ਸੰਗਰੂਰ, (ਜ.ਬ.)- ਅੱਜ ਇਥੇ ਜ਼ਿਲਾ ਖਜ਼ਾਨਾ ਦਫਤਰ ਅੱਗੇ ਸਰਕਾਰੀ-ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ, ਆਰਜ਼ੀ, ਦਿਹਾਡ਼ੀਦਾਰ ਅਤੇ ਠੇਕਾ ਅਾਧਾਰਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਡ਼ਕਦੀ ਠੰਡ ਦੇ ਬਾਵਜੂਦ ਬਾਜ਼ਾਰਾਂ ’ਚ ਨਾਅਰੇਬਾਜ਼ੀ ਕਰਦਿਆਂ ਨੰਗੇ ਪਿੰਡੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਅਰਥੀ ਵੀ ਫੂਕੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਨਰਲ ਸਾਥੀ ਰਣਜੀਤ ਸਿੰਘ ਰਾਣਵਾਂ ਜ਼ਿਲਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ, ਚੇਅਰਮੈਨ ਜੀਤ ਸਿੰਘ ਬੰਗਾ, ਪ. ਸ. ਸ. ਫ. ਜ਼ਿਲਾ ਪ੍ਰਧਾਨ ਸੀਤਾ ਰਾਮ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਆਰਥਕ ਨੀਤੀਆਂ ਕਾਰਨ ਦਰਜਾਚਾਰ ਅਤੇ ਠੇਕਾ ਅਾਧਾਰਤ ਮੁਲਾਜ਼ਮਾਂ ਸਮੇਤ ਕਿਰਤੀ ਵਰਗ ਦਾ ਜਿਊਣਾ ਦੁੱਭਰ ਹੋ ਰਿਹਾ ਹੈ, ਰਾਜਗੱਦੀ ਹਥਿਆਉਣ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਦਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਭੱਜ ਗਏ ਹਨ, ਗਰੀਬ ਪਰਿਵਾਰਾਂ ਚੋਂ ਆਏ ਦਰਜਾਚਾਰ ਅਤੇ ਠੇਕਾ ਅਾਧਾਰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਮ ਕਰ ਕੇ ਅਤੇ ਕਿਰਤੀ ਵਰਗ ਦੀ ਖਰੀਦ ਸ਼ਕਤੀ ਖਤਮ ਕਰ ਕੇ ਆਰਥਕ ਗੁਲਾਮੀ ਦੇ ਹਨੇਰੇ ਭਵਿੱਖ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬ ਦੇ ਸਰਮਾਏਦਾਰਾਂ, ਜਗੀਰਦਾਰਾਂ, ਵੱਡੇ ਟਰਾਂਸਪੋਰਟਰਾਂ ਅਤੇ ਅਾਪਣੇ ਵਜ਼ੀਰਾਂ ਨੂੰ ਵੱਡੀਆਂ ਸਹੂਲਤਾਂ ਜਾਰੀ ਰੱਖ ਕੇ ਸਿਰਫ ਅਮੀਰਾਂ ਅਤੇ ਵਜ਼ੀਰਾਂ ਦਾ ਆਰਥਕ ਵਿਕਾਸ ਕੀਤਾ ਜਾ ਰਿਹਾ ਹੈ। ਸੂਬਾਈ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਗੱਲਬਾਤ ਦੇ ਸਾਰੇ ਰਸਤੇ ਬੰਦ ਕਰ ਕੇ ਪੂਰੇ ਅਮਨ-ਹੱਕੀ ਮੁਲਾਜ਼ਮ ਸੰਘਰਸ਼ਾਂ ਨੂੰ ਕੁੱਚਲਣ ਲਈ ਤਸ਼ੱਦਦ ਦਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਮਜਬੂਰਨ ‘ਮਰਨ –ਵਰਤ’ ਜਿਹੇ ਤਿੱਖੇ ਸੰਘਰਸ਼ਾਂ ਦੇ ਰਾਹ ਪੈਣਾ ਪੈ ਰਿਹਾ ਹੈ। ਦਿਹਾਡ਼ੀਦਾਰ, ਆਰਜ਼ੀ, ਐਡਹਾਕ ਅਤੇ ਠੇਕਾ ਅਾਧਾਰਤ ਸੇਵਾ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਰੈਗੂਲਾਈਜ਼ੇਸ਼ਨ ਐਕਟ- 2016 ਲਾਗੂ ਨਹੀਂ ਕੀਤਾ ਜਾ ਰਿਹਾ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਅਤੇ ਅੰਤ੍ਰਿਮ ਰਿਲੀਫ ਦੇ ਕੇ 1-1-2016 ਤੋਂ 125 ਫੀਸਦੀ ਡੀ. ਏ. ਬੇਸਿਕ ਪੇਅ ’ਚ ਮਰਜ ਕਰਨ ਤੋਂ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ,ਮਹਿੰਗਾਈ ਭੱਤੇ ਦੀਆਂ ਡੀ. ਓ. ਚਾਰ ਕਿਸ਼ਤਾਂ ਅਤੇ ਬਣਦਾ ਬਕਾਇਆ ਦੇਣ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਖਜ਼ਾਨਾ ਮੁਲਾਜ਼ਮਾਂ ਲਈ ਖਾਲੀ ਹੈ, ਅਮੀਰਾਂ ਨੂੰ ਸੁੱਖ ਸਹੂਲਤਾਂ ਜਾਰੀ ਰੱਖਣ ਲਈ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਤੋਂ ਵੀ 2400 ਰੁਪਏ ਸਾਲਾਨਾ ਜਜੀਆ ਟੈਕਸ ਉਗਰਾਇਆ ਜਾ ਰਿਹਾ ਹੈ, ਬਰਾਬਰ ਕੰਮ ਬਰਾਬਰ ਤਨਖਾਹ ਦੇਣ ਸਬੰਧੀ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ ,1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਵਰਦੀਆਂ ਦਾ ਬਜਟ ਜਾਰੀ ਕਰਨਾ, 1-1-2015 ਤੋਂ ਮੁਢਲੀ ਤਨਖਾਹ ’ਚ ਭਰਤੀ ਕਰਨ ਦਾ ਫੈਸਲਾ ਵਾਪਸ ਲੈ ਕੇ ਪੂਰੀ ਤਨਖਾਹ + ਭੱਤੇ ਲਾਗੂ ਕਰਨਾ ਆਦਿ ਮੰਗਾਂ ਜਿਉਂ ਦੀਆਂ ਤਿਉਂ ਪਈਆਂ ਹਨ। ਮੁਲਾਜ਼ਮਾਂ ਦੀਆਂ ਸੇਵਾ ਮੁਕਤੀ ਉਪਰੰਤ ਅਦਾਇਗੀਆਂ, ਜੀ. ਪੀ. ਫੰਡ ਅੈਡਵਾਂਸ, ਮੈਡੀਕਲ ਰਿੰਮਬਰਸਮਿੰਟਾਂ ਅਤੇ ਏਰੀਅਰ ਦੀਆਂ ਅਦਾਇਗੀਆਂ ’ਤੇ ਪਾਬੰਦੀ ਲਾ ਰੱਖੀ ਹੈ। ਖਜ਼ਾਨਾ ਦਫਤਰਾਂ ਵਿਚ ਭ੍ਰਿਸ਼ਟਾਚਾਰ ਵਧ ਰਿਹਾ ਹੈ, ਸਾਥੀ ਰਣਜੀਤ ਸਿੰਘ ਰਾਣਵਾਂ ਅਤੇ ਸਾਥੀ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਪ੍ਰਤੀ ਕੈਪਟਨ ਸਰਕਾਰ ਦਾ ਧਿਆਨ ਖਿੱਚਣ ਲਈ ਅਤੇ ਸਰਕਾਰੀ ਤਸ਼ੱਦਦ ਨੂੰ ਰੋਕਣ ਲਈ ਕਰੋ ਜਾਂ ਮਰੋ ਦਾ ਸੰਘਰਸ਼ ਅਾਰੰਭਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਪੰਜਾਬ ਦੇ ਦਰਜਾਚਾਰ ਅਤੇ ਠੇਕਾ ਅਾਧਾਰਤ ਮੁਲਾਜ਼ਮਾਂ ਵੱਲੋ ਅੱਜ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਾਰੇ ਪੰਜਾਬ ਦੇ ਜ਼ਿਲਾ ਖਜ਼ਾਨਾ ਦਫਤਰਾਂ ਅੱਗੇ ਨੰਗੇ ਪਿੰਡੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਕੱਲ ਦੂਸਰੇ ਦਿਨ 14 ਦਸੰਬਰ ਨੂੰ ਪੰਜਾਬ ਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਐਕਸ਼ਨ ਕਮੇਟੀ ਅਤੇ ਪ.ਸ.ਸ.ਫ ਦੀ ਅਗਵਾਈ ’ਚ ਰਾਜ ਭਰ ’ਚ ਜ਼ਿਲਾ ਸਦਰ ਮੁਕਾਮਾਂ ’ਤੇ ਰੋਸ ਰੈਲੀਆਂ ਅਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ, ਜਿਸ ’ਚ ਸਮੂਹ ਵਿਭਾਗਾਂ ਦੇ ਦਰਜਾਚਾਰ ਦਿਹਾਡ਼ੀਦਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। 20 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਜਥੇਬੰਦਕ ਕਨਵੈਨਸ਼ਨ ਦੌਰਾਨ ‘ਮਰਨ ਵਰਤ’ ਸ਼ੁਰੂ ਦਾ ਸਮਾਂ ਅਤੇ ਸਥਾਨ ਐਲਾਨ ਕਰ ਦਿੱਤਾ ਜਾਵੇਗਾ। ਅੱਜ ਦੀ ਰੈਲੀ ਮੌਕੇ ਜ਼ਿਲੇ ਦੇ ਆਗੂ ਅਮਰਜੀਤ ਸਿੰਘ ,ਬਿੱਕਰ ਸਿੰਘ ਸਿੱਬੀਆ, ਹੰਸਰਾਜ ਦੀਦਾਰਗਡ਼੍ਹ, ਰਮੇਸ਼ ਕੁਮਾਰ (ਹੈਲਥ), ਦਰਵਾਰਾ ਸਿੰਘ (ਬਾਗਵਾਨੀ) ਗੁਰਤੇਜ ਰਾਮ ਸ਼ਰਮਾ, ਇੰਦਰ ਸ਼ਰਮਾ, ਸ਼ਰੀਫ ਮੁਹੰਮਦ (ਨਹਿਰੀ) ਸ਼ਮਸ਼ੇਰ ਸਿੰਘ ਉਪੋਕੀ ਕੇਵਲ ਸਿੰਘ ਗੁੱਜਰਾ ਗਮਧੂਰ ਸਿੰਘ, ਨਾਜਰ ਸਿੰਘ (ਜੰਗਲਾਤ),ਹਰੀਸ਼ ਅਰੋਡ਼ਾ,ਗੁਰਮੀਤ ਸਿੰਘ ਮਿੱਡਾ(ਖੁਰਾਕ ਸਪਲਾਈਜ਼)ਗੁਰਮੇਲ ਸਿੰਘ(ਸਿੱਖਿਆ) ਕਰਮ ਸਿੰਘ “ਕਾਲਜ’’ ਨੇਤਰ ਸਿੰਘ (ਲੋ.ਨਿ:ਵਿ:)ਜਗਰੂਪ ਸਿੰਘ ਡੀ.ਸੀ.ਦਫਤਰ,ਅਮਰੀਕ ਸਿੰਘ, ਬਲਦੇਵ ਹਥਨ, ਰਕੇਸ਼ ਪਰੋਚਾ (ਜਲ ਸਪਲਾਈ)ਸੁਖਦੇਵ , ਸੁਖਦੇਵ ਸੁਨਾਮ ,ਭਗਵਾਨ ਅਹਿਮਦਗਡ਼੍ਹ, ਸ਼ਿਸ਼ਨਦਾਸ ਸੁਨਾਮ, ਦਲਵਾਰਾ ਸਿੰਘ (ਪਨਸਪ)ਤੋਤਾ ਖਾਂ (ਵਿਅਰ ਹਾਊਸ)ਵੀ ਹਾਜ਼ਰ ਸਨ ।
ਖੇਤ ਦੀ ਮੋਟਰ ਵਾਲੀ ਕੋਠੀ ’ਚੋਂ ਸਾਮਾਨ ਚੋਰੀ, 2 ਖਿਲਾਫ ਮਾਮਲਾ ਦਰਜ
NEXT STORY