ਮਾਨਸਾ, (ਸੰਦੀਪ ਮਿੱਤਲ) : ਮਾਨਸਾ ਦੇ ਇੱਕ ਟਾਇਰ ਮਕੈਨਿਕ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ, ਜਦੋਂ ਉਸਨੂੰ ਪੰਜਾਬ ਸਰਕਾਰ ਦੀ ਡੀਅਰ ਮੰਥਲੀ ਬੰਪਰ ਲਾਟਰੀ ਵਿੱਚੋਂ ਡੇਢ ਕਰੋੜ ਰੁਪਏ ਦਾ ਵੱਡਾ ਇਨਾਮ ਨਿੱਕਲਿਆ ਹੈ। ਇਸ ਖੁਸ਼ਖਬਰੀ ਨੇ ਮਕੈਨਿਕ ਅਤੇ ਉਸਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣ ਦਿੱਤਾ।
ਕਰੋੜਪਤੀ ਬਣਨ ਵਾਲੇ ਇਸ ਟਾਇਰ ਮਕੈਨਿਕ ਦੀ ਪਛਾਣ ਮਾਨਸਾ ਕੈਂਚੀਆਂ ਵਾਸੀ ਮਨਮੋਹਨ ਸਿੰਘ 'ਮਨੀ' ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ। ਮਨਮੋਹਨ ਸਿੰਘ ਨੇ ਇਹ ਲਾਟਰੀ ਟਿਕਟ 22 ਸਤੰਬਰ ਨੂੰ ਕੋਰੀਅਰ ਰਾਹੀਂ ਜਲਾਲਾਬਾਦ ਦੇ ਇੱਕ ਲਾਟਰੀ ਵਿਕਰੇਤਾ ਤੋਂ ਮੰਗਵਾਈ ਸੀ। ਉਹ ਅਕਸਰ ਜਲਾਲਾਬਾਦ ਆਉਂਦੇ ਜਾਂਦੇ ਰਹਿੰਦੇ ਸਨ, ਜਿਸ ਕਾਰਨ ਉਸਦੀ ਉੱਥੋਂ ਦੇ ਵਿਕਰੇਤਾ ਨਾਲ ਜਾਣ-ਪਛਾਣ ਸੀ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਟਿਕਟ ਸਿਰਫ਼ 200 ਰੁਪਏ ਦੀ ਸੀ ਅਤੇ ਮਨਮੋਹਨ ਸਿੰਘ ਨੇ ਇਹ ਟਿਕਟ ਆਪਣੀ 7 ਸਾਲਾ ਧੀ ਮਨਰਾਜ ਕੌਰ ਦੇ ਨਾਂ 'ਤੇ ਮੰਗਵਾਈ ਸੀ।
ਅੱਧੀ ਰਾਤ ਨੂੰ ਮਿਲੀ ਖੁਸ਼ਖਬਰੀ
ਮਨਮੋਹਨ ਸਿੰਘ ਨੂੰ 4 ਅਕਤੂਬਰ ਦੀ ਅੱਧੀ ਰਾਤ ਨੂੰ ਲਾਟਰੀ ਵਿਕਰੇਤਾ ਦਾ ਫੋਨ ਆਇਆ ਕਿ ਉਹ ਕਰੋੜਪਤੀ ਬਣ ਗਿਆ ਹੈ ਅਤੇ ਉਸਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਸਨੂੰ ਇਸ ਗੱਲ 'ਤੇ ਯਕੀਨ ਨਹੀਂ ਆਇਆ। ਪਰ ਦਿਨ ਚੜ੍ਹਦੇ ਹੀ ਉਸਨੇ ਅਖਬਾਰ ਵੇਖੀ ਤਾਂ ਉਸਨੂੰ ਇਹ ਸਾਰੀ ਗੱਲ ਅਸਲੀ ਲੱਗੀ। ਜਿਸ ਤੋਂ ਬਾਅਦ ਉਸਨੇ ਲਾਟਰੀ ਵਿਕਰੇਤਾ ਨੂੰ ਫੋਨ ਕਰਕੇ ਇਸਦੀ ਅਸਲ ਜਾਣਕਾਰੀ ਲਈ।
ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਉਸਨੂੰ ਇੰਨਾ ਵੱਡਾ ਇਨਾਮ ਲੱਗਿਆ ਹੈ ਅਤੇ ਉਹ ਕਰੋੜਪਤੀ ਬਣ ਗਿਆ ਹੈ। ਉਸਨੇ ਕਿਹਾ ਕਿ ਉਹ ਇਸ ਰਕਮ ਨਾਲ ਆਪਣੇ ਬੱਚਿਆਂ ਦੀ ਵਧੀਆ ਪੜ੍ਹਾਈ ਲਿਖਾਈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ।
ਕਹਿਰ ਓ ਰੱਬਾ: ਹਾਈ ਵੋਲਟੇਜ਼ ਤਾਰਾਂ ਨਾਲ ਹਾਦਸਾ, ਮੁੰਡੇ ਦੀ ਤੜਫ-ਤੜਫ ਕੇ ਮੌਤ
NEXT STORY