ਖਨੌਰੀ (ਹਰਜੀਤ)— ਸ਼ਹਿਰ ਵਿਚੋਂ ਦੀ ਲੰਘਦੇ ਨੈਸ਼ਨਲ ਹਾਈਵੇਅ ਨੰਬਰ 71 'ਤੇ ਬਣ ਰਹੇ ਪੁਲ ਵਿਚ ਅੰਡਰ ਪਾਸ ਅਤੇ ਸਾਰੇ ਸ਼ਹਿਰ 'ਚ ਕੋਈ ਵੀ ਕੱਟ ਨਾ ਛੱਡੇ ਜਾਣ ਕਾਰਨ ਅਤੇ ਉੱਡਦੀ ਧੂੜ ਮਿੱਟੀ ਨੂੰ ਲੈ ਕੇ ਦੁਕਾਨਦਾਰਾਂ ਨੇ ਕਰੀਬ ਦੋ ਘੰਟੇ ਕੌਮੀ ਸ਼ਾਹ ਮਾਰਗ ਜਾਮ ਕਰ ਕੇ ਠੇਕੇਦਾਰ ਅਤੇ ਸਬੰਧਿਤ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਬਾਰਡਰ ਤੋਂ ਲੈ ਕੇ ਸੰਗਰੂਰ ਤੱਕ ਤਕਰੀਬਨ 60 ਕਿਲੋਮੀਟਰ ਲੰਬੀ ਸੜਕ ਨੂੰ ਚਹੁੰ ਮਾਰਗੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਕੈਥਲ ਤੋਂ ਆਉਣ ਵਾਲੀ ਸੜਕ ਨੂੰ ਨੈਸ਼ਨਲ ਹਾਈਵੇ ਹੇਠੋਂ ਦੀ ਲੰਘਾਉਣ ਲਈ ਸ਼ਹਿਰ 'ਚ ਮਿੱਟੀ ਵਾਲੇ ਬੰਦ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ 800 ਮੀਟਰ ਤੋਂ ਵੀ ਜ਼ਿਆਦਾ ਲੰਬੇ ਇਸ ਪੁਲ ਵਿਚ ਲੋਕਲ ਆਵਾਜਾਈ ਲਈ ਕੋਈ ਰਸਤਾ ਨਹੀਂ ਛੱਡਿਆ ਗਿਆ ਅਤੇ ਪੁਲ ਉਤਰਨ ਤੋਂ ਬਾਅਦ ਵੀ ਸ਼ਹਿਰ ਵਿਚ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਕੋਈ ਰਸਤਾ ਨਹੀਂ ਹੈ।
ਪੁਲਸ ਨੇ ਖੁੱਲ੍ਹਵਾਇਆ ਜਾਮ : ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਵਲੋਂ ਇੱਥੇ ਚੱਲ ਰਹੇ ਮਿੱਟੀ ਪਾਉਣ ਦੇ ਕੰਮ 'ਤੇ ਪਾਣੀ ਵੀ ਨਹੀਂ ਛਿੜਕਿਆ ਜਾਂਦਾ ਅਤੇ ਸਾਰਾ ਦਿਨ ਮਿੱਟੀ ਉੱਡ-ਉੱਡ ਕੇ ਲੋਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ। ਦੋ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਥਾਣੇਦਾਰ ਮਾਲਵਿੰਦਰ ਸਿੰਘ ਨੇ ਠੇਕੇਦਾਰ ਦੇ ਬੰਦਿਆਂ ਨੂੰ ਸਫਾਈ ਕਰਨ ਅਤੇ ਪਾਣੀ ਦਾ ਛਿੜਕਾਅ ਕਰਨ ਲਈ ਕਹਿ ਕੇ ਅਤੇ ਕੱਟ ਛੱਡੇ ਜਾਣ ਲਈ ਧਰਨਾਕਾਰੀਆਂ ਦੀ ਅਰਜ਼ੀ ਅੱਗੇ ਭੇਜਣ ਦਾ ਵਾਅਦਾ ਕਰ ਕੇ ਜਾਮ ਨੂੰ ਖੁੱਲ੍ਹਵਾਇਆ।
ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਜਦੋਂ ਰੋਡ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀ ਜੀਤੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੱਲਦੇ ਕੰਮ 'ਚ ਕੁਝ ਦਿੱਕਤਾਂ ਤਾਂ ਆਉਂਦੀਆਂ ਹੀ ਹਨ ਪਰ ਇਕ ਮਹੀਨੇ ਦੇ ਅੰਦਰ-ਅੰਦਰ ਸਭ ਠੀਕ ਹੋ ਜਾਵੇਗਾ। ਰਹੀ ਗੱਲ ਪਾਣੀ ਦਾ ਛਿੜਕਾਅ ਕਰਨ ਦੀ ਉਹ ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ । ਇਸ ਸਬੰਧੀ ਜਦੋਂ ਨੈਸ਼ਨਲ ਹਾਈਵੇਅ ਨਾਲ ਸਬੰਧਿਤ ਐਕਸੀਅਨ ਐੱਨ.ਪੀ. ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਰੋਡ ਕੰਪਲੀਟ ਹੋਣ ਅਤੇ ਪੁਲ ਸ਼ੁਰੂ ਹੋਣ 'ਤੇ ਅਤੇ ਪੁਲ ਉਤਰਨ ਤੋਂ ਕੁਝ ਦੂਰੀ 'ਤੇ ਦੋ ਕੱਟ ਛੱਡਾਂਗੇ ਤਾਂ ਜੋ ਲੋਕਾਂ ਨੂੰ ਸਹੂਲਤ ਹੋ ਸਕੇ ।
2 ਹਿੱਸਿਆਂ 'ਚ ਵੰਡਿਆ ਸ਼ਹਿਰ
ਕਰਮਵੀਰ ਸਿੰਘ, ਸੁਰਿੰਦਰ ਸ਼ਰਮਾ, ਸੁਰੇਸ਼ ਕੁਮਾਰ, ਬਿੱਟੂ ਸਿੰਗਲਾ, ਰਾਜੂ ਬਜਾਜ, ਰੌਸ਼ਨ ਲਾਲ, ਸੰਜੇ ਕੁਮਾਰ, ਸੀਟੂ, ਗੀਤੇਸ਼ ਕੁਮਾਰ, ਪਵਨ ਕੁਮਾਰ, ਬਿੰਦੂ ਬੇਦੀ, ਵਰਿੰਦਰ ਗੁਪਤਾ, ਕਾਕਾ ਮੰਡਵੀਵਾਲਾ, ਆਨੰਦ ਕੁਮਾਰ ਅਤੇ ਬਿੰਦੂ ਢੀਂਡਸਾ ਨੇ ਕਿਹਾ ਕਿ ਮਹਿਕਮੇ ਦੀ ਮਨਮਰਜ਼ੀ ਇੱਥੋਂ ਦੇ ਲੋਕਾਂ ਲਈ ਹਮੇਸ਼ਾ ਲਈ ਇਕ ਵੱਡੀ ਮੁਸੀਬਤ ਬਣ ਕੇ ਰਹਿ ਜਾਵੇਗੀ ਕਿਉਂਕਿ ਸ਼ਹਿਰ ਵਿਚ ਕੋਈ ਵੀ ਕੱਟ ਨਾ ਛੱਡੇ ਜਾਣ ਕਾਰਨ ਪੂਰਾ ਸ਼ਹਿਰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ ਜਿਸ ਨਾਲ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਸਾਰਾ ਬਾਜ਼ਾਰ ਲੰਘ ਕੇ ਆਉਣਾ-ਜਾਣਾ ਪੈਂਦਾ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਇਸ ਪੁਲ ਦੇ ਇਕ ਪਾਸੇ ਵੱਲ ਸਰਕਾਰੀ ਕੰਨਿਆ ਸ.ਸ. ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਸਮੇਤ ਕਰੀਬ ਇਕ ਦਰਜਨ ਪ੍ਰਾਈਵੇਟ ਸਕੂਲ ਅਤੇ ਲੜਕੀਆਂ ਦੇ ਕਾਲਜ ਹਨ ਅਤੇ ਦੂਜੇ ਪਾਸੇ ਗੁਰਦੁਆਰਾ ਸਾਹਿਬ, ਅਨਾਜ ਮੰਡੀ, ਸਰਕਾਰੀ ਸ.ਸ. ਸਕੂਲ (ਲੜਕੇ), ਸਰਕਾਰ ਪ੍ਰਾਇਮਰੀ ਸਕੂਲ (ਲੜਕੇ), ਦਫ਼ਤਰ ਨਗਰ ਪੰਚਾਇਤ, ਪੁਲਸ ਥਾਣਾ ਸਮੇਤ 6 ਬੈਂਕ ਅਤੇ ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਸਬੰਧਿਤ ਮਹਿਕਮੇ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਇੱਥੋਂ ਦੇ ਲੋਕਾਂ ਲਈ ਸਦਾ ਵਾਸਤੇ ਪੇਸ਼ ਆਉਣ ਵਾਲੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ।
ਨਾਜਾਇਜ਼ ਸ਼ਰਾਬ ਸਣੇ 4 ਕਾਬੂ
NEXT STORY