ਚੰਡੀਗਡ਼੍ਹ, (ਸੰਦੀਪ/ਅਗਨੀਹੋਤਰੀ)- ਮਨੀਮਾਜਰਾ ਦੀ ਐੱਨ. ਏ. ਸੀ. ਮਾਰਕੀਟ ’ਚ ਜਿਊਲਰੀ ਸ਼ੋਅਰੂਮ ’ਚ ਦਾਖਲ ਹੋ ਕੇ ਗੋਲੀਆਂ ਚਲਾਉਣ ਦੇ ਦੋ ਮੁਲਜ਼ਮਾਂ ਦਾ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਤੇ ਕਰਮਚਾਰੀਆਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਸਕੈੱਚ ਤਿਆਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮਾਂ ਦੇ ਸਕੈੱਚ ਤਿਆਰ ਕਰਵਾਏ ਜਾ ਰਹੇ ਹਨ। ਉਥੇ ਹੀ ਪੁਲਸ ਹੁਣ ਆਸਪਾਸ ਦੇ ਰਾਜਾਂ ’ਚ ਸਰਗਰਮ ਇਸ ਤਰ੍ਹਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਬਾਰੇ ਜਾਣਕਾਰੀਆਂ ਜੁਟਾ ਰਹੀ ਹੈ। ਇਸ ਲਈ ਪੁਲਸ ਟੀਮ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਕ੍ਰਾਈਮ ਬ੍ਰਾਂਚ ਨਾਲ ਸੰਪਰਕ ਸਾਧ ਕੇ ਇਸ ਲੁੱਟ ਬਾਰੇ ਉਨ੍ਹਾਂ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੀ ਹੈ।
ਹੱਦ ਏਰੀਆ ’ਚ ਹੋਣ ਵਾਲੀਆਂ ਵਾਰਦਾਤਾਂ ਅਣਸੁਲਝੀਆਂ
ਮਨੀਮਾਜਰਾ ਹੱਦ ਏਰੀਆ ਹੈ, ਇਸ ਦਾ ਲੁਟੇਰੇ ਪੂਰਾ ਫਾਇਦਾ ਚੁੱਕਦੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਇਥੋਂ ਪੰਜਾਬ ਤੇ ਹਰਿਆਣਾ ’ਚ ਚਲੇ ਜਾਂਦੇ ਹਨ। ਇਹ ਵੀ ਇਕ ਵੱਡਾ ਕਾਰਨ ਹੈ ਕਿ ਇਸ ਏਰੀਆ ’ਚ ਪਿਛਲੇ ਸਾਲਾਂ ਦੌਰਾਨ ਹੋਈਆਂ ਲੁੱਟ ਦੀਆਂ ਇਸ ਤਰ੍ਹਾਂ ਹੀ ਵੱਡੀਆਂ ਵਾਰਦਾਤਾਂ ਨੂੰ ਸੁਲਝਾਉਣ ’ਚ ਪੁਲਸ ਅਸਫ਼ਲ ਸਾਬਤ ਹੋਈ ਹੈ। 10 ਸਾਲ ਪਹਿਲਾਂ ਮਨੀਮਾਜਰਾ ਸਥਿਤ ਵਿਸ਼ਾਲ ਡੇਅਰੀ ਦੇ ਮਾਲਕ ਵਿਸ਼ਾਲ ’ਤੇ ਮੋਟਰਸਾੲੀਕਲ ਸਵਾਰਾਂ ਨੇ ਗੋਲੀ ਚਲਾ ਕੇ 80 ਹਜ਼ਾਰ ਰੁਪਏ ਲੁੱਟ ਲਏ ਸਨ। ਇਸ ਕੇਸ ’ਚ ਅੱਜ ਤੱਕ ਪੁਲਸ ਮੁਲਜ਼ਮਾਂ ਦਾ ਸੁਰਾਗ ਨਹੀਂ ਲਗਾ ਸਕੀ । ਇਸ ਸਾਲ 10 ਜੁਲਾਈ ਨੂੰ ਮਨੀਮਾਜਰਾ ’ਚ ਟਰਾਂਸਜੈਂਡਰ ਗੁਰੂ ਆਂਚਲ ਮਹੰਤ ਦੇ ਘਰ ’ਚ ਦਾਖਲ ਹੋ ਕੇ ਇਕ ਨੌਜਵਾਨ ਨੇ ਦਿਨ ਦਿਹਾਡ਼ੇ ਗੋਲੀ ਚਲਾ ਦਿੱਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਕੇਸ ’ਚ ਵੀ ਪੁਲਸ ਅਜੇ ਤੱਕ ਮੁਲਜ਼ਮ ਦਾ ਸੁਰਾਗ ਤੱਕ ਨਹੀਂ ਲਗਾ ਸਕੀ ।
ਤਿੰਨ ਫਾਇਰ ਕੀਤੇ ਸਨ ਮੁਲਜ਼ਮਾਂ ਨੇ
ਧਿਆਨਯੋਗ ਹੈ ਕਿ ਬੀਤੇ ਮੰਗਲਵਾਰ ਰਾਤ ਪੌਣੇ ਅੱਠ ਵਜੇ ਮਨੀਮਾਜਰਾ ਦੇ ਐੱਨ. ਏ. ਸੀ. ’ਚ ਸਥਿਤ ਹਨੁੂਮੰਤ ਦੀ ਜਿਊਲਰੀ ਸ਼ਾਪ ’ਚ ਲੁੱਟ ਦੇ ਇਰਾਦੇ ਨਾਲ ਚਾਰ ਨੌਜਵਾਨ ਦਾਖਲ ਹੋਏ ਸਨ ਤੇ ਉਨ੍ਹਾਂ ਨੇ ਹਨੂਮੰਤ ’ਤੇ ਤਿੰਨ ਫਾਇਰ ਕੀਤੇ, ਜਿਨ੍ਹਾਂ ’ਚ ਦੁਕਾਨ ’ਤੇ ਕੰਮ ਕਰਨ ਵਾਲੇ ਸਚਿਨ ਦੇ ਰੌਲਾ ਪਾਉਣ ’ਤੇ ਮੁਲਜ਼ਮ ਉਥੋਂ ਇਕ ਕਾਰ ’ਚ ਸਵਾਰ ਹੋ ਕੇ ਪੰਚਕੂਲਾ ਵੱਲ ਫਰਾਰ ਹੋ ਗਏ ਸਨ।
ਹਸਪਤਾਲਾਂ ਦੇ ਬਾਹਰ ਹਾਰਨ ਵਜਾਉਣ ਵਾਲੇ 33 ਵਾਹਨ ਚਾਲਕਾਂ ਦੇ ਕੱਟੇ ਚਲਾਨ
NEXT STORY