ਜਲਾਲਾਬਾਦ,(ਗੁਲਸ਼ਨ)—ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਹਰੇਕ ਵਰਗ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਸ ਤਿਉਹਾਰ ਦੀ ਉਡੀਕ ਹੋਵੇ ਵੀ ਕਿਉਂ ਨਾ, ਚਾਰੇ ਪਾਸੇ ਹਨੇਰੇ ਨੂੰ ਮਿਟਾਉਂਦੀ ਦੀਵਿਆਂ ਦੀ ਰੌਸ਼ਨੀ, ਖੁਸ਼ੀ ਦਾ ਮਾਹੌਲ, ਪਟਾਕਿਆਂ ਦੀ ਗੂੰਜ ਅਤੇ ਆਪਣਿਆਂ ਦਾ ਪਿਆਰ ਨਜ਼ਰ ਆਉਂਦਾ ਹੈ। ਪਟਾਕਿਆਂ ਦੇ ਵਧਦੇ ਕਰੇਜ਼ ਦੇ ਨਾਲ-ਨਾਲ ਨੌਜਵਾਨਾਂ 'ਚ ਪਟਾਕਿਆਂ ਨੂੰ ਲੈ ਕੇ ਛਿੜੇ ਮੁਕਾਬਲੇ ਜੀਵਨ 'ਚ ਹਨੇਰਾ ਵੀ ਕਰ ਸਕਦੇ ਹਨ। ਹਾਲਾਂਕਿ ਬਿਨਾਂ ਪਟਾਕਿਆਂ ਦੀਵਾਲੀ ਸੁੰਨੀ ਲੱਗਦੀ ਹੈ ਪਰ ਪਟਾਕੇ ਚਲਾਉਣ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਲਾਪ੍ਰਵਾਹੀ ਸਾਰੀ ਉਮਰ ਲਈ ਪਛਤਾਵਾ ਬਣ ਸਕਦੀ ਹੈ।
ਇਕ ਅੰਦਾਜ਼ੇ ਦੇ ਅਨੁਸਾਰ ਦੀਵਾਲੀ ਦੇ ਦਿਨ ਲੱਖਾਂ ਲੋਕ ਅੱਗ ਦੀ ਚਪੇਟ 'ਚ ਆ ਕੇ ਗੰਭੀਰ ਜਾਂ ਫਿਰ ਮਾਮੂਲੀ ਤੌਰ 'ਤੇ ਝੁਲਸ ਜਾਂਦੇ ਹਨ। ਪਟਾਕਿਆਂ 'ਚ ਮੌਜੂਦ ਵਿਸਫੋਟਕ ਰਸਾਇਣ ਨਾਲ ਹਰੇਕ ਸਾਲ ਕਰੀਬ 5 ਹਜ਼ਾਰ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ, ਜਿਨ੍ਹਾਂ 'ਚ 80 ਫੀਸਦੀ ਮਰਦ ਹੁੰਦੇ ਹਨ। ਪਟਾਕਿਆਂ 'ਚ ਕਈ ਹਾਨੀਕਾਰਕ ਗੈਸਾਂ ਤੋਂ ਇਲਾਵਾ ਕਾਪਰ, ਲੈਡ, ਕੈਡਮੀਅਮ, ਜ਼ਿੰਕ, ਸੋਡੀਅਮ, ਪੋਟਾਸ਼ੀਅਮ, ਮੈਗਨੀਜ਼ ਵਰਗੇ ਭਾਰੀ ਤੱਤਾਂ ਦੇ ਨਾਲ-ਨਾਲ ਛੋਟੇ-ਛੋਟੇ ਕਣ ਵੀ ਹੁੰਦੇ ਹਨ, ਜੋ ਹਵਾ 'ਚ ਘੁੱਲ ਕੇ ਉਸ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਸਾਹ ਦੇ ਨਾਲ ਇਹ ਤੱਤ ਫੇਫੜਿਆਂ 'ਚ ਚਲੇ ਜਾਂਦੇ ਹਨ, ਜਿਸ ਨਾਲ ਅਸਥਮਾ ਰੋਗੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਕਾਰਨਾਂ ਕਾਰਨ ਅਸਥਮਾ ਅਟੈਕ ਦਾ ਖਤਰਾ ਵੀ ਵਧ ਜਾਂਦਾ ਹੈ। ਸਾਵਧਾਨੀ ਅਤੇ ਸਮਝਦਾਰੀ ਨਾਲ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਦੀਵਾਲੀ ਦੇ ਤਿਉਹਾਰ ਨੂੰ ਮਨਾਉਦੇਂ ਸਮੇਂ ਅਤੇ ਪਟਾਕੇ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।
ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਨੂੰ ਵਧਾਉਂਦੈ ਪਟਾਕਿਆਂ ਦਾ ਧੂੰਆਂ
ਪਟਾਕਿਆਂ ਦੇ ਧੂੰਏਂ 'ਚ ਸਸਪੈਕਟਡ ਪਰਟੀਕੁਲਰ ਮੈਟਰ (ਐੱਸ. ਪੀ. ਐੱਮ.) ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਮਾਹਿਰਾਂ ਦੀ ਜੇਕਰ ਮੰਨੀਏ ਤਾਂ ਪਟਾਕਿਆਂ 'ਚ ਮੌਜੂਦ ਹਾਨੀਕਾਰਕ ਰਸਾਇਣਕ ਤੱਤ ਧੁੰਦ ਕਾਰਨ ਜ਼ਮੀਨ ਦੇ ਕੁਝ ਉੱਪਰ ਹੀ ਠਹਿਰ ਜਾਂਦੇ ਹਨ। ਸਾਹ ਲੈਂਦੇ ਸਮੇਂ ਨੱਕ ਤੋਂ ਫੇਫੜਿਆਂ 'ਚ ਪਹੁੰਚਦੇ ਹਨ, ਜੋ ਕਿ ਅੰਦਰ ਚਿਪਕ ਜਾਂਦੇ ਹਨ। ਇਹ ਸਾਹ ਦੀ ਮੁਸ਼ਕਲ ਬ੍ਰੌਕਾਈਟਸ, ਅਸਥਮਾ, ਕੰਨ ਸੁੰਨ ਹੋਣਾ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਨੂੰ ਵਧਾਉਂਦੇ ਹਨ।
ਪਟਾਕਿਆਂ ਦਾ ਧੂੰਆਂ ਖਤਰਨਾਕ ਕਿਉਂ?
ਪਟਾਕਿਆਂ 'ਚ ਸਲਫਰ ਆਕਸਾਈਡ, ਨਾਈਟਰੋਜਨ ਡਾਈਆਕਸਾਈਡ, ਫਾਸਫੋਰਸ, ਪੋਟਾਸ਼ੀਅਮ ਡਾਈ ਆਕਸਾਈਡ ਵਰਗੇ ਰਸਾਇਣਕ ਤੱਤ ਹੁੰਦੇ ਹਨ। ਇਹ ਗੈਸ 'ਚ ਬਦਲ ਜਾਂਦੇ ਹਨ, ਜੋ ਕਿ ਨੱਕ ਅਤੇ ਮੂੰਹ ਦੇ ਰਾਸਤੇ ਸਰੀਰ 'ਚ ਜਾ ਕੇ ਨੁਕਸਾਨ ਕਰਦੇ ਹਨ।
ਜਾਨਵਰਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਨੇ ਪਟਾਕੇ
ਪਟਾਕਿਆਂ ਦੀ ਆਵਾਜ਼ ਨਾਲ ਇਨਸਾਨ ਤੋਂ ਜ਼ਿਆਦਾ ਜਾਨਵਰ ਪ੍ਰੇਸ਼ਾਨ ਹੁੰਦੇ ਹਨ। ਘਰ 'ਚ ਪਾਲਤੂ ਜਾਨਵਰ ਹੈ ਤਾਂ ਉਨ੍ਹਾਂ ਨੂੰ ਦੀਵਾਲੀ ਦੀ ਰਾਤ ਬਾਹਰ ਨਾ ਨਿਕਲਣ ਦਿਓ। ਅਜਿਹੀ ਥਾਂ ਰੱਖੋ, ਜਿਥੇ ਆਵਾਜ਼ ਘੱਟ ਆਉਂਦੀ ਹੋਵੇ। ਇਨ੍ਹਾਂ ਨੂੰ ਅੱਗ ਤੋਂ ਵੀ ਦੂਰ ਰੱਖੋ।
ਗਰਭਵਤੀ ਔਰਤਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ
ਗਰਭਵਤੀ ਔਰਤਾਂ ਲਈ ਵੀ ਪਟਾਕਿਆਂ ਦਾ ਧੂੰਆ ਅਤੇ ਆਵਾਜ਼ ਦੋਵੇਂ ਹੀ ਖਤਰਨਾਕ ਹਨ। ਪਟਾਕਿਆਂ ਦਾ ਅਸਰ ਗਰਭਵਤੀ ਔਰਤ ਦੀ ਧੜਕਣ 'ਤੇ ਪੈਂਦਾ ਹੈ, ਜਿਸ ਦਾ ਸਿੱਧੇ ਤੌਰ 'ਤੇ ਅਸਰ ਗਰਭ 'ਚ ਪਲ ਰਹੇ ਬੱਚੇ ਦੀ ਧੜਕਣ 'ਤੇ ਪੈਂਦਾ ਹੈ। ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਲੈਣ 'ਚ ਮੁਸ਼ਕਲ ਆ ਸਕਦੀ ਹੈ, ਜਿਸ ਕਾਰਨ ਗਰਭਵਤੀ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਪਟਾਕੇ ਚਲਾਉਂਦੇ ਸਮੇਂ ਇੰਝ ਵਰਤੋਂ ਸਾਵਧਾਨੀ
-ਸਰੀਰ ਤੋਂ ਦੋ-ਢਾਈ ਫੁੱਟ ਦੀ ਦੂਰੀ 'ਤੇ ਪਟਾਕੇ ਚਲਾਓ।
-ਅਨਾਰ ਨੂੰ ਮਾਚਿਸ ਨਾਲ ਚਲਾਓ।
-ਢਿੱਲੇ ਕੱਪੜੇ ਨਾ ਪਾਓ।
-ਬੱਚਿਆਂ ਨੂੰ ਨਿਗਰਾਨੀ 'ਚ ਪਟਾਕੇ ਚਲਾਉਣ ਦਿਓ।
-ਪਾਣੀ ਦੀ ਬਾਲਟੀ ਪਟਾਕਿਆਂ ਵਾਲੀ ਥਾਂ 'ਤੇ ਰੱਖੋ।
-ਧੂੰਏਂ ਤੋਂ ਬਚਣ ਲਈ ਖਿੜਕੀ ਦਰਵਾਜ਼ੇ ਬੰਦ ਰੱਖੋ ਅਤੇ ਸੰਭਵ ਹੋ ਸਕੇ ਤਾਂ ਮੂੰਹ ਤੇ ਨੱਕ ਨੂੰ ਕੱਪੜੇ ਨਾਲ ਢੱਕ ਲਓ।
-ਬਾਹਰ ਨਿਕਲਣਾ ਜ਼ਰੂਰੀ ਹੋਵੇ ਤਾਂ ਐਨ-95 ਮਾਸਕ ਦਾ ਇਸਤੇਮਾਲ ਕਰੋ।
-ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਵੋ।
ਇਹ ਕਰੋ ਉਪਾਅ
-ਅੱਖਾਂ 'ਚ ਜਲਨ ਹੋਣ 'ਤੇ ਠੰਡੇ ਪਾਣੀ ਨਾਲ ਧੋਵੋ।
-ਅੱਖਾਂ ਨੂੰ ਨਾ ਰਗੜੋ।
-ਚਮੜੀ ਸੜਨ 'ਤੇ ਬਰਫ ਰਗੜੋ।
-ਸਾਹ ਦੇ ਰੋਗੀ ਮਾਸਕ ਲਾ ਕੇ ਨਿਕਲੋ।
-ਕੰਨ 'ਚ ਰੂੰ ਲਗਾ ਸਕਦੇ ਹੋ।
ਪਟਾਕਿਆਂ ਦਾ ਧੂੰਆ ਫੇਫੜਿਆਂ ਲਈ ਨੁਕਸਾਨਦੇਹ : ਡਾ. ਬਾਂਸਲ
ਸ੍ਰੀ ਗੁਰੂ ਨਾਨਕ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸੰਚਾਲਕ ਡਾ. ਮਦਨ ਮੋਹਨ ਬਾਂਸਲ ਨੇ ਦੱਸਿਆ ਕਿ ਪਟਾਕਿਆਂ 'ਚੋਂ ਨਿਕਲਣ ਵਾਲੇ ਧੂੰਏ 'ਚ ਸ਼ਾਮਲ ਕਾਰਬਨ ਮੋਨੋਆਕਸਾਈਡ ਫੇਫੜਿਆਂ ਵਾਸਤੇ ਬਹੁਤ ਖਤਰਨਾਕ ਹੈ ਅਤੇ ਧੂੰਏਂ 'ਚ ਸਾਹ ਲੈਣ ਨਾਲ ਸਮੱਸਿਆ ਪੈਦਾ ਹੁੰਦੀ ਹੈ, ਜਦਕਿ ਪਟਾਕਿਆਂ ਦੀ ਆਵਾਜ਼ ਨਾਲ ਕੰਨਾਂ ਨੂੰ ਨੁਕਸਾਨ ਪੁੱਜਦਾ ਹੈ ਅਤੇ ਦਿਲ ਦੀ ਬੀਮਾਰੀ ਨਾਲ ਸਬੰਧਤ ਮਰੀਜ਼ਾਂ ਦੀ ਅਚਾਨਕ ਧੜਕਣ ਵਧਣ ਕਾਰਨ ਪਟਾਕੇ ਖਤਰਨਾਕ ਸਿੱਧ ਹੁੰਦੇ ਹਨ। ਪਟਾਕਿਆਂ 'ਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ 'ਚ ਸਲਫਰ ਡਾਈਆਕਸਾਈਡ ਦੀ ਮਾਤਰਾ ਨੂੰ ਵਧਾ ਦਿੰਦਾ ਹੈ। ਇਸ ਨਾਲ ਸਾਹ ਨਾੜੀਆਂ ਸੁੰਗੜਣ ਲੱਗ ਜਾਂਦੀਆਂ ਹਨ, ਜਿਸ ਨਾਲ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਅਤੇ ਇਸ ਨਾਲ ਅਸਥਮਾ, ਐਲਰਜਿਕ, ਬ੍ਰੌਕਾਈਟਸ, ਰਾਈਨਿਟਿਸ, ਲੈਰਿਜਾਇਟਸ, ਨਿਮੋਨੀਆ ਆਦਿ ਦੀ ਪ੍ਰੇਸ਼ਾਨੀ ਵਧ ਜਾਂਦੀ ਹੈ।
ਅਧਿਆਪਕ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ 'ਤੇ ਮਾਮਲਾ ਦਰਜ
NEXT STORY