ਹਲਵਾਰਾ (ਲਾਡੀ) : ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦੇ ਸੰਚਾਲਨ ਨੂੰ ਲੈ ਕੇ ਸਰਕਾਰੀ ਪੱਧਰ ‘ਤੇ ਤਿਆਰੀਆਂ ਨੇ ਤੇਜ਼ੀ ਫੜ ਲਈ ਹੈ। ਅਗਲੇ ਇੱਕ ਹਫ਼ਤੇ ਦੇ ਅੰਦਰ-ਅੰਦਰ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਅਧਿਕਾਰੀ ਅਤੇ ਤਕਨੀਕੀ ਸਟਾਫ਼ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਸੁਭਾਵਨਾ ਹੈ ਕਿ ਮੌਜੂਦਾ ਸਾਹਨੇਵਾਲ ਹਵਾਈ ਅੱਡੇ ਦੀ ਪੂਰੀ ਟੀਮ ਨੂੰ ਹਲਵਾਰਾ ਭੇਜਿਆ ਜਾਵੇਗਾ ਕਿਉਂਕਿ ਦੋਵੇਂ ਹਵਾਈ ਅੱਡਿਆਂ ਦੀ ਜ਼ਿੰਮੇਵਾਰੀ ਇਸ ਵੇਲੇ ਸੀਈਓ ਜਗੀਰ ਸਿੰਘ ਕੋਲ ਹੈ।
ਦਿੱਲੀ ਉਡਾਣ ‘ਤੇ 4 ਫ਼ਰਵਰੀ ਨੂੰ ਫੈਸਲਾ ਸੰਭਵ
ਸੂਤਰਾਂ ਅਨੁਸਾਰ 1 ਮਾਰਚ ਤੋਂ ਹਲਵਾਰਾ-ਦਿੱਲੀ ਹਵਾਈ ਸੇਵਾ ਸ਼ੁਰੂ ਕਰਨ ਸੰਬੰਧੀ ਕੇਂਦਰੀ ਨਾਗਰਿਕ ਉਡਾਣ ਮੰਤਰਾਲਾ ਅਤੇ ਡੀਜੀਸੀਏ ਦੀ ਇੱਕ ਅਹਿਮ ਬੈਠਕ 4 ਫ਼ਰਵਰੀ ਨੂੰ ਤੈਅ ਕੀਤੀ ਗਈ ਹੈ। ਇਸ ਮੀਟਿੰਗ ਤੋਂ ਬਾਅਦ ਦਿੱਲੀ ਤੋਂ ਏਏਆਈ ਦੀ ਨਵੀਂ ਟੀਮ ਦੀ ਤਾਇਨਾਤੀ ਬਾਰੇ ਵੀ ਫੈਸਲਾ ਹੋਣ ਦੀ ਉਮੀਦ ਹੈ, ਜਿਸਦਾ ਅਧਿਕਾਰਿਕ ਐਲਾਨ ਦੋ ਤੋਂ ਤਿੰਨ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ।

ਹਫ਼ਤੇ ਦੇ ਸੱਤੋਂ ਦਿਨ ਉਡਾਣ: ਉਦਯੋਗਿਕ ਖੇਤਰ ਲਈ ਵੱਡੀ ਰਾਹਤ
ਸ਼ੁਰੂ ਵਿੱਚ ਏਅਰ ਇੰਡੀਆ ਵੱਲੋਂ ਹਲਵਾਰਾ-ਦਿੱਲੀ ਉਡਾਣ ਹਫ਼ਤੇ ਵਿੱਚ ਦੋ ਦਿਨ ਚਲਾਉਣ ਦੀ ਸਹਿਮਤੀ ਦਿੱਤੀ ਗਈ ਸੀ, ਜਿਸਨੂੰ ਬਾਅਦ ਵਿੱਚ ਪੰਜ ਦਿਨ ਕਰ ਦਿੱਤਾ ਗਿਆ। ਲੁਧਿਆਣਾ ਦੇ ਉਦਯੋਗਪਤੀਆਂ, ਸੰਸਦ ਮੈਂਬਰ ਰਜਿੰਦਰ ਗੁਪਤਾ ਅਤੇ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਹੋਈਆਂ ਲਗਾਤਾਰ ਮੀਟਿੰਗਾਂ ਦੇ ਬਾਅਦ ਹੁਣ ਇਹ ਉਡਾਣ ਹਫ਼ਤੇ ਦੇ ਸੱਤੋਂ ਦਿਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਲੁਧਿਆਣਾ ਅਤੇ ਨੇੜਲੇ ਇਲਾਕਿਆਂ ਦੇ ਵਪਾਰੀ ਵਰਗ ਨੂੰ ਵੱਡੀ ਸਹੂਲਤ ਮਿਲੇਗੀ।
ਪੀਡਬਲਿਊਡੀ ਤੋਂ ਏਏਆਈ ਨੂੰ ਹਵਾਈ ਅੱਡੇ ਦਾ ਹੈਂਡਓਵਰ ਅੰਤਿਮ ਪੜਾਅ ‘ਚ
ਹਲਵਾਰਾ ਹਵਾਈ ਅੱਡੇ ਦੀ ਜ਼ਿੰਮੇਵਾਰੀ ਪੀਡਬਲਿਊਡੀ ਤੋਂ ਏਏਆਈ ਨੂੰ ਸੌਂਪਣ ਦੀ ਪ੍ਰਕਿਰਿਆ ਅੰਤਿਮ ਦੌਰ ਵਿੱਚ ਦਾਖਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਹੈਂਡਓਵਰ ਕਈ ਪੜਾਅ ‘ਚ ਹੁੰਦਾ ਹੈ, ਜਿਸ ਵਿੱਚ ਸੁਰੱਖਿਆ ਅਤੇ ਤਕਨੀਕੀ ਜਾਂਚ ਸ਼ਾਮਲ ਹੁੰਦੀ ਹੈ, ਇਸ ਕਾਰਨ ਸਮਾਂ ਲੱਗਣਾ ਕੁਦਰਤੀ ਹੈ। ਉਦਘਾਟਨ ਦੀ ਤਾਰੀਖ ਐਲਾਨੇ ਜਾਣ ਤੋਂ ਬਾਅਦ ਹਲਵਾਰਾ ਹਵਾਈ ਅੱਡਾ ਇੰਟਰਨੈੱਟ ਸਰਚ ਇੰਜਨਾਂ ‘ਤੇ ਰਿਕਾਰਡ ਖੋਜਾਂ ‘ਚ ਆਇਆ ਹੈ। ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਤੋਂ ਵੀ ਯਾਤਰੀਆਂ ਵਿੱਚ ਭਾਰੀ ਉਤਸੁਕਤਾ ਦੇਖੀ ਜਾ ਰਹੀ ਹੈ।

ਸੁਰੱਖਿਆ ਪ੍ਰਬੰਧ ਮਜ਼ਬੂਤ, ਭਵਿੱਖ ‘ਚ ਸੀਆਈਐੱਸਐੱਫ਼ ਦੀ ਤਾਇਨਾਤੀ
ਮੌਜੂਦਾ ਸਮੇਂ ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਪੰਜਾਬ ਪੁਲਸ ਦੇ ਹਵਾਲੇ ਹੈ। 54 ਮੈਂਬਰਾਂ ਵਾਲੀ ਆਈਆਰਬੀ ਟੀਮ ਨੂੰ ਥਾਣਾ ਸੁਧਾਰ ਨੇੜੇ ਅੰਬੇਡਕਰ ਭਵਨ ‘ਚ ਠਹਿਰਾਇਆ ਗਿਆ ਹੈ। ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ਕੋਲ ਅਸਥਾਈ ਗਾਰਡ ਰੂਮ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਭਵਿੱਖ ਵਿੱਚ ਸੁਰੱਖਿਆ ਬਲਾਂ ਲਈ ਸਥਾਈ ਇਮਾਰਤ ਬਣਾਈ ਜਾਵੇਗੀ। ਅਗਲੇ ਪੜਾਅ ‘ਚ ਇੱਥੇ ਸੀਆਈਐੱਸਐੱਫ਼ ਦੀ ਤਾਇਨਾਤੀ ਹੋਵੇਗੀ।
ਹਰ ਮੌਸਮ ‘ਚ ਵੱਡੇ ਜਹਾਜ਼ਾਂ ਦੀ ਲੈਂਡਿੰਗ ਸੰਭਵ
ਹਲਵਾਰਾ ਹਵਾਈ ਅੱਡੇ ‘ਤੇ ਭਾਰਤੀ ਹਵਾਈ ਸੈਨਾ ਦੇ ਮਜ਼ਬੂਤ ਰਨਵੇ ਅਤੇ ਅਧੁਨਿਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਹਰ ਮੌਸਮ ਵਿੱਚ ਵੱਡੇ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕਆਫ਼ ਸੰਭਵ ਹੋਵੇਗੀ। ਇਸਦੇ ਉਲਟ ਸਾਹਨੇਵਾਲ ਹਵਾਈ ਅੱਡੇ ਦਾ ਰਨਵੇ ਛੋਟਾ ਅਤੇ ਏਟੀਸੀ ਸੀਮਿਤ ਸੀ, ਜਿਸ ਕਾਰਨ ਮਾੜੇ ਮੌਸਮ ਵਿੱਚ ਅਕਸਰ ਉਡਾਣਾਂ ਰੱਦ ਹੋ ਜਾਂਦੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਵਰਚੁਅਲ ਉਦਘਾਟਨ ਤੋਂ ਬਾਅਦ ਕੇਂਦਰੀ ਨਾਗਰਿਕ ਉਡਾਣ ਮੰਤਰੀ ਰਾਮ ਮੋਹਨ ਨਾਇਡੂ ਨੇ ਜਲਦੀ ਦਿੱਲੀ ਉਡਾਣ ਸ਼ੁਰੂ ਹੋਣ ਦਾ ਭਰੋਸਾ ਦਿੱਤਾ ਹੈ। ਹੁਣ ਯਾਤਰੀਆਂ ਅਤੇ ਉਦਯੋਗਿਕ ਵਰਗ ਦੀਆਂ ਨਜ਼ਰਾਂ ਹਲਵਾਰਾ ਤੋਂ ਉੱਡਣ ਵਾਲੀ ਪਹਿਲੀ ਉਡਾਣ ‘ਤੇ ਟਿਕੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ ਦੇ ਵਪਾਰੀ ਨਾਲ 21 ਲੱਖ ਰੁਪਏ ਦੀ ਠੱਗੀ; ਨਕਲੀ ਟਰਾਂਸਪੋਰਟਰ ਲੱਖਾਂ ਦਾ ਸਾਮਾਨ ਲੈ ਕੇ ਫਰਾਰ
NEXT STORY