ਫਤਿਹਗੜ੍ਹ ਸਾਹਿਬ,(ਜਗਦੇਵ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੇ ‘ਤੁਗਲਕੀ ਰਾਜ’ ਦੀਆਂ ਬੇਵਕੂਫ਼ੀਆਂ ਕਾਰਣ ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਹ ਗੱਲ ਬੜੇ ਦੁੱਖ ਦੀ ਹੈ ਕਿ ਜਿਹੜੇ ਪ੍ਰਵਾਸੀ ਖੇਤ ਮਜ਼ਦੂਰਾਂ ਨੂੰ ਕੈਪਟਨ ਸਰਕਾਰ ਨੇ ਸਰਕਾਰੀ ਖਰਚੇ ’ਤੇ ਲੰਗਰ ਛਕਾ ਕੇ ਅਤੇ ਵਿਸ਼ੇਸ਼ ਰੇਲ ਗੱਡੀਆਂ ਦੇ ਕਿਰਾਏ-ਭਾੜ੍ਹੇ ਦੇ ਕੇ ਬਿਹਾਰ ਅਤੇ ਯੂ. ਪੀ. ’ਚ ਵਾਪਸ ਘਰਾਂ ਨੂੰ ਭੇਜਿਆ ਸੀ ਉਨ੍ਹਾਂ ਹੀ ਖੇਤ ਮਜ਼ਦੂਰਾਂ ਨੂੰ ਹੁਣ ਪੰਜਾਬ ਦਾ ਕਿਸਾਨ ਆਪਣੇ ਖਰਚੇ ’ਤੇ, ਪ੍ਰਾਈਵੇਟ ਬੱਸਾਂ ਕਰ ਕੇ, ਝੋਨੇ ਦੀ ਫਸਲ ਦੀ ਲਵਾਈ ਵਾਸਤੇ ਵਾਪਸ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਦੇ ਮਾਲਕ 70 ਹਜ਼ਾਰ ਤੋਂ 1 ਲੱਖ ਰੁਪਏ ਪ੍ਰਤੀ ਫੇਰੀ ਕਿਸਾਨ ਤੋਂ ਵਸੂਲ ਰਹੇ ਹਨ।
ਇਨ੍ਹਾਂ ਪ੍ਰਵਾਸੀ ਖੇਤ ਮਜ਼ਦੂਰਾਂ ਦਾ ਰਸਤੇ ਦਾ ਰੋਟੀ-ਪਾਣੀ ਦਾ ਖਰਚਾ ਜਮ੍ਹਾ ਕਰ ਕੇ 2 ਹਜ਼ਾਰ ਤੋਂ ਲੈ ਕੇ 2500 ਰੁਪਏ ਤੱਕ ਪ੍ਰਤੀ ਮਜ਼ਦੂਰ ਦਾ ਖਰਚਾ ਕਿਸਾਨ ਦੇ ਸਿਰ ਪੈ ਰਿਹਾ ਹੈ। ਇਸ ਤੋਂ ਬਿਨਾਂ 3 ਹਜ਼ਾਰ ਤੋਂ 3200 ਰੁਪਏ ਤੱਕ ਪ੍ਰਤੀ ਏਕੜ ਝੋਨੇ ਦੀ ਲਵਾਈ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਜ਼ਿੰਦਗੀ ’ਚ ਨਿੱਤ ਨਵੇਂ ਦੁਖਾਂਤ ਵਾਪਰ ਰਹੇ ਹਨ ਪਰ ਕੈਪਟਨ ਕੋਲ ਕਿਸਾਨੀ ਦੇ ਦੁੱਖਾਂ-ਦਰਦਾਂ ਦੀ ਵੇਦਨਾ ਸੁਣਨ ਲਈ ਨਾ ਤਾਂ ਕੋਮਲ ਤੇ ਮਿਹਰਬਾਨ ਹਿਰਦਾ ਹੈ ਤੇ ਨਾ ਹੀ ਪੰਜਾਬ ਦੇ ਕਿਸਾਨ ਦੀ ਬਰਬਾਦੀ ਉਸ ਦੇ ਪ੍ਰਥਮ ਸਰੋਕਾਰਾਂ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਵੀ ਉਲਟਾ ਕੈਪਟਨ ਨੇ ਇਕ ਬੇਤੁਕਾ ਬਿਆਨ ਜਾਰੀ ਕਰ ਕੇ ਪੰਜਾਬ ਦੇ ਕਿਸਾਨ ਦੀ ਪਿੱਠ ’ਚ ਛੁਰਾ ਮਾਰ ਦਿੱਤਾ।
ਉਸ ਦਾ ਇਹ ਦਾਅਵਾ ਕਿ ਪੰਜਾਬ ’ਚ ਕਣਕ ਦਾ ਝਾੜ ਇਸ ਵਾਰ 54 ਕੁਇੰਟਲ ਪ੍ਰਤੀ ਹੈਕਟੇਅਰ ਹੋਇਆ ਹੈ, ਜੋ ਕਿ ਇਕ ਨਵਾਂ ਰਿਕਾਰਡ ਹੈ, ਜਦ ਕਿ ਸੱਚਾਈ ਇਹ ਹੈ ਕਿ ਪੰਜਾਬ ’ਚ ਕਿਤੇ ਵੀ ਕਣਕ ਦਾ ਝਾੜ 25 ਤੋਂ 30 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵੱਧ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਕੈਪਟਨ ਦੇ ਇਸ ਬੇਤੁਕੇ ਬਿਆਨ ਨੂੰ ਹੀ ਆਧਾਰ ਬਣਾ ਕੇ ਝੋਨੇ ਦੇ ਘੱਟੋ-ਘੱਟ ਖਰੀਦ ਮੁੱਲ ’ਚ ਨਿਗੂਣਾ ਜਿਹਾ ਵਾਧਾ ਕੀਤਾ ਹੈ। ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਛੋਟੇ ਤੇ ਹਾਸ਼ੀਏ ’ਚ ਧੱਕੇ ਜਾ ਚੁੱਕੇ ਮਾਮੂਲੀ ਕਿਸਾਨਾਂ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਏਕੜ ਮਾਲੀ ਮਦਦ ਫੌਰੀ ਤੌਰ ’ਤੇ ਆਫਤ ਰਾਹਤ ਫੰਡ ’ਚੋਂ ਝੋਨੇ ਦੀ ਲਵਾਈ ਲਈ ਜਾਰੀ ਕੀਤੀ ਜਾਵੇ।
ਇਕੋਂ ਪਰਿਵਾਰ ਦੇ 15 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਇਲਾਕੇ ਨੂੰ ਐਲਾਨਿਆਂ ਕੰਟੇਨਮੈਂਟ ਜ਼ੋਨ
NEXT STORY