ਬਠਿੰਡਾ— ਬਠਿੰਡਾ, 10 ਫਰਵਰੀ (ਵਰਮਾ)-ਮੋਟਰਸਾਈਕਲ ਮੁਰੰਮਤ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਕੈਨਿਕ ਵੱਲੋਂ ਲਾਇਸੈਂਸੀ ਰਿਵਾਲਵਰ ਨਾਲ ਸੇਂਟ ਜੇਵੀਅਰ ਸਕੂਲ ਦੇ 12ਵੀਂ ਕਲਾਸ ਦੇ 18 ਸਾਲਾ ਵਿਦਿਆਰਥੀ ਰਮਨਿੰਦਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਘਟਨਾ ਸ਼ਨੀਵਾਰ ਰਾਤ 2 ਵਜੇ ਦੀ ਹੈ। ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਗਣੇਸ਼ਾ ਬਸਤੀ ’ਚ ਰਹਿਣ ਵਾਲੇ ਮੋਟਰਸਾਈਕਲ ਮਕੈਨਿਕ ਲਲਿਤ ਕੁਮਾਰ ਦਾ ਕੁਝ ਦਿਨ ਪਹਿਲਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਮਨਿੰਦਰ ਸਿੰਘ ਨਾਲ ਝਗਡ਼ਾ ਹੋਇਆ ਸੀ। ਮਾਡਲ ਟਾਊਨ ਫੇਜ਼-3 ਵਿਚ ਮ੍ਰਿਤਕ ਵਿਦਿਆਰਥੀ ਅਪਣੇ ਤਾਏ ਕੋਲ ਰਹਿੰਦਾ ਸੀ। ਐਤਵਾਰ ਸਵੇਰੇ 7 ਵਜੇ ਪਰਿਵਾਰ ਵਾਲਿਆਂ ਨੂੰ ਘਟਨਾ ਸਬੰਧੀ ਸੂਚਨਾ ਮਿਲੀ। ਜਾਣਕਾਰੀ ਅਨੁਸਾਰ ਹਸਪਤਾਲ ਪਹੁੰਚੇ ਮਾਡਲ ਟਾਊਨ ਵਾਸੀ ਗੁਰਨੈਬ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਭਾਈ ਗੁਰਮੀਤ ਸਿੰਘ ਵਾਸੀ ਭਾਈਦੇਸਾ ਦਾ ਇਕਲੌਤਾ ਬੇਟਾ ਉਨ੍ਹਾਂ ਕੋਲ ਪਡ਼੍ਹਨ ਲਈ ਰਹਿ ਰਿਹਾ ਸੀ, ਸ਼ਨੀਵਾਰ ਰਾਤ ਨੂੰ ਆਪਣੀ ਮਾਤਾ ਤੋਂ ਪੁੱਛ ਕੇ ਉਹ ਦੋਸਤਾਂ ਨਾਲ ਬਸੰਤ ਪੰਚਮੀ ਮਨਾਉਣ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸਦੇ ਭਤੀਜੇ ਦੇ ਦੋਸਤ ਦੀਪਾਂਸ਼ੂ ਦੇ ਘਰ ਫੋਨ ਆਇਆ ਸੀ ਕਿ ਰਮਨਿੰਦਰ ਨੂੰ ਉਨ੍ਹਾਂ ਦੇ ਘਰ ਭੇਜ ਦਿਓ। ਉਹ ਸਵੇਰੇ ਪਤੰਗ ਉਡਾਉਣਗੇ, ਉਥੇ ਹੀ ਸੌਂ ਜਾਵੇਗਾ। ਇਸ ਤੋਂ ਬਾਅਦ ਉਸਨੇ ਆਪਣੀ ਮਾਤਾ ਨਾਲ ਵੀ ਗੱਲ ਕਰਵਾਈ। ਇਸ ਭਰੋਸੇ ਤੋਂ ਬਾਅਦ ਰਮਨਿੰਦਰ ਨੂੰ ਘਰ ਤੋਂ ਬਾਹਰ ਰਹਿਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਸਦੇ ਦੋ ਦੋਸਤ ਘਰ ਆਏ ਅਤੇ ਉਸ ਨੂੰ ਨਾਲ ਲੈ ਗਏ। ਇਸ ਤੋਂ ਬਾਅਦ ਕੀ ਹੋਇਆ ਕਿਵੇਂ ਹੋਇਆ ਕੁਝ ਨਹੀਂ ਪਤਾ? ਉਨ੍ਹਾਂ ਨੂੰ ਸਵੇਰੇ 7 ਵਜੇ ਪੁਲਸ ਦਾ ਫੋਨ ਆਇਆ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਤੁਸੀਂ ਜਲਦੀ ਹਸਪਤਾਲ ਪਹੁੰਚੋ। ਫਿਲਹਾਲ ਪੁਲਸ ਨੇ ਤਾਏ ਦੀ ਸ਼ਿਕਾਇਤ ’ਤੇ ਮੁਲਜ਼ਮ ਲਲਿਤ ਕੁਮਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜੋ ਘਰੋਂ ਫਰਾਰ ਹੈ। ਪੁਲਸ ਉਸਦੀ ਗ੍ਰਿਫਤਾਰੀ ਲਈ ਤਲਾਸ਼ ਕਰ ਰਹੀ ਹੈ।
ਮੁਲਜ਼ਮ ਦੀ ਗ੍ਰਫਿਤਾਰੀ ਉਪਰੰਤ ਪਤਾ ਲੱਗੇਗਾ ਗੋਲੀ ਚਲਾਉਣ ਦਾ ਕਾਰਨ : ਥਾਣਾ ਪ੍ਰਮੁੱਖ
ਥਾਣਾ ਪ੍ਰਮੁੱਖ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਵੀਂ ਬਸਤੀ ਵਿਚ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ। ਵਿਦਿਆਰਥੀ ਦੀ ਉਕਤ ਮਕੈਨਿਕ ਨਾਲ ਜਾਣ-ਪਛਾਣ ਸੀ ਅਤੇ ਉਸਨੇ ਮੋਟਰਸਾਈਕਲ ਰਿਪੇਅਰ ਕਰਵਾ ਕੇ ਪੈਸੇ ਬਾਅਦ ਵਿਚ ਦੇਣ ਦੀ ਗੱਲ ਕੀਤੀ ਸੀ। ਕੁਝ ਦਿਨ ਪਹਿਲਾਂ ਉਕਤ ਮਕੈਨਿਕ ਤੋਂ ਪੈਸੇ ਲੈਣ-ਦੇਣ ਨੂੰ ਲੈ ਕੇ ਝਗਡ਼ਾ ਹੋਇਆ ਪਰ ਸ਼ਨੀਵਾਰ ਰਾਤ ਨੂੰ ਉਕਤ ਮਕੈਨਿਕ ਨੇ ਅਪਣੇ ਲਾਇਸੈਂਸੀ ਰਿਵਾਲਵਰ ਨਾਲ ਪਹਿਲਾਂ ਹਵਾਈ ਫਾਇਰ ਕੀਤਾ ਅਤੇ ਦੂਜੀ ਗੋਲੀ ਉਸਦੇ ਢਿੱਡ ’ਚ ਮਾਰੀ, ਜਿਸ ਤੋਂ ਬਾਅਦ ਉਹ ਲਹੂ-ਲੂਹਾਣ ਹੋ ਕੇ ਡਿੱਗ ਗਿਆ। ਉਸ ਨੂੰ ਤਡ਼ਫਦਾ ਦੇਖ ਮੁਲਜ਼ਮ ਉਥੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪਤਾ ਲੱਗੇਗਾ ਕਿ ਮੁਲਜ਼ਮ ਨਾਲ ਕੌਣ ਸੀ ਅਤੇ ਕਿਸ ਗੱਲ ਨੂੰ ਲੈ ਕੇ ਵਿਵਾਦ ਹੋਇਆ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮਾਮੂਲੀ ਪੈਸਿਅ ਦੇ ਲੈਣ-ਦੇਣ ਨੂੰ ਲੈ ਕੇ ਆਖਿਰ ਗੋਲੀ ਕਿਉਂ ਚਲਾਈ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਸੂਚਨਾ ਮਿਲਦੇ ਹੀ ਹਸਪਤਾਲ ਪਹੁੰਚ ਗਏ ਸਨ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ, ਜਿਸ ਨੂੰ ਲੈ ਕੇ ਉਹ ਆਪਣੇ ਪਿੰਡ ਭਾਈਦੇਸਾ (ਮਾਨਸਾ) ਚਲੇ ਗਏ।
ਵਿਆਹ ਸਮਾਗਮ ਦੌਰਾਨ ਚੱਲੇ ਇੱਟਾਂ-ਰੋੜ੍ਹੇ
NEXT STORY