ਦੋਰਾਹਾ (ਵਿਨਾਇਕ): ਮਨੁੱਖਤਾ ਦੀ ਸੇਵਾ, ਦਇਆ, ਕਰੁਣਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਰਪਿਤ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੇ ਆਪਣੀ ਸਥਾਪਨਾ ਦੇ 30 ਸਾਲ ਪੂਰੇ ਹੋਣ ’ਤੇ ਹੈਵਨਲੀ ਪੈਲੇਸ ਰਿਟਾਇਰਮੈਂਟ ਹੋਮ ਫਾਰ ਸੀਨੀਅਰ ਸਿਟੀਜ਼ਨਜ਼, ਦੋਰਾਹਾ ਦੇ ਵਾਈਬ੍ਰੇਸ਼ਨਜ਼ ਹਾਲ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ। ਟਰੱਸਟ ਦੇ ਚੇਅਰਮੈਨ ਅਤੇ ਉੱਘੇ ਪ੍ਰਵਾਸੀ ਭਾਰਤੀ ਸ੍ਰੀ ਅਨਿਲ ਕੇ. ਮੋਂਗਾ ਅਤੇ ਸ੍ਰੀਮਤੀ ਰਜਨੀ ਮੋਂਗਾ ਦੀ ਅਗਵਾਈ ਹੇਠ ਬੋਰਡ ਆਫ਼ ਟਰੱਸਟੀਜ਼ ਅਤੇ ਸਲਾਹਕਾਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ, ਹੈਵਨਲੀ ਪੈਲੇਸ ਦੇ ਸੀਨੀਅਰ ਨਿਵਾਸੀਆਂ, ‘ਹੈਵਨਲੀ ਏਂਜਲਜ਼’ ਦੇ ਬੱਚਿਆਂ, ਸਟਾਫ਼ ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਸ਼ਾਰਦੀਆ ਨਵਰਾਤਿਆਂ ਦੇ ਪਹਿਲੇ ਦਿਨ ਮਾਂ ਦੁਰਗਾ ਦੇ ਪਹਿਲੇ ਸਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਦੇ ਪਾਵਨ ਅਵਸਰ ’ਤੇ ਕਰਵਾਏ ਗਏ ਇਸ ਸਮਾਗਮ ਨੇ ਸੇਵਾ, ਸ਼ਰਧਾ, ਮਨੁੱਖਤਾ ਅਤੇ ਸਮਾਜਿਕ ਸਮਰਪਣ ਦਾ ਵਿਲੱਖਣ ਸੰਦੇਸ਼ ਦਿੱਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਜੈਨ ਆਚਾਰੀਆ ਲੋਕੇਸ਼ ਮੁੰਨੀ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਸਾਂਝੇ ਤੌਰ ਤੇ ਦੀਪ ਪ੍ਰਜਵਲਿਤ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਸ੍ਰੀਮਤੀ ਪੂਜਾ ਗਰੋਵਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਜੈਨ ਆਚਾਰੀਆ ਲੋਕੇਸ਼ ਮੁੰਨੀ ਜੀ ਦਾ ਟਰੱਸਟ ਦੇ ਚੇਅਰਮੈਨ ਸ੍ਰੀ ਅਨਿਲ ਕੇ. ਮੋਂਗਾ, ਸ੍ਰੀਮਤੀ ਰਜਨੀ ਮੋਂਗਾ ਅਤੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਲੋਈ ਭੇਟ ਕਰਕੇ ਨਿੱਘਾ ਸਵਾਗਤ ਅਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਟਰੱਸਟ ਦੇ ਤਿੰਨ ਦਹਾਕਿਆਂ ਦੇ ਸੇਵਾ ਸਫ਼ਰ, ਬਜ਼ੁਰਗਾਂ ਦੀ ਦੇਖਭਾਲ, ਬੱਚਿਆਂ ਦੇ ਪਾਲਣ-ਪੋਸ਼ਣ, ਸਿੱਖਿਆ ਅਤੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਵਰਗੇ ਮਨੁੱਖਤਾ ਭਲਾਈ ਦੇ ਕਾਰਜਾਂ ਨੂੰ ਉਜਾਗਰ ਕੀਤਾ ਗਿਆ।
ਬਜ਼ੁਰਗਾਂ ਦੀ ਸੇਵਾ ਅਤੇ ਬੱਚਿਆਂ ਦੇ ਸੁਪਨੇ ਸਾਕਾਰ ਕਰਨਾ ਸਭ ਤੋਂ ਵੱਡਾ ਪੁੰਨ: ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਬਜ਼ੁਰਗਾਂ ਨੂੰ ਸਹਾਰਾ ਦੇਣਾ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਬੱਚਿਆਂ ਨੂੰ ਪਿਆਰ, ਸੁਰੱਖਿਆ ਤੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। ਕਿਸੇ ਲੋੜਵੰਦ ਦਾ ਸਹਾਰਾ ਬਣਨਾ, ਉਸ ਨਾਲ ਸਮਾਂ ਬਿਤਾਉਣਾ ਅਤੇ ਉਸ ਨੂੰ ਇਹ ਅਹਿਸਾਸ ਕਰਵਾਉਣਾ ਕਿ ਉਹ ਸਮਾਜ ਦਾ ਅਹਿਮ ਹਿੱਸਾ ਹੈ, ਮਨੁੱਖਤਾ ਦੀ ਸਭ ਤੋਂ ਉੱਤਮ ਸੇਵਾ ਹੈ।
ਉਨ੍ਹਾਂ ਕਿਹਾ ਕਿ ਹੈਵਨਲੀ ਪੈਲੇਸ ਵਰਗੀਆਂ ਸੰਸਥਾਵਾਂ ਬਜ਼ੁਰਗਾਂ ਨੂੰ ਸਿਰਫ਼ ਰਹਿਣ ਲਈ ਥਾਂ ਹੀ ਨਹੀਂ ਦਿੰਦੀਆਂ, ਸਗੋਂ ਉਨ੍ਹਾਂ ਨੂੰ ਪਿਆਰ, ਸਤਿਕਾਰ, ਸੁਰੱਖਿਆ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਲਗਭਗ 19 ਏਕੜ ਵਿੱਚ ਫੈਲੇ ਕੁਦਰਤੀ ਵਾਤਾਵਰਣ ਵਾਲੇ ਇਸ ਸਥਾਨ ’ਤੇ 500 ਤੋਂ ਵੱਧ ਬਜ਼ੁਰਗ ਮਾਤਾਵਾਂ ਅਤੇ ਪਿਤਾ ਸਮਾਨ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਨਾਲ ਜੁੜੇ ਯਤਨ ਸਮਾਜ ਲਈ ਪ੍ਰੇਰਨਾਦਾਇਕ ਹਨ।
ਨਵਰਾਤਿਆਂ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਂ ਦੁਰਗਾ ਦੀ ਉਪਾਸਨਾ ਸਾਨੂੰ ਨਾਰੀ ਸ਼ਕਤੀ ਦੇ ਸਨਮਾਨ, ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਸਮਾਜ ਵਿੱਚ ਸਕਾਰਾਤਮਕਤਾ ਫੈਲਾਉਣ ਦੀ ਪ੍ਰੇਰਣਾ ਦਿੰਦੀ ਹੈ। ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਅਤੇ ਬਜ਼ੁਰਗਾਂ ਨੂੰ ਸਨਮਾਨਜਨਕ ਜੀਵਨ ਦੇਣ ਲਈ ਕੀਤੇ ਜਾ ਰਹੇ ਯਤਨ ਸਮਾਜ ਵਿੱਚ ਸਦਭਾਵਨਾ, ਸਹਿਯੋਗ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਬਜ਼ੁਰਗਾਂ, ਬੱਚਿਆਂ ਅਤੇ ਲੋੜਵੰਦ ਵਰਗਾਂ ਦੀ ਕਿੰਨੀ ਦੇਖਭਾਲ ਕਰਦਾ ਹੈ। ਟਰੱਸਟ ਦੇ 30 ਸਾਲਾਂ ਦਾ ਸਫ਼ਰ ਸਿਰਫ਼ ਇੱਕ ਸੰਸਥਾ ਦੀ ਵਰ੍ਹੇਗੰਢ ਨਹੀਂ, ਸਗੋਂ ਉਮੀਦਾਂ, ਭਾਵਨਾਵਾਂ, ਤਿਆਗ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਪ੍ਰੇਰਨਾਦਾਇਕ ਕਹਾਣੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੀ ਬੱਚਿਆਂ ਦੀ ਭਲਾਈ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਹੁਨਰਮੰਦ ਬਣਾਉਣਾ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਜੀਵਨ ਵੱਲ ਲਿਜਾਣਾ ਸਮਾਜ ਅਤੇ ਸਰਕਾਰ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਅਨਿਲ ਕੇ. ਮੋਂਗਾ ਅਤੇ ਰਜਨੀ ਮੋਂਗਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੂਜਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣਾ ਸਮਾਂ, ਸਰੋਤ ਅਤੇ ਸਮਰੱਥਾ ਸਮਰਪਿਤ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਦੇ ਸਮਰੱਥ ਲੋਕ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਤਾਂ ਸਮਾਜਿਕ ਬਦਲਾਅ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੁੰਦੀ ਹੈ।
ਅੰਨਦਾਨ, ਕਰੁਣਾ ਅਤੇ ਅਹਿੰਸਾ ਮਨੁੱਖਤਾ ਦੀ ਸੇਵਾ ਦੇ ਮੂਲ ਆਧਾਰ: ਜੈਨ ਆਚਾਰੀਆ ਲੋਕੇਸ਼ ਮੁੰਨੀ ਜੀ
ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਜੈਨ ਆਚਾਰੀਆ ਲੋਕੇਸ਼ ਮੁੰਨੀ ਜੀ ਨੇ ਟਰੱਸਟ ਦੇ 30 ਸਾਲਾਂ ਦੇ ਸੇਵਾ ਸਫ਼ਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਧਰਮ ਦੀ ਅਸਲ ਭਾਵਨਾ ਹੈ। ਧਰਮ ਸਿਰਫ਼ ਪੂਜਾ-ਪਾਠ, ਰਸਮਾਂ ਅਤੇ ਧਾਰਮਿਕ ਸਮਾਗਮਾਂ ਤੱਕ ਸੀਮਿਤ ਨਹੀਂ, ਸਗੋਂ ਇਸ ਦਾ ਅਸਲ ਉਦੇਸ਼ ਮਨੁੱਖ ਦੇ ਮਨ ਵਿੱਚ ਦਇਆ, ਕਰੁਣਾ, ਅਹਿੰਸਾ, ਸਹਿਣਸ਼ੀਲਤਾ ਅਤੇ ਪਰਉਪਕਾਰ ਦੀ ਭਾਵਨਾ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਜੈਨ ਦਰਸ਼ਨ ਵਿੱਚ ਅਹਿੰਸਾ, ਅਨੇਕਾਂਤਵਾਦ ਅਤੇ ਅਪਰਿਗ੍ਰਹਿ ਦੇ ਸਿਧਾਂਤ ਮਨੁੱਖ ਨੂੰ ਦੂਜਿਆਂ ਦੇ ਦੁੱਖ ਨੂੰ ਸਮਝਣ, ਹਰ ਜੀਵ ਪ੍ਰਤੀ ਸੰਵੇਦਨਸ਼ੀਲ ਰਹਿਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੰਦੇ ਹਨ। ਜਦੋਂ ਕੋਈ ਸੰਸਥਾ ਬਜ਼ੁਰਗਾਂ ਨੂੰ ਸਨਮਾਨ, ਬੱਚਿਆਂ ਨੂੰ ਸੁਰੱਖਿਆ ਅਤੇ ਭੁੱਖੇ ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਉਂਦੀ ਹੈ ਤਾਂ ਉਹ ਧਾਰਮਿਕ ਸਿਧਾਂਤਾਂ ਨੂੰ ਅਮਲੀ ਜੀਵਨ ਵਿੱਚ ਸਾਕਾਰ ਕਰਦੀ ਹੈ।
ਆਚਾਰੀਆ ਲੋਕੇਸ਼ ਮੁੰਨੀ ਜੀ ਨੇ ਕਿਹਾ ਕਿ ਅੰਨਦਾਨ ਨੂੰ ਭਾਰਤੀ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਵਿੱਚ ਮਹਾਨ ਦਾਨ ਮੰਨਿਆ ਗਿਆ ਹੈ, ਕਿਉਂਕਿ ਭੁੱਖੇ ਵਿਅਕਤੀ ਨੂੰ ਭੋਜਨ ਦੇਣਾ ਉਸ ਦੀ ਤੁਰੰਤ ਲੋੜ ਪੂਰੀ ਕਰਨ ਦੇ ਨਾਲ-ਨਾਲ ਉਸ ਦੇ ਸਨਮਾਨ ਅਤੇ ਜੀਵਨ ਦੀ ਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਭੋਜਨ ਵੰਡਣ ਸਮੇਂ ਕਿਸੇ ਵਿਅਕਤੀ ਦੀ ਜਾਤ, ਧਰਮ, ਭਾਸ਼ਾ, ਖੇਤਰ ਜਾਂ ਸਮਾਜਿਕ ਸਥਿਤੀ ਦੇ ਆਧਾਰ ’ਤੇ ਭੇਦਭਾਵ ਨਹੀਂ ਹੋਣਾ ਚਾਹੀਦਾ। ਨਿਸ਼ਕਾਮ ਸੇਵਾ ਦੀ ਅਸਲ ਮਹੱਤਤਾ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਮਦਦ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਸਵੈਮਾਣ ਨੂੰ ਵੀ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਸ਼ਾਂਤੀ ਦੀ ਸਥਾਪਨਾ ਸਿਰਫ਼ ਵੱਡੇ ਉਪਰਾਲਿਆਂ ਨਾਲ ਹੀ ਨਹੀਂ, ਸਗੋਂ ਰੋਜ਼ਾਨਾ ਜੀਵਨ ਵਿੱਚ ਦਇਆ, ਸਹਿਣਸ਼ੀਲਤਾ ਅਤੇ ਆਪਸੀ ਸਤਿਕਾਰ ਨੂੰ ਅਪਣਾਉਣ ਨਾਲ ਵੀ ਸੰਭਵ ਹੈ। ਬਜ਼ੁਰਗਾਂ ਦੀ ਸੇਵਾ ਕਰਨਾ, ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਅਤੇ ਭੁੱਖੇ ਨੂੰ ਭੋਜਨ ਖੁਆਉਣਾ ਅਜਿਹੇ ਕਾਰਜ ਹਨ, ਜੋ ਪਰਿਵਾਰਾਂ ਤੋਂ ਲੈ ਕੇ ਸਮੁੱਚੇ ਸਮਾਜ ਤੱਕ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰਦੇ ਹਨ।
ਆਚਾਰੀਆ ਲੋਕੇਸ਼ ਮੁੰਨੀ ਜੀ ਨੇ ਸ੍ਰੀ ਅਨਿਲ ਕੇ. ਮੋਂਗਾ, ਸ੍ਰੀਮਤੀ ਰਜਨੀ ਮੋਂਗਾ ਅਤੇ ਟਰੱਸਟ ਦੀ ਸਮੁੱਚੀ ਟੀਮ ਨੂੰ ਸੇਵਾ ਕਾਰਜਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਮਨੁੱਖਤਾ, ਨੈਤਿਕਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
30 ਸਾਲਾਂ ਵਿੱਚ 3 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਭੋਜਨ
ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਉੱਘੇ ਪ੍ਰਵਾਸੀ ਭਾਰਤੀ ਸ੍ਰੀ ਅਨਿਲ ਕੇ. ਮੋਂਗਾ ਦੀ ਅਗਵਾਈ ਹੇਠ ਟਰੱਸਟ ਵੱਲੋਂ ਪਿਛਲੇ ਤਿੰਨ ਦਹਾਕਿਆਂ ਦੌਰਾਨ ਭੋਜਨ ਸੇਵਾ, ਸਿਹਤ ਸੇਵਾਵਾਂ, ਬਜ਼ੁਰਗਾਂ ਦੀ ਦੇਖਭਾਲ ਅਤੇ ਬੱਚਿਆਂ ਦੀ ਭਲਾਈ ਦੇ ਖੇਤਰ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਟਰੱਸਟ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਪਿਛਲੇ 30 ਸਾਲਾਂ ਦੌਰਾਨ ‘ਬ੍ਰਹਮਭੋਗ’ ਭੋਜਨ ਸੇਵਾ ਰਾਹੀਂ 3 ਕਰੋੜ ਤੋਂ ਵੱਧ ਭੋਜਨ ਲੋੜਵੰਦ ਲੋਕਾਂ ਤੱਕ ਪਹੁੰਚਾਏ ਗਏ ਹਨ। ਇਸ ਸਮੇਂ ਦਿੱਲੀ ਅਤੇ ਪੰਜਾਬ ਵਿੱਚ ਰੋਜ਼ਾਨਾ ਲਗਭਗ 20 ਹਜ਼ਾਰ ਲੋੜਵੰਦ ਲੋਕਾਂ ਨੂੰ ਸਰਕਾਰੀ ਹਸਪਤਾਲਾਂ, ਸਕੂਲਾਂ ਅਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਸਨਮਾਨ ਨਾਲ ਭੋਜਨ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਟਰੱਸਟ ਵੱਲੋਂ ਇਸ ਸੇਵਾ ਦਾ ਘੇਰਾ ਵਧਾ ਕੇ ਰੋਜ਼ਾਨਾ 30 ਹਜ਼ਾਰ ਲੋਕਾਂ ਤੱਕ ਭੋਜਨ ਪਹੁੰਚਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ।
ਇਹ ਭੋਜਨ ਸੇਵਾ ਸਿਰਫ਼ ਭੁੱਖ ਮਿਟਾਉਣ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਉਨ੍ਹਾਂ ਵਰਗਾਂ ਤੱਕ ਸਹਾਇਤਾ ਪਹੁੰਚਾਉਣ ਦਾ ਯਤਨ ਹੈ, ਜਿਨ੍ਹਾਂ ਨੂੰ ਆਰਥਿਕ ਮੁਸ਼ਕਲਾਂ, ਬਿਮਾਰੀ ਜਾਂ ਹੋਰ ਸਮਾਜਿਕ ਹਾਲਾਤਾਂ ਕਾਰਨ ਰੋਜ਼ਾਨਾ ਜੀਵਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਸਕੂਲਾਂ ਵਿੱਚ ਬੱਚਿਆਂ ਅਤੇ ਹੋਰ ਲੋੜਵੰਦ ਪਰਿਵਾਰਾਂ ਤੱਕ ਭੋਜਨ ਪਹੁੰਚਾਉਣ ਦਾ ਇਹ ਉਪਰਾਲਾ ਸਮਾਜਿਕ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੀ 30ਵੀਂ ਵਰ੍ਹੇਗੰਢ ਮੌਕੇ ਹੈਵਨਲੀ ਪੈਲੇਸ ਦੇ ਸੀਨੀਅਰ ਸਿਟੀਜ਼ਨਜ਼, ਹੈਵਨਲੀ ਏਂਜਲਸ ਦੇ ਬੱਚੇ ਅਤੇ ਮਾਰਗਦਰਸ਼ਨ ਡੀਬੀਸੀ ਟਰੱਸਟ ਦੇ ਨੌਜਵਾਨਾਂ ਵੱਲੋਂ ਮਾਂ ਸ਼ੈਲਪੁੱਤਰੀ ਦੀ ਪੂਜਾ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਪੁਲਸ ਜ਼ਿਲਾ ਖੰਨਾ ਦੇ ਸਾਬਕਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪਾਇਲ ਦੇ ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ, ਪਾਇਲ ਦੇ ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ, ਇੰਸਪੈਕਟਰ ਰਾਓਵਰਿੰਦਰ ਸਿੰਘ ਰੀਡਰ ਤੋਂ ਹੋਰ ਪੁਲਸ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤਾਂ 'ਤੇ ਹਾਰ ਨਾ ਪਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਪਰਗਟ ਸਿੰਘ?: ਬਿੱਟੂ
NEXT STORY