ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਕੰਨੀਆਂ ਖਾਸ ਵਿਚ ਪਾਲਤੂ ਕੁੱਤੇ ਵੱਲੋਂ ਮੁਰਗੀ ਦਾ ਚੂਚੇ ਚੁੱਕ ਕੇ ਲਿਜਾਣ ਦੇ ਮਾਮਲੇ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਸਾਬਕਾ ਸਰਪੰਚ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਧਰਮਕੋਟ ਪੁਲਸ ਨੇ ਭਗਵਾਨ ਸਿੰਘ ਦੀ ਸ਼ਿਕਾਇਤ ’ਤੇ ਸਾਬਕਾ ਸਰਪੰਚ ਰਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਰਾਏ ਨੇ ਦੱਸਿਆ ਕਿ ਸ਼ਿਕਾਇਤਕਰਤਾ ਭਗਵਾਨ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸ ਨੇ ਆਪਣੇ ਘਰ ਵਿਚ ਇਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ। ਉਸ ਦੇ ਘਰ ਦੇ ਸਾਹਮਣੇ ਹੀ ਸਾਬਕਾ ਸਰਪੰਚ ਰਮਨਦੀਪ ਸਿੰਘ ਦਾ ਘਰ ਹੈ, ਜਿਸ ਨੇ ਆਪਣੇ ਘਰ ਵਿਚ ਮੁਰਗੀਆਂ ਪਾਲੀਆਂ ਹੋਈਆਂ ਹਨ। ਸ਼ਿਕਾਇਤਕਰਤਾ ਅਨੁਸਾਰ ਕਰੀਬ ਦੋ-ਤਿੰਨ ਦਿਨ ਪਹਿਲਾਂ ਉਸ ਦੇ ਪਾਲਤੂ ਕੁੱਤੇ ਨੇ ਰਮਨਦੀਪ ਸਿੰਘ ਦੇ ਘਰ ਤੋਂ ਇਕ ਮੁਰਗੀ ਦਾ ਚੂਚਾ ਚੁੱਕ ਲਿਆ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋ ਗਈ।
ਦੋਸ਼ ਹੈ ਕਿ ਇਸ ਤੋਂ ਬਾਅਦ ਰਮਨਦੀਪ ਸਿੰਘ ਆਪਣੇ ਘਰ ਦੀ ਦੂਜੀ ਮੰਜ਼ਿਲ ’ਤੇ ਚੜ੍ਹ ਗਿਆ ਅਤੇ ਆਪਣੇ ਪਿਤਾ ਬਲਵਿੰਦਰ ਸਿੰਘ ਦੀ 12 ਬੋਰ ਬੰਦੂਕ ਨਾਲ ਭਗਵਾਨ ਸਿੰਘ ਦੇ ਘਰ ਵੱਲ ਗੋਲੀ ਚਲਾ ਦਿੱਤੀ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਰਮਨਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ਵਿਚੋਂ 12 ਬੋਰ ਬੰਦੂਕ ਵੀ ਬਰਾਮਦ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੰਜਾਬ ਨੂੰ ਅੱਜ ਮਿਲੇਗਾ ਨਵਾਂ DGP!, UPSC ਦੀ ਬੈਠਕ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
NEXT STORY