ਬੁਢਲਾਡਾ,(ਬਾਂਸਲ) : ਕੋਵਿਡ 19 ਦੇ ਚੱਲਦਿਆਂ ਅਨਲਾਕ-4 ਗੇੜ ਤਹਿਤ ਲੋਕਾਂ ਲਈ ਇੱਕ ਰਾਹਤਮਈ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਅੰਦਰੋਂ ਸ਼ਨੀਵਾਰ ਦੀ ਤਾਲਾਬੰਦੀ ਨੂੰ ਖਤਮ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵਪਾਰੀ ਵਰਗ ਦੇ ਨਾਲ-ਨਾਲ ਹਰ ਵਰਗ ਕੁੱਝ ਰਾਹਤ ਮਹਿਸੂਸ ਕਰਨ ਲੱਗਾ ਹੈ। ਅਨਲਾਕ-4 ਗੇੜ ਤਹਿਤ ਹੁਣ ਤੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵੀ ਫੈਸਲੇ ਕੀਤੇ ਗਏ ਹਨ, ਸੂਬੇ ਦੇ ਲੋਕ ਉਨ੍ਹਾਂ ਪ੍ਰਤੀ ਸੰਤੁਸ਼ਟ ਹੋਣ ਲੱਗੇ ਹਨ, ਭਾਵੇਂ ਕਿ ਇਸ ਤੋਂ ਪਹਿਲਾਂ ਸਰਕਾਰੀ ਫੁਰਮਾਨਾਂ ਨੂੰ ਲੈ ਕੇ ਸਰਕਾਰ ਪ੍ਰਤੀ ਲੋਕਾਂ ਦਾ ਰੋਹ ਵੀ ਰਿਹਾ ਪਰ ਹੁਣ ਜੋ ਫੈਸਲੇ ਸਰਕਾਰ ਵਲੋਂ ਲਏ ਜਾ ਰਹੇ ਹਨ। ਉਸ ਨੂੰ ਹੁਣ ਲੋਕ ਖ਼ੁਦ ਲਈ ਰਾਹਤਮਈ ਕਰਾਰ ਦੇਣ ਲੱਗੇ ਹਨ। ਸ਼ਨੀਵਾਰ ਨੂੰ ਤਾਲਾਬੰਦੀ ਦੀ ਸਮਾਪਤੀ, ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰ ਅੰਦਰ ਇਕਾਂਤਵਾਸ ਹੋਣ ਜਾਂ ਫ਼ਿਰ ਪਾਜ਼ੇਟਿਵ ਮਰੀਜ਼ਾਂ ਦੇ ਘਰਾਂ ਅੱਗੇ ਨੋਟਿਸ ਨਾ ਲਗਾਏ ਜਾਣ ਦੇ ਸਰਕਾਰੀ ਫੈਸਲਿਆਂ ਦਾ ਹੁਣ ਸਵਾਗਤ ਹੋਣ ਲੱਗਾ ਹੈ ਤੇ ਲੋਕ ਖੁਦ ਹੀ ਹੁਣ ਸਰਕਾਰ ਦਾ ਸਹਿਯੋਗ ਕਰਨ ਦੀਆਂ ਗੱਲਾਂ ਕਰਨ ਲੱਗੇ ਹਨ। ਇਸ ਸਬੰਧੀ ਪੇਸ਼ ਹਨ ਕੁੱਝ ਕਾਰੋਬਾਰੀਆਂ ਤੇ ਸਿਆਸੀ ਆਗੂਆਂ ਦੇ ਵਿਚਾਰ:

ਲੋਕਾਂ ਦੀ ਆਰਥਿਕਤਾ ਆਏ ਮੁੜ ਲੀਹਾਂ 'ਤੇ
ਆੜਤੀਆਂ ਵਰਗ ਦੇ ਰਾਜ ਕੁਮਾਰ ਬੀਰੋਕੇ ਅਤੇ ਸੋਨੂੰ ਗਰਗ ਨੇ ਕਿਹਾ ਕਿ ਲਾਕਡਾਊਨ ਕਰਕੇ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਸੀ ਤੇ ਹੁਣ ਮੁੱਖ ਮੰਤਰੀ ਨੇ ਸ਼ਨੀਵਾਰ ਦੇ ਲਾਕਡਾਊਨ ਸਮਾਪਤੀ ਫੈਸਲੇ ਨਾਲ ਲੋਕਾਂ ਦੀ ਵਿਗੜੀ ਆਰਥਿਕਤਾ ਮੁੜ ਲੀਂਹਾਂ ੋਤੇ ਆਵੇਗੀ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋ ਦਿਨ ਬੰਦ ਹੋਣ ਕਰਕੇ ਸੋਮਵਾਰ ਨੂੰ ਲੋਕਾਂ ਦਾ ਇਕੱਠ ਬਣਦਾ ਸੀ, ਜੋ ਹੁਣ ਲਗਭਗ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਤਵਾਰ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਤੇ ਲੋਕਾਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਸਰਕਾਰ ਨੇ ਲਿਆ ਲੋਕ ਪੱਖੀ ਫੈਸਲਾ
ਸਾਬਕਾ ਜਿਲ੍ਹਾ ਕਾਂਗਰਸ ਪ੍ਰਧਾਨ ਡਾ ਮਨੋਜ਼ ਮੰਜੂ ਬਾਂਸਲ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਇੱਕ ਲੋਕ ਪੱਖੀ ਫੈਸਲਾ ਲਿਆ ਸੀ, ਜਿਸਦਾ ਸਮੂਹ ਸੂਬਾ ਵਾਸੀਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦੀ ਸਥਿਤੀ ਪੰਜਾਬ ਅੰਦਰ ਗੰਭੀਰ ਹੈ, ਪਰ ਸਰਕਾਰ ਨੇ ਅਜਿਹੇ ਦੌਰ ਵਿਚ ਅਜਿਹਾ ਫੈਸਲਾ ਲੈ ਕੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ, ਜਿਸ ਸਬੰਧੀ ਲੋਕਾਂ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਤੇ ਪ੍ਰਸ਼ਾਸ਼ਨ ਦਾ ਭਰਪੂਰ ਸਹਿਯੋਗ ਕਰਨ ਤਾਂ ਜੋ ਜਲਦੀ ਹੀ ਇਸ ਮਹਾਂਮਾਰੀ ਦੇ ਜਾਲ ਵਿੱਚੋਂ ਨਿਕਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਲਾਕਡਾਊਨ ਖਤਮ, ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰ ਅੰਦਰ ਇਕਾਂਤਵਾਸ ਤੇ ਘਰਾਂ ਦੇ ਬਾਹਰ ਨੋਟਿਸ ਨਾ ਲਗਾਉਣ ਦੇ ਫੈਸਲੇ ਵਧੀਆ ਹਨ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਲੋਕਾਂ ਦੀ ਆਰਥਿਕਤਾ ਵਿੱਚ ਸੁਧਾਰ ਆਵੇਗਾ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।
ਲੋਕ ਕਰਨ ਸਰਕਾਰ ਦਾ ਸਹਿਯੋਗ
ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਵਨ ਮਾਨੀ ਨੇ ਕਿਹਾ ਕਿ ਸਰਕਾਰ ਨੇ ਅਜਿਹੇ ਸਮੇਂ ਵਿਚ ਵੀ ਲੋਕਾਂ ਲਈ ਰਾਹਤਮਈ ਕਦਮ ਚੁੱਕੇ ਹਨ ਤੇ ਹੁਣ ਲੋਕਾਂ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਪ੍ਰਭਾਵ ਅਜੇ ਖ਼ਤਮ ਨਹੀਂ ਹੋਇਆ ਤੇ ਅਜਿਹੇ ਸਮੇਂ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਵਿਡ- 19 ਪ੍ਰਤੀ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪੂਰਨ ਪਾਲਣ ਕਰਨ ਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਹਿਯੋਗ ਕਰਕੇ ਇਸ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਵਪਾਰੀ ਵਰਗ ਨੂੰ ਮਿਲੇਗਾ ਫਾਇਦਾ
ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ ਨੇ ਕਿਹਾ ਕਿ ਲਾਕਡਾਊਨ ਕਰਕੇ ਵਪਾਰੀ ਵਰਗ ਬੇਹੱਦ ਗੰਭੀਰ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ, ਜਿਸ ਲਈ ਹੁਣ ਸਰਕਾਰ ਨੇ ਸ਼ਨੀਵਾਰ ਦੇ ਲਾਕਡਾਊਨ ਫੈਸਲੇ ਨੂੰ ਵਾਪਿਸ ਲੈ ਕੇ ਵਪਾਰੀ ਵਰਗ ਲਈ ਇੱਕ ਰਾਹਤ ਪ੍ਰਦਾਨ ਕੀਤੀ ਹੈ, ਜਿਸਦਾ ਸਵਾਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਅਨਲਾਕ -4 ਗੇੜ ਤਹਿਤ ਸਰਕਾਰ ਵੱਲੋਂ ਦਿੱਤੇ ਗਏ ਫੈਸਲੇ ਲੋਕ ਪੱਖੀ ਹਨ, ਜਿੰਨ੍ਹਾਂ ਨਾਲ ਹਰ ਵਰਗ ਨੂੰ ਰਾਹਤ ਮਿਲੇਗੀ।
ਜਾਖੜ, ਸਰਕਾਰੀਆ ਤੇ ਮਾਲ ਮੰਤਰੀ ਕਾਂਗੜ ਨੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
NEXT STORY