ਨਾਭਾ (ਸੁਸ਼ੀਲ ਜੈਨ)—27 ਨਵੰਬਰ 2016 ਨੂੰ ਮੈਕਸੀਮਮ ਸਕਿਓਰਿਟੀ ਜੇਲ ਵਿਚ ਹੋਈ ਭਾਰੀ ਗੋਲੀਬਾਰੀ ਦੌਰਾਨ ਫਿਲਮੀ ਸਟਾਈਲ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਹਰਜਿੰਦਰ ਵਿੱਕੀ ਗੌਂਡਰ, ਕੁਲਪ੍ਰੀਤ ਸਿੰਘ ਨੀਟਾ ਦਿਓਲ ਸਮੇਤ 6 ਹਵਾਲਾਤੀਆਂ ਨੂੰ 4 ਗੱਡੀਆਂ ਵਿਚ ਆਏ ਬਦਮਾਸ਼ ਸਿਰਫ 12 ਮਿੰਟਾਂ ਵਿਚ ਹੀ ਛੁਡਾ ਕੇ ਲੈ ਗਏ ਸਨ। ਮਿੰਟੂ ਨੂੰ ਦਿੱਲੀ ਪੁਲਸ ਨੇ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਪਿਛਲੇ ਸਾਲ
ਉਸ ਦੀ ਮੌਤ ਹੋ ਗਈ ਸੀ। ਇਸ ਨਾਲ ਮਿੰਟੂ ਦਾ ਖਾਲਿਸਤਾਨੀ ਰਾਸ਼ਟਰਪਤੀ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਖ ਦਾ ਸਾਹ ਲਿਆ ਸੀ। ਉਹ 20 ਦਸੰਬਰ 2014 ਤੋਂ ਲੈ ਕੇ 27 ਨਵੰਬਰ 2016 ਤੱਕ ਇਥੇ ਜੇਲ 'ਚ ਰਿਹਾ। ਮਿੰਟੂ ਨੂੰ 2007 ਤੋਂ 2013 ਤੱਕ ਆਈ. ਐੱਸ. ਆਈ. ਤੋਂ 7 ਲੱਖ ਰੁਪਏ ਮਿਲੇ ਸਨ। ਮਿੰਟੂ ਕਿਹਾ ਕਰਦਾ ਸੀ ਕਿ ਨਾਭਾ ਜੇਲ ਵਿਚ ਮੋਬਾਇਲ ਨੈੱਟਵਰਕ ਸਰਗਰਮ ਹੋਣ ਨਾਲ ਸਭ ਤੋਂ ਸੁਰੱਖਿਅਤ ਹੈ। ਮਿੰਟੂ ਖਿਲਾਫ 19 ਪੁਲਸ ਕੇਸ ਦਰਜ ਹੋਏ ਸਨ।
ਇਨ੍ਹਾਂ 'ਚੋਂ 5 ਕੇਸਾਂ 'ਚੋਂ ਉਹ ਬਰੀ ਹੋ ਗਿਆ ਸੀ। 5 ਸਾਲ ਪਹਿਲਾਂ ਥਾਈਲੈਂਡ ਤੋਂ ਮਿੰਟੂ ਨੂੰ ਗ੍ਰਿਫ਼ਤਾਰ ਕਰ ਕੇ ਇਥੇ ਲਿਆਂਦਾ ਗਿਆ ਸੀ। ਉਸ ਨੇ ਜੇਲ ਵਿਚੋਂ ਹੀ ਕੈਨੇਡਾ, ਇੰਗਲੈਂਡ, ਪਾਕਿਸਤਾਨ ਅਤੇ ਹਾਂਗਕਾਂਗ ਵਿਚ ਬੈਠੇ ਅੱਤਵਾਦੀਆਂ ਨੂੰ ਇਕਜੁੱਟ ਕੀਤਾ ਸੀ। ਹਿੰਦੂ ਸੰਗਠਨਾਂ ਦੇ ਆਗੂਆਂ ਦੇ ਕਤਲਾਂ ਦੀ ਸਾਜ਼ਸ਼ ਵਿਚ ਸ਼ਾਮਲ ਸੀ, ਜਿਸ ਕਾਰਨ ਵਿਦੇਸ਼ਾਂ 'ਚੋਂ ਫੰਡਿੰਗ ਹੁੰਦੀ ਸੀ। ਜੇਲ ਬ੍ਰੇਕ ਕਾਂਡ ਵਿਚ ਸ਼ਾਮਲ ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ।
ਪੁਲਸ ਜੇਲ ਬ੍ਰੇਕ ਦੇ 28 ਮਹੀਨਿਆਂ 14 ਦਿਨਾਂ ਬਾਅਦ ਵੀ ਫਰਾਰ ਅੱਤਵਾਦੀ ਕਸ਼ਮੀਰ ਸਿੰਘ ਗਲਵੱਢੀ ਦਾ ਸੁਰਾਗ ਨਹੀਂ ਲਾ ਸਕੀ। ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਇਸ ਜੇਲ ਦੇ ਜੈਮਰ ਨੂੰ ਪਿਛਲੇ 13 ਸਾਲਾਂ ਤੋਂ ਵਿਵਾਦਾਂ ਵਿਚ ਰਹਿਣ ਦੇ ਬਾਵਜੂਦ ਅਜੇ ਤੱਕ 4-ਜੀ ਡਾਟਾ ਮੋਬਾਇਲ ਅਨੁਸਾਰ ਅਪਟੂਡੇਟ ਨਹੀਂ ਕੀਤਾ ਜਾ ਸਕਿਆ। ਇਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ। ਜੇਲ ਬ੍ਰੇਕ ਤੋਂ ਬਾਅਦ ਏ. ਡੀ. ਜੀ. ਪੀ. ਪੱਧਰ ਦੇ ਅਫਸਰਾਂ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ 55 ਲੱਖ ਰੁਪਏ ਦੀ ਡੀਲ ਹੋਣ ਤੋਂ ਬਾਅਦ ਬਾਹਰੋਂ ਮੁਹੱਈਆ ਕਰਵਾਏ ਗਏ 4-ਜੀ ਸਿਮ ਨੂੰ ਇਸਤੇਮਾਲ ਕਰ ਕੇ ਸਕਾਈਪ 'ਤੇ ਜੇਲ ਵਿਚ ਬੰਦ ਗੈਂਗਸਟਰ ਤੇ ਅੱਤਵਾਦੀ ਬਾਹਰੀ ਸਾਥੀਆਂ ਨਾਲ ਗੱਲਬਾਤ ਕਰਦੇ ਸਨ। ਇਹੀ ਕਾਰਨ ਸੀ ਕਿ ਜੇਲ ਬ੍ਰੇਕ ਤੋਂ 12 ਘੰਟੇ ਪਹਿਲਾਂ ਜੇਲ ਵਿਚ ਬੰਦ ਗੈਂਗਸਟਰਾਂ ਤੇ ਯੂ. ਪੀ. ਵਿਚੋਂ ਗ੍ਰਿਫ਼ਤਾਰ ਪਿੰਦਾ ਵਿਚਕਾਰ ਸਕਾਈਪ ਤੇ ਵੀਡੀਓ ਕਾਨਫਰੰਸਿੰਗ ਰਾਹੀਂ 18 ਮਿੰਟ ਗੱਲਬਾਤ ਹੋਈ ਸੀ।
ਪਿੰਦਾ ਨਾਭਾ ਸਿਵਲ ਹਸਪਤਾਲ ਕੰਪਲੈਕਸ ਵਿਚੋਂ ਬਰੇਕ ਤੋਂ ਕਈ ਮਹੀਨੇ ਪਹਿਲਾਂ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਹੱਥਕੜੀਆਂ ਸਮੇਤ ਫਰਾਰ ਹੋ ਗਿਆ ਸੀ। ਸਮੇਂ ਦੀਆਂ ਸਰਕਾਰਾਂ ਨੇ ਕਿਸੇ ਖਿਲਾਫ ਐਕਸ਼ਨ ਨਹੀਂ ਲਿਆ। ਪਹਿਲੀ ਵਾਰ 21 ਸਤੰਬਰ 2016 ਨੂੰ ਦਯਾ ਸਿੰਘ ਲਾਹੌਰੀਆ ਅੱਤਵਾਦੀ (ਜੋ ਕਿ ਸਾਬਕਾ ਕੇਂਦਰੀ ਮੰਤਰੀ ਮਿਰਧਾ ਦੇ ਭਤੀਜੇ ਨੂੰ ਅਗਵਾ ਕਰਨ ਅਤੇ ਮਨਿੰਦਰਜੀਤ ਸਿੰਘ ਬਿੱਟਾ 'ਤੇ ਕਾਤਲਾਨਾ ਹਮਲੇ ਦੀ ਸਾਜ਼ਸ਼ ਵਿਚ ਸ਼ਾਮਲ ਸੀ) ਪਾਸੋਂ ਇਸ ਜੇਲ ਵਿਚ ਮੋਬਾਇਲ, ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ ਸੀ। ਪਿਛਲੇ 12 ਸਾਲਾਂ ਦੌਰਾਨ ਲਗਭਗ 300 ਮੋਬਾਇਲ ਜੇਲ ਕੰਪਲੈਕਸ ਵਿਚੋਂ ਮਿਲੇ ਸਨ । ਵਿਦੇਸ਼ੀ ਕੈਦੀ ਅਤੇ ਹਵਾਲਾਤੀ ਵੀ ਨਾਭਾ ਜੇਲ ਵਿਚ ਹੀ ਰੱਖੇ ਜਾਂਦੇ ਹਨ। ਨਾਭਾ ਜੇਲ ਵਿਚ ਅਨੇਕ ਵਾਰੀ ਖੂਨੀ ਝੜਪਾਂ ਹੋਈਆਂ। ਇਕ ਵਾਰੀ ਸੈਂਟਰਲ ਵਾਚ ਟਾਵਰ 'ਤੇ ਤਾਇਨਾਤ ਕੈਦੀ ਨੇ ਖੁਦਕੁਸ਼ੀ ਕਰ ਲਈ ਸੀ। ਨਵੀਂ ਜ਼ਿਲਾ ਜੇਲ ਵਿਚ ਸਮਗਲਰ ਵੀ ਬੰਦ ਹਨ। ਨਸ਼ੇ ਵਾਲੇ ਪਦਾਰਥ ਧੜੱਲੇ ਨਾਲ ਇਸਤੇਮਾਲ ਹੁੰਦੇ ਹਨ। ਇਸ ਰਿਆਸਤੀ ਸ਼ਹਿਰ ਵਿਚ ਹੀ ਤੀਜੀ ਜੇਲ ਓਪਨ ਖੇਤੀਬਾੜੀ ਜੇਲ ਹੈ ਜੋ 10 ਅਕਤੂਬਰ 1976 ਨੂੰ ਉਸ ਸਮੇਂ ਦੇ ਜੇਲ ਮੰਤਰੀ ਸ਼੍ਰੀ ਯਸ਼ ਨੇ ਕਾਇਮ ਕੀਤੀ ਸੀ। ਇਸੇ ਜੇਲ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀ ਖੁੱਲੇ ਅਸਮਾਨ ਹੇਠਾਂ ਜ਼ਿੰਦਗੀ ਬਤੀਤ ਕਰਦੇ ਹਨ। ਵਜ਼ੀਰਾਂ ਦੀਆਂ ਸਿਫਾਰਸ਼ਾਂ 'ਤੇ ਹੀ ਕੈਦੀ ਹੋਰ ਜੇਲਾਂ 'ਚੋਂ ਇਸ ਜੇਲ ਵਿਚ ਤਬਦੀਲ ਕੀਤੇ ਜਾਂਦੇ ਹਨ ਜੋ ਖੇਤੀ ਕਰਦੇ ਹਨ। ਸੁਰੱਖਿਆ ਜੇਲ ਤੇ ਨਵੀਂ ਜੇਲ ਦੋਵਾਂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਸਰਕਾਰ ਵੱਲੋਂ ਨਾ ਹੀ ਜੇਲ ਬ੍ਰੇਕ ਤੋਂ ਬਾਅਦ ਅਜੇ ਤੱਕ ਜੈਮਰ ਨੂੰ 4-ਜੀ ਡਾਟਾ ਮੋਬਾਇਲ ਜਾਂ 5-ਜੀ ਡਾਟਾ ਅਨੁਸਾਰ ਤਬਦੀਲ ਕੀਤਾ ਗਿਆ ਹੈ, ਨਾ ਹੀ ਗੈਂਗਸਟਰਾਂ ਜਾਂ ਅੱਤਵਾਦੀਆਂ ਦੇ ਆਪਸੀ ਰਿਸ਼ਤੇ ਤੋੜਨ ਲਈ ਯਤਨ ਕੀਤੇ ਗਏ ਹਨ। ਮਜ਼ੇ ਦੀ ਗੱਲ ਹੈ ਕਿ ਸਕਿਓਰਿਟੀ ਜੇਲ ਵਿਚ ਸੁਪਰਡੈਂਟ ਲੱਗਣ ਨੂੰ ਵੀ ਕੋਈ ਤਿਆਰ ਨਹੀਂ ਹੈ। ਲੋਕ ਕਹਿੰਦੇ ਹਨ ਕਿ ਜਦੋਂ ਤੱਕ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਸਕਰੀਨਿੰਗ ਨਹੀਂ ਕੀਤੀ ਜਾਂਦੀ ਮੋਬਾਇਲ ਅਤੇ ਨਸ਼ਿਆਂ ਦੀ ਰੋਕਥਾਮ ਨਹੀਂ ਹੋਵੇਗੀ।
ਮਜੀਠੀਆ-ਸੰਜੇ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 24 ਅਪ੍ਰੈਲ ਨੂੰ
NEXT STORY