
ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਸੜਕ ਦੇ ਪਾਣੀ ਦੀ ਨਿਕਾਸੀ ਲਈ ਉਸ ਸਮੇਂ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਸੀ ਪਰ ਕੁਝ ਦਿਨਾਂ ਬਾਅਦ ਹੀ ਇਥੇ ਇਹ ਕੰਮ ਬੰਦ ਹੋ ਗਿਆ ਤੇ ਸੜਕ ਕਿਨਾਰੇ ਟੋਏ ਪੁੱਟ ਕੇ ਛੱਡ ਦਿੱਤੇ ਗਏ। ਦੁਕਾਨਦਾਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੇ ਪਾਣੀ ਦੀ ਨਿਕਾਸੀ ਦੇ ਠੋਸ ਪ੍ਰਬੰਧ ਕੀਤੇ ਜਾਣ ਤੇ ਸੜਕ ਦਾ ਪੁਨਰ-ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਜਲਦ ਸੜਕ ਦੀ ਹਾਲਤ ’ਚ ਸੁਧਾਰ ਨਾ ਕੀਤਾ ਤਾਂ ਉਹ ਇਸ ਸੜਕ 'ਤੇ ਟ੍ਰੈਫਿਕ ਜਾਮ ਕਰਕੇ ਪੱਕਾ ਰੋਸ ਧਰਨਾ ਲਗਾਉਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਮੋਗਾ : ਇੰਡਸਇੰਡ ਬੈਂਕ 'ਚ ਡਕੈਤੀ ਦੀ ਵਾਰਦਾਤ ਟ੍ਰੇਸ, 2 ਭਰਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ED ਵੱਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ ਖ਼ਿਲਾਫ਼ ਪੰਜਾਬ ਕਾਂਗਰਸ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
NEXT STORY