ਮੋਗਾ (ਆਜ਼ਾਦ, ਗੋਪੀ) : ਮੋਗਾ ਪੁਲਸ ਨੇ ਪਿੰਡ ਦਾਰਾਪੁਰ ਦੇ ਜੀ. ਟੀ. ਰੋਡ ’ਤੇ ਸਥਿਤ ਇੰਡਸਇੰਡ ਬੈਂਕ ਨੂੰ ਬੀਤੀ 11 ਜੁਲਾਈ ਨੂੰ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਣ ਦਾ ਯਤਨ ਕਰਨ ਵਾਲੇ 2 ਭਰਾਵਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ 3 ਹਥਿਆਰਬੰਦ ਲੁਟੇਰੇ 11 ਜੁਲਾਈ ਨੂੰ ਬੈਂਕ ਲੁੱਟਣ ਲਈ ਜਦੋਂ ਬੈਂਕ 'ਚ ਦਾਖਲ ਹੋਣ ਲੱਗੇ ਤਾਂ ਬੈਂਕ ਦੇ ਸੁਰੱਖਿਆ ਗਾਰਡ ਸੁਖਮੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਕਿ ਉਹ ਆਪਣੀ ਕ੍ਰਿਪਾਨ ਬਾਹਰ ਰੱਖ ਕੇ ਜਾਣ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਨੌਜਵਾਨ ਨੇ ਦਿਨ-ਦਿਹਾੜੇ ਬਜ਼ੁਰਗ ਤੋਂ ਲੁੱਟੇ 2 ਲੱਖ
ਇਸ ਦੌਰਾਨ ਲੁਟੇਰੇ ਉਸ ਨਾਲ ਹੱਥੋਪਾਈ ਹੋ ਗਏ ਤੇ ਉਸ ਦੀ ਬੰਦੂਕ ਖੋਹਣ ਦਾ ਯਤਨ ਕਰਨ ਲੱਗ ਪਏ। ਜਦੋਂ ਸੁਰੱਖਿਆ ਗਾਰਡ ਨੇ ਰੌਲਾ ਪਾਇਆ ਤਾਂ ਲੁਟੇਰੇ ਉਸ ਨੂੰ ਕ੍ਰਿਪਾਨ ਨਾਲ ਜ਼ਖਮੀ ਕਰਕੇ ਫਰਾਰ ਹੋ ਗਏ। ਇਸ ਤਰ੍ਹਾਂ ਸੁਰੱਖਿਆ ਗਾਰਡ ਨੇ ਜਿੱਥੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ, ਉਥੇ ਹੀ ਬੈਂਕ ਨੂੰ ਲੁੱਟਣ ਤੋਂ ਵੀ ਬਚਾਇਆ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਡੀ. ਐੱਸ. ਪੀ. ਸਿਟੀ ਦਮਨਵੀਰ ਸਿੰਘ ਅਤੇ ਥਾਣਾ ਸਦਰ ਮੋਗਾ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ, ਸੀ. ਆਈ. ਏ. ਇੰਸਪੈਕਟਰ ਕਿੱਕਰ ਸਿੰਘ, ਥਾਣਾ ਚੜਿੱਕ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ 'ਤੇ ਆਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਨ੍ਹਾਂ ਨੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਟੈਕਨੀਕਲੀ ਢੰਗ ਨਾਲ ਉਨ੍ਹਾਂ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾਈ, ਜਦੋਂ ਥਾਣੇਦਾਰ ਜਸਵਿੰਦਰ ਸਿੰਘ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਬੈਂਕ ਲੁੱਟਣ ਦਾ ਯਤਨ ਕਰਨ ਵਾਲੇ ਲੁਟੇਰੇ ਇਲਾਕੇ 'ਚ ਘੁੰਮ ਰਹੇ ਹਨ, ਜਿਸ ’ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਰਾਜਪ੍ਰੀਤ ਸਿੰਘ ਉਰਫ ਰਾਜਾ ਤੇ ਉਸ ਦੇ ਭਰਾ ਨਰਿੰਦਰ ਸਿੰਘ ਉਰਫ ਰਾਣਾ ਵਾਸੀ ਪਿੰਡ ਠੇਠਰ ਕਲਾਂ (ਫਿਰੋਜ਼ਪੁਰ) ਨੂੰ ਜਾ ਦਬੋਚਿਆ, ਜੋ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਰਹੇ ਸਨ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਿੰਦਰ ਸਿੰਘ ਵਾਸੀ ਪਿੰਡ ਠੇਠਰ ਕਲਾਂ ਪੁਲਸ ਦੇ ਕਾਬੂ ਨਹੀਂ ਆਇਆ।
ਇਹ ਵੀ ਪੜ੍ਹੋ : Encounter ਤੋਂ ਬਾਅਦ ਰੂਪਾ ਦੀ ਮਾਂ ਦਾ ਬਿਆਨ- 'ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲਿਆ ਇਨਸਾਫ਼'
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਗੁਰਿੰਦਰ ਸਿੰਘ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰ ਰਿਹਾ ਹੈ ਅਤੇ ਉਨ੍ਹਾਂ ਤਿੰਨਾਂ ਨੇ ਹੀ ਇੰਡਸਇੰਡ ਬੈਂਕ ਨੂੰ ਲੁੱਟਣ ਦਾ ਯਤਨ ਕੀਤਾ ਸੀ ਪਰ ਸੁਰੱਖਿਆ ਗਾਰਡ ਦੀ ਮੁਸਤੈਦੀ ਕਾਰਨ ਅਸਫਲ ਹੋ ਗਏ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਸੁਰੱਖਿਆ ਗਾਰਡ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਅਤੇ 15 ਅਗਸਤ ਨੂੰ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਤੇਜ਼ਧਾਰ ਕ੍ਰਿਪਾਨ ਬਰਾਮਦ ਕਰ ਲਈ ਗਈ ਹੈ ਤੇ ਉਨ੍ਹਾਂ ਦੇ ਤੀਜੇ ਸਾਥੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਹਿਲਾ ਕਿਸਾਨ ਯੂਨੀਅਨ ਵੱਲੋਂ MSP ਕਮੇਟੀ ਦੇ ਮੁੱਦੇ 'ਤੇ ਰਾਜਸੀ ਦਲਾਂ ਨੂੰ ਚਿਤਾਵਨੀ
NEXT STORY