ਮੋਗਾ (ਗੋਪੀ ਰਾਊਕੇ)—ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਕਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ ਦੀ ਯੋਗ ਅਗਵਾਈ ਹੇਠ ਅੱਜ ਭਾਸ਼ਾ ਵਿਭਾਗ ਦੀ ਚਾਰ ਮੈਂਬਰੀ ਟੀਮ ਨੇ ਦਫਤਰੀ ਕੰਮ-ਕਾਜ ਪੰਜਾਬੀ ਭਾਸ਼ਾ 'ਚ ਕਰਨ ਨੂੰ ਯਕੀਨੀ ਬਣਾਉਣ ਲਈ ਮੋਗਾ ਦੇ ਵੱਖ-ਵੱਖ ਦਫਤਰਾਂ ਦੀ ਸਪੈਸ਼ਲ ਚੈਕਿੰਗ ਕੀਤੀ। ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ ਜੋ ਕਿ ਸਹਾਇਕ ਡਾਇਰੈਕਟਰ ਹਰਭਜਨ ਕੌਰ, ਖੋਜ਼ ਅਫਸਰ ਪ੍ਰਵੀਨ ਕੁਮਾਰ ਅਤੇ ਜੂਨੀਅਰ ਸਹਾਇਕ ਗਰਮੇਲ ਸਿੰਘ ਨਾਲ ਇਥੇ ਪਹੁੰਚੇ ਅਤੇ ਉਨ੍ਹਾਂ ਆਬਕਾਰੀ ਤੇ ਕਰ ਵਿਭਾਗ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ, ਸੁਵਿਧਾ ਕੇਂਦਰ, ਨਗਰ ਨਿਗਮ ਅਤੇ ਸਿਵਲ ਸਰਜਨ ਦਫਤਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ।
ਉਨ੍ਹਾਂ ਵਿਭਾਗਾਂ ਦੀ ਚੈਕਿੰਗ ਕਰਨ ਤੋਂ ਪਹਿਲਾਂ ਜ਼ਿਲੇ ਦੇ ਸਰਕਾਰੀ ਦਫਤਰਾਂ 'ਚ ਪੰਜਾਬੀ ਭਾਸ਼ਾ 'ਚ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ 'ਹਿਮਜ਼ ਆਫ ਗੁਰੂ ਨਾਨਕ' ਨਾਂ ਦੀ ਪੁਸਤਕ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਸਬੰਧਤ ਹੈ, ਵੀ ਭੇਟ ਕੀਤੀ, ਜਿਸ 'ਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਗਰੇਜੀ ਦੇ ਨਾਲ-ਨਾਲ ਪੰਜਾਬੀ 'ਚ ਵੀ ਅਨੁਵਾਦ ਕੀਤਾ ਗਿਆ ਹੈ। ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਪੰਜਾਬੀ ਭਾਸ਼ਾ 'ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਾਲਾਨਾ ਤਰੱਕੀ ਰੋਕੀ ਜਾ ਸਕਦੀ ਹੈ। ਉਨ੍ਹਾਂ ਦਫਤਰਾਂ ਦੇ ਬਾਹਰ ਲੱਗੇ ਅਧਿਕਾਰੀਆਂ ਦੇ ਨਾਂ ਦੀ ਪਲੇਟ ਅਤੇ ਦਫਤਰਾਂ ਦੇ ਅੰਦਰ ਲੱਗੀ ਅਫਸਰਾਂ ਦੇ ਨਾਮਾਂ ਦੀ ਸੂਚੀ ਨੂੰ ਵੀ ਪੰਜਾਬੀ 'ਚ ਲਿਖਵਾਉਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਕਸਰ ਵੇਖਣ 'ਚ ਆਇਆ ਹੈ ਜਿਆਦਾਤਰ ਵਿਭਾਗਾਂ ਵੱਲੋ ਆਪਣੀਆਂ ਵੈੱਬਸਾਈਟਾਂ ਅੰਗਰੇਜੀ 'ਚ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੀਆਂ ਵੈੱਬਸਾਈਟਾਂ ਅੰਰਗੇਜੀ ਦੇ ਨਾਲ-ਨਾਲ ਪੰਜਾਬੀ 'ਚ ਵੀ ਬਣਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸੁਵਿਧਾ ਸੈਂਟਰ ਦੀ ਚੈਕਿੰਗ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੁਵਿਧਾ ਸੈਂਟਰ ਦੇ ਮੇਨ ਗੇਟ 'ਤੇ ਲੱਗੇ ਬੋਰਡ 'ਚ ਲਿਖੇ ਸੁਵਿਧਾ ਸੈਂਟਰ ਨੂੰ ਪੰਜਾਬੀ ਭਾਸ਼ਾ 'ਚ ਸਭ ਤੋਂ ਉੱਪਰ ਲਿਖਣ।
ਉਨ੍ਹਾਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ, ਸਿਵਲ ਸਰਜਨ ਦਫਤਰ ਅਤੇ ਨਗਰ ਨਿਗਮ ਦੇ ਦਫਤਰਾਂ 'ਚ ਅੰਗਰੇਜੀ 'ਚ ਹੋਣ ਵਾਲੇ ਕੰਮਾਂ ਨੂੰ ਪੰਜਾਬੀ 'ਚ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਹਰ ਪੰਜਾਬੀ ਦਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੋਰਨਾਂ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਵੀ ਜ਼ਰੂਰੀ ਪੜ੍ਹਾਉਣ। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਦਫਤਰਾਂ 'ਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਵਿਭਾਗ ਵੱਲੋਂ ਲਗਾਤਾਰ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਸੰਗਰੂਰ 'ਚ ਪਏ ਮੀਂਹ ਨੇ ਖੋਲ੍ਹੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ
NEXT STORY