ਲੁਧਿਆਣਾ, (ਸੰਨੀ)- ਡਰਾਈਵਿੰਗ ਲਾਇਸੈਂਸ ਦੀਆਂ ਫਾਈਲਾਂ ਨੂੰ ਗਲਤ ਢੰਗ ਨਾਲ ਅਪਰੂਵ ਕਰਨ ਦੇ ਕੇਸ ਵਿਚ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮ ਨਿਤਿਨ ਕੁਮਾਰ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਹ ਐੱਫ. ਆਈ. ਆਰ. ਸਕੱਤਰ ਆਰ. ਟੀ. ਏ. ਲਵਜੀਤ ਕਲਸੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ।
ਡਰਾਈਵਿੰਗ ਲਾਇਸੈਂਸਾਂ ਨੂੰ ਗਲਤ ਢੰਗ ਨਾਲ ਮਨਜ਼ੂਰ ਕਰਨ ਦਾ ਮਾਮਲਾ ਬੀਤੀ 11 ਅਕਤੂਬਰ ਦਾ ਹੈ। 11 ਅਕਤੂਬਰ ਦੀ ਸ਼ਾਮ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮਾਂ ਨੇ ਏ. ਟੀ. ਓ. ਅਮਰੀਕ ਸਿੰਘ ਦੀ ਆਈ. ਡੀ. ਤੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀਆਂ 38 ਫਾਈਲਾਂ ਅਤੇ ਲਰਨਿੰਗ ਲਾਇਸੈਂਸ ਦੀਆਂ 8 ਫਾਈਲਾਂ ਨੂੰ ਅਪਰੂਵ ਕੀਤਾ ਸੀ। ਸਕੱਤਰ ਆਰ. ਟੀ. ਏ. ਲਵਜੀਤ ਕਲਸੀ ਨੂੰ ਇਸ ਦੀ ਭਿਣਕ ਪਈ ਤਾਂ ਅਗਲੇ ਦਿਨ ਸਵੇਰੇ ਉਨ੍ਹਾਂ ਨੇ ਸਮਾਰਟਚਿੱਪ ਕੰਪਨੀ ਲਿਮ. ਦੇ ਇੰਚਾਰਜ ਇਕਬਾਲ ਬੇਦੀ ਨੂੰ ਇਨ੍ਹਾਂ ਲਾਇਸੈਂਸਾਂ ਦੀ ਸੂਚੀ ਭੇਜ ਕੇ ਉਨ੍ਹਾਂ ਦੀ ਪ੍ਰਿੰਟਿੰਗ ’ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਕਲਸੀ ਨੇ 15 ਅਕਤੂਬਰ ਨੂੰ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮਾਂ ਨੂੰ ਪੱਤਰ ਭੇਜ ਕੇ ਕੁੱਲ 46 ਅਸਲ ਫਾਈਲਾਂ ਦੀ ਮੰਗ ਕੀਤੀ ਪਰ ਮੁਲਾਜ਼ਮਾਂ ਨੇ ਸਿਰਫ 20 ਫਾਈਲਾਂ ਹੀ ਇਨ੍ਹਾਂ ਨੇ ਜਮ੍ਹਾ ਕਰਵਾਈਆਂ, ਜਿਸ ਨਾਲ ਉਨ੍ਹਾਂ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਕਿ ਕਿਤੇ ਨਾ ਕਿਤੇ ਦਾਲ ਵਿਚ ਕੁੱਝ ਕਾਲਾ ਜ਼ਰੂਰ ਹੈ।
ਮੁਲਾਜ਼ਮਾਂ ਵਲੋਂ ਕਲਸੀ ਨੂੰ ਦਿੱਤੀਆਂ ਗਈਆਂ 20 ਫਾਈਲਾਂ ਦੇ ਨਾਲ ਲਗਾਏ ਗਏ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ ਦੇ ਫਸਟ ਐਂਡ ਟ੍ਰੇਨਿੰਗ ਸਰਟੀਫਿਕੇਟਾਂ ਦੀ ਜਦੋਂ ਜਾਂਚ ਕਰਵਾਈ ਗਈ ਤਾਂ ਉਨ੍ਹਾਂ ਵਿਚੋਂ 17 ਫਰਜ਼ੀ ਪਾਏ ਗਏ, ਜਿਸ ਸਬੰਧੀ ਰੈੱਡ ਕ੍ਰਾਸ ਸੋਸਾਇਟੀ ਵਲੋਂ ਲਿਖਤੀ ਰਿਪੋਰਟ ਵੀ ਆਰ. ਟੀ. ਏ. ਦਫਤਰ ਨੂੰ ਭੇਜੀ ਗਈ।
ਇਸ ਤੋਂ ਬਾਅਦ ਸਰਮਾਟਚਿੱਪ ਕੰਪਨੀ ਦੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਸਕੱਤਰ ਆਰ. ਟੀ. ਏ. ਕਲਸੀ ਨੇ ਪੁਲਸ ਕਮਿਸ਼ਨਰ ਨੂੰ ਪੱਤਰ ਭੇਜਿਆ। ਪੁਲਸ ਵਿਭਾਗ ਵਲੋਂ ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮ ਨਿਤਿਨ ਅਤੇ ਹੋਰਨਾਂ ਖਿਲਾਫ ਧੋਖਾਦੇਹੀ, ਦਸਤਾਵੇਜ਼ਾਂ ਨਾਲ ਛੇਡ਼-ਛਾਡ਼ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਏ. ਟੀ. ਓ. ਨੇ ਕਿਉਂ ਦਿੱਤੀ ਆਪਣੀ ਆਈ. ਡੀ. ਅਤੇ ਪਾਸਵਰਡ?
ਚਾਹੇ ਸਕੱਤਰ ਆਰ. ਟੀ. ਏ. ਕਲਸੀ ਨੇ ਸਮਾਂ ਰਹਿੰਦੇ ਗਲਤ ਢੰਗ ਨਾਲ ਬਣਨ ਜਾ ਰਹੇ ਕਮਰਸ਼ੀਅਲ ਡ੍ਰਾਈਵਿੰਗ ਲਾਇਸੈਂਸਾਂ ਨੂੰ ਬਣਨ ਤੋਂ ਪਹਿਲਾਂ ਹੀ ਫਡ਼ ਲਿਆ ਪਰ ਸਵਾਲ ਇਹ ਵੀ ਹੈ ਕਿ ਏ. ਟੀ. ਓ. ਅਮਰੀਕ ਸਿੰਘ, ਜਿਨ੍ਹਾਂ ਨੂੰ ਲੁਧਿਆਣਾ ਵਿਚ ਚਾਰਜ ਲਏ ਅਜੇ ਕੁੱਝ ਹੀ ਮਹੀਨੇ ਹੋਏ ਹਨ, ਉਨ੍ਹਾਂ ਨੇ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮਾਂ ਨੂੰ ਆਪਣੀ ਆਈ. ਡੀ. ਅਤੇ ਪਾਰਵਰਡ ਕਿਉਂ ਦਿੱਤਾ? ਕੀ ਆਈ. ਡੀ. ਅਤੇ ਪਾਸਵਰਡ ਦੇਣ ਪਿੱਛੇ ਉਨ੍ਹਾਂ ਦੀ ਕੋਈ ਨਿੱਜੀ ਦਿਲਚਸਪੀ ਲੁਕੀ ਹੋਈ ਸੀ ਜਾਂ ਫਿਰ ਕੰਮ ਦੇ ਬਕਾਏ ਨੂੰ ਤੁਰੰਤ ਨਿਪਟਾਉਣ ਦੇ ਚੱਕਰ ’ਚ ਉਨ੍ਹਾਂ ਨੇ ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮਾਂ ’ਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਇੰਨੀ ਮਹੱਤਵਪੂਰਨ ਜ਼ਿੰਮੇਦਾਰੀ ਸੌਂਪੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਵਿਭਾਗ ਕੇਸ ਦੀ ਜਡ਼੍ਹ ਤੱਕ ਪੁੱਜਣ ਲਈ ਏ. ਟੀ. ਓ. ਅਮਰੀਕ ਸਿੰਘ ਤੋਂ ਵੀ ਪੁੱਛਗਿੱਛ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਗਲਤ ਲਾਇਸੈਂਸਾਂ ਨੂੰ ਮਨਜ਼ੂਰ ਕਰਨ ਵਿਚ ਹੋਈ ਹੈ।
ਪੁਲਸ ਕਮਿਸ਼ਨਰ ਦੇ ਨਾਨਵੈੱਜ ਦੀਅਾਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਹੁਕਮ ਦੀ ਨਹੀਂ ਹੋਈ ਪਾਲਣਾ
NEXT STORY