ਲੌਂਗੋਵਾਲ, (ਵਸ਼ਿਸ਼ਟ, ਵਿਜੇ)- ਲੰਘੀ ਰਾਤ ਇੱਥੋਂ ਦੀ ਵਡਿਆਣੀ ਪੱਤੀ ਦੇ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਦੇ ਨੇਡ਼ੇ ਇਕ ਕਿਸਾਨ ਦੇ ਘਰੋਂ 8 ਪਸ਼ੂ ਧਨ ਚੋਰੀ ਹੋਣ ਦੀ ਖ਼ਬਰ ਮਿਲੀ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ ’ਚ ਸਹਿਮ ਫੈਲ ਗਿਆ ਹੈ। ਪੀਡ਼ਤ ਕਿਸਾਨ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਵਡਿਆਣੀ ਪੱਤੀ ਲੌਂਗੋਵਾਲ ਨੇ ਦੱਸਿਆ ਕਿ ਉਸ ਨੇ ਇਕ ਦਿਨ ਪਹਿਲਾਂ ਹੀ ਇਹ ਸਾਰੀਆਂ ਮੱਝਾਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਖੇਤੋਂ ਆਪਣੇ ਰਿਹਾਇਸ਼ ਦੇ ਨੇਡ਼ੇ ਇਕ ਨਿੱਜੀ ਬਾਗਲ ’ਚ ਰੱਖੀਆਂ ਸਨ ਤੇ ਮੰਗਲਵਾਰ ਦੀ ਰਾਤ ਨੂੰ ਉਹ ਮੱਝਾਂ ਨੂੰ ਪੱਠੇ ਵਗੈਰਾ ਪਾਉਣ ਤੋਂ ਬਾਅਦ ਆਪਣੇ ਘਰ ਆ ਕੇ ਸੌਂ ਗਏ। ਜਦ ਸਵੇਰੇ ਉਸ ਦੇ ਪੁੱਤਰ ਸੁਰਜੀਤ ਸਿੰਘ ਨੇ ਜਾ ਕੇ ਦੇਖਿਆ ਤਾਂ ਬਾਗਲ ਦਾ ਜਿੰਦਾ ਟੁੱਟਾ ਹੋਇਆ ਸੀ ਤੇ ਅੱਠ ਪਸ਼ੂ ਜਿਨ੍ਹਾਂ ’ਚ 6 ਮੱਝਾਂ ਤੇ 2 ਕੱਟੀਆਂ ਸਨ, ਗਾਇਬ ਸਨ ਤੇ ਸੰਗਲ ਉਸੇ ਤਰ੍ਹਾਂ ਖੁਰਲੀਆਂ ਨਾਲ ਲਟਕ ਰਹੇ ਸਨ । ਕਿਸਾਨ ਨੇ ਦੱਸਿਆ ਕਿ ਉਸ ਦੀਆਂ ਮੱਝਾਂ ਦੀ ਕੀਮਤ ਕਰੀਬ ਚਾਰ ਲੱਖ ਰੁਪਏ ਸੀ ਤੇ ਇਨ੍ਹਾਂ ਮੱਝਾਂ ਦੇ ਸਹਾਰੇ ਹੀ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ । ਇਸ ਚੋਰੀ ਦੀ ਖਬਰ ਫੈਲਦਿਆ ਹੀ ਇਲਾਕੇ ਦੇ ਕਿਸਾਨ ਤੇ ਹੋਰ ਲੋਕ ਵੱਡੀ ਗਿਣਤੀ ’ਚ ਘਟਨਾ ਸਥਾਨ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ।
ਇਕੱਠੇ ਹੋਏ ਲੋਕਾਂ ਨੇ ਜਦ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਲੌਂਗੋਵਾਲ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਬਲਵੰਤ ਸਿੰਘ ਪੁਲਸ ਪਾਰਟੀ ਤੋਂ ਇਲਾਵਾ ਫੋਰੈਂਸਿਕ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ ਤੇ ਪੂਰੀ ਟੀਮ ਵੱਲੋਂ ਜਾਂਚ ਪਡ਼ਤਾਲ ਕੀਤੀ ਗਈ ਤੇ ਫੋਰੈਂਸਿਕ ਟੀਮ ਦੀ ਮੁਖੀ ਸ਼ੁਭਦੀਪ ਕੌਰ ਵੱਲੋਂ ਵੱਖ-ਵੱਖ ਥਾਵਾਂ ਦੇ ਫਿੰਗਰ ਪ੍ਰਿੰਟ ਵੀ ਲਏ ਗਏ। ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਲੱਭਣ ਲਈ ਪੁਲਸ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ, ਜਿਸ ’ਚ ਰਸਤੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੇ ਮੋਬਾਇਲ ਟਾਵਰਾਂ ਦੇ ਨੈੱਟਵਰਕ ਤੋਂ ਵੀ ਮਦਦ ਲਈ ਜਾਵੇਗੀ ।
ਇਨਸਾਫ਼ ਨਾ ਮਿਲਿਆ ਤਾਂ ਯੂਨੀਅਨ ਕਰੇਗੀ ਸੰਘਰਸ਼ : ਉਗਰਾਹਾਂ
ਇਸ ਮੌਕੇ ਕਿਸਾਨ ਨਾਲ ਹਮਦਰਦੀ ਵਜੋਂ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਯੂਨੀਅਨ ਦੇ ਜ਼ਿਲਾ ਆਗੂ ਜਸਵਿੰਦਰ ਸਿੰਘ (ਸੋਮਾ) ਨੇ ਕਿਹਾ ਕਿ ਅੱਜ ਦੇ ਸਮੇਂ ’ਚ ਕਿਸਾਨ ਨੂੰ ਹਰ ਪਾਸਿਉਂ ਮਾਰ ਪੈ ਰਹੀ ਹੈ ਆਰਥਕ ਤੰਗੀ ਦੇ ਕਾਰਨ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਪੂਰੀ ਸੰਜੀਦਗੀ ਨਾਲ ਇਸ ਚੋਰੀ ਦੇ ਦੋਸ਼ੀਆਂ ਨੂੰ ਨਾ ਫਡ਼ਿਆ ਤੇ ਪੀਡ਼ਤ ਕਿਸਾਨ ਨੂੰ ਇਨਸਾਫ਼ ਨਾ ਮਿਲਿਆ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂ ਜਨਕ ਸਿੰਘ ਭੁਟਾਲ, ਦਲਵਾਰਾ ਸਿੰਘ ਛਾਜਲਾ, ਅਮਰ ਸਿੰਘ ਲੌਂਗੋਵਾਲ, ਰਣਜੀਤ ਸਿੰਘ, ਅਜੈਬ ਸਿੰਘ ਕੰਡਕਟਰ ਆਦਿ ਹਾਜ਼ਰ ਸਨ।
ਭਾਈ ਲੌਂਗੋਵਾਲ ਨੇ ਮੁਆਵਜ਼ੇ ਦੀ ਕੀਤੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੈਂਬਰ ਪਰਮਜੀਤ ਸਿੰਘ ਖ਼ਾਲਸਾ ਬਰਨਾਲਾ ਤੇ ਜਥੇਦਾਰ ਉਦੈ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਮੌਕੇ ’ਤੇ ਪੁੱਜ ਕੇ ਕਿਸਾਨ ਮਹਿੰਦਰ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੀਡ਼ਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ । ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ।
'ਆਪ' ਵਿਧਾਇਕ ਨੇ 5 ਕਰੋੜ ਫੰਡ ਦੇ ਐਲਾਨ ਲਈ ਕੈਪਟਨ ਦਾ ਕੀਤਾ ਧੰਨਵਾਦ
NEXT STORY