ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਜਾਅਲੀ ਕੈਪੀਟਲ ਫਾਇਨਾਂਸ ਗਰੁੱਪ ਬਣਾ ਕੇ ਲੋਨ ਦੇਣ ਦੇ ਨਾਂ 'ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਕਰਨ ਵਾਲੇ ਅੰਤਰਰਾਜੀ ਗੈਂਗ ਦਾ ਮਾਨਸਾ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕਰਵਾ ਕੇ ਮੁਕੱਦਮਾ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਮਾਨਸਾ ਵੱਲੋਂ ਸੈਂਟੇਫਿਕ ਤਰੀਕਿਆਂ ਨਾਲ ਕਰਦੇ ਹੋਏ ਮੁਕੱਦਮਾ 'ਚ ਚਾਰ ਵਿਅਕਤੀਆਂ ਦਲਵਿੰਦਰ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਮਲੋਟ (ਜ਼ਿਲਾ ਸ੍ਰੀ ਮੁਕਤਸਰ ਸਾਹਿਬ), ਸਾਹਿਲ ਸੁਖੀਜਾ ਵਾਸੀ ਹਾਂਸੀ (ਹਰਿਆਣਾ) ਅਤੇ ਪ੍ਰਵੀਨ ਸਿੰਘ ਉਰਫ ਲਾਡੀ ਵਾਸੀ ਸਿਰਸਾ (ਹਰਿਆਣਾ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਪਾਸੋਂ ਇਕ ਲੈਪਟਾਪ, ਵੱਖ-ਵੱਖ ਕੰਪਨੀਆ ਦੇ 7 ਮੋਬਾਇਲ ਫੋਨ, 6 ਮੋਬਾਇਲ ਸਿੰਮ, ਵੱਖ-ਵੱਖ ਬੈਂਕਾਂ ਦੇ 11 ਏ. ਟੀ. ਐੱਮ. ਕਾਰਡ, 22,000 ਰੁਪਏ ਦੀ ਨਕਦੀ, ਕੈਪੀਟਲ ਫਾਇਨਾਂਸ ਕੰਪਨੀ ਦੇ 4 ਜਾਅਲੀ ਪੋਸਟਰ ਅਤੇ ਇਕ ਆਈ-20 ਕਾਰ ਬਰਾਮਦ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਕ ਦਰਖਾਸਤ ਬੂਟਾ ਸਿੰਘ ਵਾਸੀ ਅਤਲਾਂ ਖੁਰਦ ਵੱਲੋਂ ਨਾਮਲੂਮ ਵਿਅਕਤੀ (ਕੈਪੀਟਲ ਫਾਇਨਾਂਸ ਗਰੁੱਪ ਲਿਮਟਿਡ) ਵਿਰੁੱਧ ਦਿੱਤੀ ਗਈ ਸੀ ਕਿ ਉਸਨੂੰ ਪੈਸਿਆਂ ਦੀ ਜ਼ਰੂਰਤ ਹੋਣ ਕਰ ਕੇ ਉਹ ਲੋਨ ਕਰਵਾਉਣ ਦਾ ਇੱਛੁਕ ਸੀ ਅਤੇ ਦਰਖਾਸਤੀ ਆਪਣੇ ਘਰੇਲੂ ਕੰਮਕਾਰ ਸਬੰਧੀ ਸੰਗਰੂਰ ਵਿਖੇ ਗਿਆ ਸੀ ਤਾਂ ਬੱਸ ਸਟੈਂਡ ਸੰਗਰੂਰ ਵਿਖੇ ਕੈਪੀਟਲ ਫਾਇਨਾਂਸ ਗਰੁੱਪ ਦੇ ਪੋਸਟਰ ਲੱਗੇ ਦੇਖੇ, ਜਿਨ੍ਹਾਂ ਉੱਤੇ ਲੋਨ ਲੈਣ ਲਈ ਉਕਤ ਸੰਪਰਕ ਫੋਨ ਲਿਖੇ ਹੋਏ ਸਨ। ਉਨ੍ਹਾਂ ਕਿਹਾ ਕਿ ਦਰਖਾਸਤੀ ਵੱਲੋਂ ਸੰਪਰਕ ਕਰਨ 'ਤੇ ਫਾਇਨਾਂਸਰ ਨੇ ਉਸ ਨੂੰ ਵਿਸ਼ਵਾਸ 'ਚ ਲੈ ਕੇ ਕਿਹਾ ਕਿ ਤੁਹਾਡਾ 5 ਲੱਖ ਰੁਪਏ ਦਾ ਲੋਨ ਹੋ ਜਾਵੇਗਾ। ਫਾਇਨਾਂਸਰ ਦੇ ਕਹਿਣ 'ਤੇ ਦਰਖਾਸਤੀ ਨੇ 3200 ਰੁਪਏ ਐਡਵਾਂਸ ਫਾਈਲ ਚਾਰਜਿਜ਼ ਉਨ੍ਹਾਂ ਦੇ ਖਾਤੇ 'ਚ ਪਾ ਦਿੱਤੇ ਅਤੇ ਫਿਰ ਵੱਖ-ਵੱਖ ਤਾਰੀਖਾਂ ਨੂੰ ਕਿਸ਼ਤ ਦੇ 20,000 ਰੁਪਏ, ਸਰਕਾਰੀ ਟੈਕਸ ਦੇ 18,600 ਰੁਪਏ, ਬੀਮੇ ਦੇ 15,500 ਰੁਪਏ ਕੁੱਲ 57,300 ਰੁਪਏ ਦਰਖਾਸਤੀ ਕੋਲੋਂ ਫਾਇਨਾਸਰਾਂ ਨੇ ਆਪਣੇ ਖਾਤਿਆਂ 'ਚ ਪੁਵਾ ਲਏ, ਜਿਨ੍ਹਾਂ ਵੱਲੋਂ 22,000 ਰੁਪਏ ਦੀ ਹੋਰ ਰਕਮ ਦਰਖਾਸਤੀ ਨੂੰ ਉਨ੍ਹਾਂ ਦੇ ਖਾਤੇ 'ਚ ਪਾਉਣ ਲਈ ਕਹਿਣ 'ਤੇ ਦਰਖਾਸਤੀ ਨੂੰ ਸ਼ੱਕ ਹੋ ਗਿਆ ਕਿ ਲੋਨ ਦੇ ਨਾਂ 'ਤੇ ਉਸ ਨਾਲ ਠੱਗੀ ਕੀਤੀ ਜਾ ਰਹੀ ਹੈ, ਜੋ ਵਾਰ-ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਕੋਲੋਂ ਪੈਸੇ ਆਪਣੇ ਖਾਤਿਆਂ 'ਚ ਟਰਾਂਸਫਰ ਕਰਵਾ ਰਹੇ ਹਨ।
ਇਨ੍ਹਾਂ ਵਿਅਕਤੀਆਂ ਵੱਲੋਂ ਹਰਪਾਲ ਸਿੰਘ ਵਾਸੀ ਅਲੀਸ਼ੇਰ ਕਲਾਂ ਕੋਲੋਂ ਵੀ ਲੋਨ ਪਾਸ ਕਰਨ ਦਾ ਝਾਂਸਾ ਦੇ ਕੇ 20,000 ਰੁਪਏ ਦੀ ਰਕਮ ਟਰਾਂਸਫਰ ਕਰਵਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੋਰ ਵਿਅਕਤੀਆਂ ਤੋਂ ਵੀ ਪੈਸੇ ਖਾਤੇ 'ਚ ਪਵਾਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਇਕ ਅੰਤਰਰਾਜੀ ਗੈਂਗ ਬਣਾਇਆ ਹੋਇਆ ਹੈ, ਜੋ ਗਰੀਬ ਅਤੇ ਭੋਲੇ-ਭਾਲੇ ਲੋਕਾਂ ਦੀ ਆਈ. ਡੀ. 'ਤੇ ਮੋਬਾਇਲ ਸਿੰਮ ਹਾਸਲ ਕਰ ਲੈਂਦੇ ਸੀ ਅਤੇ ਜੋ ਲੋਕ ਲੋਨ ਦੀ ਪ੍ਰੋਸੈਸਿੰਗ ਫੀਸ ਅਤੇ ਐਡਵਾਂਸ ਕਿਸ਼ਤਾਂ ਆਦਿ ਨਹੀਂ ਭਰ ਸਕਦੇ ਸੀ, ਉਨ੍ਹਾਂ ਵਿਆਕਤੀਆਂ ਕੋਲੋਂ ਇਹ ਕੋਰੀਅਰ ਰਾਹੀਂ ਉਨ੍ਹਾਂ ਦੇ ਖਾਤੇ ਦੇ ਏ. ਟੀ. ਐੱਮ., ਪਾਸਵਰਡ ਅਤੇ ਬੈਂਕ ਦੀ ਕਾਪੀ ਮੰਗਵਾ ਲੈਂਦੇ ਸੀ। ਇਨ੍ਹਾਂ ਖਾਤਿਆਂ ਨੂੰ ਇਹ ਵਿਅਕਤੀ ਠੱਗੀ ਮਾਰ ਕੇ ਹਾਸਲ ਕੀਤੇ ਪੈਸੇ ਪੁਵਾਉਣ ਲਈ ਵਰਤਦੇ ਸੀ ਅਤੇ ਪੈਸੇ ਖਾਤੇ 'ਚ ਆਉਣ ਤੇ ਏ. ਟੀ. ਐੱਮ. ਰਾਹੀਂ ਕਢਵਾ ਲੈਂਦੇ ਸੀ ਜਾਂ ਫਿਰ ਪੈਟਰੋਲ ਪੰਪਾਂ ਤੋਂ ਕਾਰਡ ਸਵੈਪ ਕਰਵਾ ਕੇ ਕੈਸ਼ ਹਾਸਲ ਕਰ ਲੈਂਦੇ ਸੀ ਅਤੇ ਇਕੱਠੇ ਹੋਏ ਸਾਰੇ ਪੈਸੇ ਆਪਸ 'ਚ ਵੰਡ ਲੈਂਦੇ ਸੀ। ਇਨ੍ਹਾਂ ਵਲੋਂ ਹੁਣ ਤੱਕ ਕਰੀਬ 100 ਤੋਂ ਵੱਧ ਵਿਅਕਤੀਆਂ ਨਾਲ ਸੰਪਰਕ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਕਰੀਬ 22 ਵਿਅਕਤੀਆਂ ਨਾਲ ਲੋਨ ਪਾਸ ਕਰਨ ਦਾ ਝਾਂਸਾ ਦੇ ਕੇ ਕਰੀਬ 12 ਤੋਂ 15 ਲੱਖ ਰੁਪਏ ਦੀ ਠੱਗੀ ਕੀਤੇ ਜਾ ਦੀ ਗੱਲ ਸਾਹਮਣੇ ਆਈ ਹੈ।
'ਨਾ ਵਕੀਲ ਨਾ ਦਲੀਲ, ਮਾਰੇ ਗਏ ਜ਼ਲੀਲ ਨਾਲ ਗੂੰਜਿਆ ਮੋਗਾ' (ਵੀਡੀਓ)
NEXT STORY