ਚੰਡੀਗੜ੍ਹ-ਪੰਜਾਬ 'ਚ ਨਸ਼ਿਆਂ ਵਿਰੁੱਧ ਚੱਲ ਰਹੀ ਸਰਕਾਰੀ ਮੁਹਿੰਮ ਦੇ ਦੌਰਾਨ ਮਾਨਸਾ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਸੂਬੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸੂਬੇ ਦੀ ਖਿਡਾਰਨ ਰਹਿ ਚੁੱਕੀ ਇੱਕ ਮਹਿਲਾ, ਜੋ ਕਦੇ ਮੈਦਾਨਾਂ ‘ਚ ਪੰਜਾਬ ਦਾ ਮਾਣ ਸੀ, ਨਸ਼ੇ ਦੀ ਗਿਰਫ਼ਤ ‘ਚ ਆ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਸਿਰਫ਼ 1 ਲੱਖ 80 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ।
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਘਟਨਾ 'ਤੇ ਸੂਬੇ ਦੀ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦੋਂ ਇੱਕ ਮਾਂ, ਜੋ ਕਦੇ ਸੂਬੇ ਦੀ ਸ਼ਾਨ ਸੀ, ਨਸ਼ੇ ਦੀ ਲਤ ਕਾਰਨ ਆਪਣੇ ਪੁੱਤਰ ਨੂੰ ਵੇਚਣ ‘ਤੇ ਮਜਬੂਰ ਹੋ ਜਾਵੇ ਤਾਂ ਇਹ ਆਪ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਸਿਰਫ਼ ਕਾਗਜ਼ਾਂ ਤੇ ਫੋਟੋ ਖਿਚਾਉਣ ਤੱਕ ਸੀਮਿਤ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਖਿਡਾਰਨ ਨਸ਼ੇ ਦੀ ਆਦੀ ਸੀ ਅਤੇ ਆਰਥਿਕ ਤੰਗੀ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਢਾਈ ਮਹੀਨਿਆਂ ਬਾਅਦ ਜਦੋਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਮਾਂ ਦੇ ਜਜ਼ਬਾਤ ਜਾਗ ਪਏ ਤੇ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਵਾਪਸ ਲੈਣ ਲਈ ਬਰੇਟਾ ਥਾਣੇ ਵਿੱਚ ਅਰਜ਼ੀ ਦਿੱਤੀ। ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਹਰ ਪਿੰਡ ਤੇ ਸ਼ਹਿਰ ਤੱਕ ਪਹੁੰਚ ਚੁੱਕਿਆ ਹੈ ਪਰ ਸਰਕਾਰ ਦੀ ਨੀਤੀ ਸਿਰਫ਼ ਵਿਗਿਆਪਨ ਤੇ ਝੂਠੇ ਦਾਅਵਿਆਂ ‘ਚ ਫਸੀ ਹੋਈ ਹੈ।
ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਸਰਕਾਰ ਸਿਰਫ਼ ਬਿਆਨਬਾਜ਼ੀ ਨਾ ਕਰੇ, ਸਗੋਂ ਨਸ਼ੇ ਦੇ ਆਦੀ ਲੋਕਾਂ ਲਈ ਪੁਨਰਵਾਸ ਕੇਂਦਰ ਵਧਾਏ, ਤੇ ਖਿਡਾਰੀਆਂ ਲਈ ਖਾਸ ਪੁਨਰਜੀਵਨ ਯੋਜਨਾਵਾਂ ਲਾਗੂ ਕਰੇ। ਉਨ੍ਹਾਂ ਕਿਹਾ ਕਿ ਜੇ ਖਿਡਾਰੀ ਤਬਾਹ ਹੋਣ ਲੱਗ ਪਏ, ਤਾਂ ਸੂਬੇ ਦਾ ਭਵਿੱਖ ਖ਼ਤਰੇ ਵਿੱਚ ਹੈ। ਨਸ਼ੇ ਦੀ ਸਮੱਸਿਆ ਹੁਣ ਘਰ-ਘਰ ਦੀ ਬਣ ਗਈ ਹੈ ਤੇ ਸਰਕਾਰ ਨੂੰ ਸਖ਼ਤ ਤੇ ਪੱਕੇ ਕਦਮ ਚੁੱਕਣ ਦੀ ਲੋੜ ਹੈ।
ਅਟਵਾਲ ਹਾਊਸ MD ਫ਼ਾਇਰਿੰਗ: ਗੈਂਗਸਟਰ ਨੂੰ ਭਜਾਉਣ ’ਚ ਮਦਦ ਕਰਨ ਵਾਲਾ ਸਾਥੀ ਗ੍ਰਿਫ਼ਤਾਰ
NEXT STORY