ਮੋਗਾ (ਕਸ਼ਿਸ਼) - ਮੋਗਾ ਦੇ ਪਹਾੜਾ ਸਿੰਘ ਚੌਂਕ ਇਲਾਕੇ ਤੋਂ 23 ਦਿਨ ਪਹਿਲਾਂ ਲਾਪਤਾ ਹੋਏ 17 ਸਾਲਾ ਵਿਜੈ ਦਾ ਅਜੇ ਤੱਕ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰ ਦਾ ਗੁੱਸਾ ਫੁੱਟ ਪਿਆ। ਮੰਗਲਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਮੁਹੱਲਾ ਵਾਸੀਆਂ ਦੇ ਨਾਲ ਮਿਲ ਕੇ ਸਬੰਧਤ ਥਾਣੇ ਦੇ ਬਾਹਰ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਲੜਕੇ ਦੀ ਜਲਦ ਭਾਲ ਦੀ ਮੰਗ ਕੀਤੀ।
ਲਾਪਤਾ ਨੌਜਵਾਨ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਵਿਜੈ ਆਪਣੇ ਇੱਕ ਦੋਸਤ ਨਾਲ ਘਰ ਤੋਂ ਗਿਆ ਸੀ। ਦੋਸਤ ਨੇ ਇੱਕ ਵਾਰ ਫੋਨ 'ਤੇ ਵਿਜੈ ਨਾਲ ਗੱਲ ਵੀ ਕਰਵਾਈ ਸੀ, ਪਰ ਉਸ ਤੋਂ ਬਾਅਦ ਨਾ ਤਾਂ ਵਿਜੈ ਨਾਲ ਕੋਈ ਸੰਪਰਕ ਹੋ ਸਕਿਆ ਅਤੇ ਨਾ ਹੀ ਉਸ ਬਾਰੇ ਕੋਈ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਆਪਣੇ ਪੱਧਰ 'ਤੇ ਹਰ ਸੰਭਵ ਥਾਂ ਉਸ ਦੀ ਭਾਲ ਕੀਤੀ ਅਤੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ, ਪਰ 23 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਸਫਲਤਾ ਨਹੀਂ ਮਿਲੀ।
ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਦੀ ਕਾਰਵਾਈ ਸੰਤੋਸ਼ਜਨਕ ਨਹੀਂ ਰਹੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਦੇਣਾ ਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਜੈ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਨਾਲ ਮਿਲਾਇਆ ਜਾਵੇ।
ਉੱਧਰ, ਥਾਣਾ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਲਗਾਤਾਰ ਜਾਂਚ ਕਰ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਅਤੇ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਲਾਪਤਾ ਨੌਜਵਾਨ ਨੂੰ ਜਲਦੀ ਲੱਭ ਲਿਆ ਜਾਵੇਗਾ। ਪੁਲਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵਿਜੈ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ।
ਪੰਜਾਬ ਦੀ ਸ਼ਾਂਤੀ ਪਹਿਲਾਂ, ਸਤਲੁਜ ਵਿਵਾਦ ਹੁਣ ਖ਼ਤਮ ਹੋਣਾ ਚਾਹੀਦੈ : ਕੇਵਲ ਸਿੰਘ ਢਿੱਲੋਂ
NEXT STORY